ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਬੁੱਧਵਾਰ ਲੰਘੇ 20 ਦਸੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣਾ ਸਲਾਨਾ ਡਿਨਰ ਸਮਾਗ਼ਮ ਪਰਿਵਾਰਾਂ ਸਮੇਤ 2250 ਬੋਵੇਰਡ ਡਰਾਈਵ (ਈਸਟ) ਸਥਿਤ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਮੀਟਿੰਗ-ਹਾਲ ਵਿਚ ਕਰਵਾਇਆ ਗਿਆ। ਸਭਾ ਦੇ ਕੋ-ਆਰਡੀਨੇਟਰ ਸੁਖਦੇਵ ਸਿੰਘ ਝੰਡ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ਰਸਮੀ ‘ਜੀ ਆਇਆਂ’ ਕਹਿਣ ਅਤੇ ਇਸ ਸਮਾਗ਼ਮ ਦੀ ਰੂਪ-ਰੇਖਾ ਦੱਸਣ ਉਪਰੰਤ ਮੰਚ ਕੁਲਦੀਪ ਆਹਲੂਵਾਲੀਆ ਦੇ ਹਵਾਲੇ ਕੀਤਾ ਗਿਆ ਜਿਸ ਨੇ ਪ੍ਰੋਗਰਾਮ ਨੂੰ ਆਪਣੇ ਹਿਸਾਬ ਨਾਲ ਤਰਤੀਬ ਦਿੰਦਿਆਂ ਹੋਇਆਂ ਹਾਜ਼ਰੀਨ ਵਿਚ ਸ਼ਾਮਲ ਹਰੇਕ ਨੂੰ ਸਟੇਜ ‘ਤੇ ਆ ਕੇ ਕੁਝ ਨਾ ਕੁਝ ਕਹਿਣ ਲਈ ਕਿਹਾ। ਜਿੱਥੇ ਭੁਪਿੰਦਰ ਦੁਲੇ, ਗਿਆਨ ਸਿੰਘ ਦਰਦੀ, ਕੁਲਜੀਤ ਮਾਨ, ਪਰਮਜੀਤ ਢਿੱਲੋਂ, ਪਰਮਜੀਤ ਗਿੱਲ, ਮਕਸੂਦ ਚੌਧਰੀ, ਬਸ਼ੱਰਤ ਰੇਹਾਨ, ਹਮੀਦੀ ਸਾਹਿਬ, ਮਹਿਮੂਦ ਮੰਗਲਾ, ਡਾ. ਜਗਮੋਹਨ ਸੰਘਾ, ਹਰਦਿਆਲ ਝੀਤਾ, ਪਰਮਜੀਤ ਦਿਓਲ, ਦਲਜੀਤ ਕੌਰ, ਹਰਜਸਪ੍ਰੀਤ ਗਿੱਲ, ਬਲਜੀਤ ਧਾਲੀਵਾਲ ਅਤੇ ਕਈ ਹੋਰਨਾਂ ਨੇ ਆਪਣੀਆਂ ਗਜ਼ਲਾਂ, ਨਜ਼ਮਾਂ ਤੇ ਗੀਤ ਸੁਣਾਏ, ਉੱਥੇ ਡਾ. ਅਮਰਜੀਤ ਸਿੰਘ ਬਨਵੈਤ ਨੇ ਆਪਣੀ ਨਨਕਾਣਾ ਸਾਹਿਬ ਤੇ ਲਾਹੌਰ ਦੀ ਦਿਲਚਸਪ ਯਾਤਰਾ ਅਤੇ ਪਾਕਿਸਤਾਨੀ ਸਾਥੀਆਂ ਦੀ ਪੁਰ-ਖ਼ਲੂਸ ਮਹਿਮਾਨ-ਨਿਵਾਜ਼ੀ ਦਾ ਜ਼ਿਕਰ ਕੀਤਾ। ਦਰਸ਼ਨ ਸਿੰਘ ਗਰੇਵਾਲ ਨੇ ਆਪਣੀ ਇਕ ਹੱਡ-ਬੀਤੀ ਘਟਨਾ ਦੱਸੀ, ਮਹਿੰਦਰ ਸਿੰਘ ਵਾਲੀਆ ਨੇ ਜੀਵਨ ਵਿਚਲੀਆਂ ਸੱਚਾਈਆਂ ਦੇ ਆਧਾਰਿਤ ਖ਼ੂਬਸੂਰਤ ‘ਟੋਟਕੇ’ ਸੁਣਾਏ ਅਤੇ ਪ੍ਰੋ.ਰਾਮ ਸਿੰਘ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਇਸ਼ਕ-ਮਿਜਾਜ਼ੀ ਤੇ ਇਸ਼ਕ-ਹਕੀਕੀ ਦੀ ਗੱਲ ਕੀਤੀ।
ਇਸ ਪ੍ਰੋਗਰਾਮ ਦਾ ਦੂਸਰਾ ਅਹਿਮ-ਪੱਖ ਇਸ ਵਿਚ ਹਰਿਆਣਾ-ਵਾਸੀ ਉੱਘੀ ਰੇਡੀਓ-ਸੰਚਾਲਕ ਅਤੇ ਕਵਿੱਤਰੀ ਛਿੰਦਰ ਕੌਰ ਸਿਰਸਾ ਜੋ ਇਨ੍ਹਾਂ ਗਰਮੀਆਂ ਦੇ ਮੌਸਮ ਵਿਚ ਇੱਥੇ ਇਕ ਮਹੀਨੇ ਲਈ ਟੂਰ ‘ਤੇ ਆਏ ਸਨ, ਦਾ ਨਵ-ਪ੍ਰਕਾਸ਼ਿਤ ਸਫ਼ਰਨਾਮਾ ‘ਕੈਨੇਡਾ ਦੇ ਸੁਪਨਮਈ ਦਿਨ’ ਸਭਾ ਦੀ ਕਾਰਜਕਾਰਨੀ ਦੇ ਮੈਂਬਰਾਂ ਅਤੇ ਮੈਡਮ ਸਿਰਸਾ ਦੇ ਪਰਿਵਾਰਿਕ ਮੈਂਬਰਾਂ, ਜਿਨ੍ਹਾਂ ਵਿਚ ਉਨ੍ਹਾਂ ਦਾ ਇੱਥੇ ਪੜ੍ਹਦਾ ਬੇਟਾ ਮਨਮੀਤ ਸਿੰਘ ਝੀਤਾ ਵੀ ਸ਼ਾਮਲ ਸੀ, ਵੱਲੋਂ ਮਿਲ ਕੇ ਲੋਕ-ਅਰਪਿਤ ਕੀਤਾ ਗਿਆ। ਇਸ ਮੌਕੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਮਲੂਕ ਸਿੰਘ ਕਾਹਲੋਂ ਅਤੇ ਹਰਦਿਆਲ ਝੀਤਾ ਵੱਲੋਂ ਦਿੱਤੀ ਗਈ। ਮਨਮੀਤ ਨੇ ਆਪਣੀ ਮੰਮੀ ਦੀ ਪੁਸਤਕ ਇਸ ਭਰਪੂਰ ਸਮਾਗ਼ਮ ਵਿਚ ਰੀਲੀਜ਼ ਕਰਨ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮੂਹ ਮੈਂਬਰਾਂ ਅਤੇ ਸਾਰੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ।
ਇਸ ਮੌਕੇ ਇੱਥੇ ਸਮਾਜ-ਸੇਵਾ ਵਿਚ ਅਹਿਮ ਯੋਗਦਾਨ ਪਾਉਣ ਲਈ ਸਭਾ ਵੱਲੋਂ ਸ.ਹਰਜਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਵਜੋਂ ਇਕ ਸ਼ਾਨਦਾਰ ਟਰਾਫ਼ੀ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਏਸੇ ਦੌਰਾਨ ਮਲੂਕ ਸਿੰਘ ਕਾਹਲੋਂ ਦੇ ਪੋਤਰੇ ਜ਼ੋਰਾਵਰ ਸਿੰਘ ਦਾ ਤੀਸਰਾ ਜਨਮ-ਦਿਨ ਕੇਕ ਕੱਟ ਕੇ ਮਨਾਇਆ ਗਿਆ। ਸਮਾਗ਼ਮ ਵਿਚ ਹਾਜ਼ਰ ਸ਼ਖ਼ਸੀਅਤਾਂ ਵਿਚ ਸਭਾ ਦੇ ਚੇਅਰਮੈਨ ਬਲਰਾਜ ਚੀਮਾ, ਅਜੀਤ ਸਿੰਘ ਲਾਇਲ, ਪਿਆਰਾ ਸਿੰਘ ਕੁੱਦੋਵਾਲ, ਤਲਵਿੰਦਰ ਮੰਡ, ਇਕਬਾਲ ਬਰਾੜ, ਸੰਨੀ ਸ਼ਿਵਰਾਜ, ਬੇਅੰਤ ਸਿੰਘ ਬਿਰਦੀ, ਸੁਰਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਝੀਤਾ, ਗੁਰਚੇਤਨ ਸਿੰਘ ਧੰਮੂ, ਵੀ.ਪੀ. ਸਿੰਘ ਕਾਹਲੋਂ, ਸੰਤ ਸਿੰਘ, ਬਸੰਤ ਸਿੰਘ, ਸਤਪਾਲ ਕੌਰ ਝੀਤਾ, ਤਨਵੀਰ ਕੌਰ ਪਾਲੀ, ਜਗਦੀਸ਼ ਕੌਰ ਝੰਡ, ਪ੍ਰਦੀਪ ਕੌਰ ਮੰਡ, ਅਨੂ ਕਾਹਲੋਂ ਅਤੇ ਕਈ ਹੋਰ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …