Breaking News
Home / ਪੰਜਾਬ / ਔਰਤਾਂ ‘ਤੇ ਅੱਤਿਆਚਾਰ ਕਰਨ ਦੇ ਮਾਮਲੇ ‘ਚ 24ਵੇਂ ਨੰਬਰ ‘ਤੇ ਹੈ ਪੰਜਾਬ

ਔਰਤਾਂ ‘ਤੇ ਅੱਤਿਆਚਾਰ ਕਰਨ ਦੇ ਮਾਮਲੇ ‘ਚ 24ਵੇਂ ਨੰਬਰ ‘ਤੇ ਹੈ ਪੰਜਾਬ

ਪੰਜਾਬ ‘ਚ ਤਿੰਨ ਸਾਲਾਂ ਤੋਂ ਘਟ ਰਹੀ ਹੈ ਜਬਰ-ਜ਼ਨਾਹ ਦੀ ਦਰ

ਗੁਰਦਾਸਪੁਰ : ਬੇਸ਼ੱਕ ਪੰਜਾਬ ਵਿਚ ਆਏ ਦਿਨ ਬਲਾਤਕਾਰ ਅਤੇ ਔਰਤਾਂ ‘ਤੇ ਅੱਤਿਆਚਾਰ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਜੇਕਰ ਪਿਛਲੇ ਤਿੰਨ ਸਾਲਾ ਦੌਰਾਨ ਸਮੁੱਚੇ ਦੇਸ਼ ਅੰਦਰ ਔਰਤਾਂ ‘ਤੇ ਅੱਤਿਆਚਾਰ ਦੀ ਘੋਖ ਕਰੀਏ ਤਾਂ ਪੰਜਾਬ ਅੰਦਰ ਅਜਿਹੇ ਜੁਰਮਾਂ ਵਿਚ ਕੁਝ ਗਿਰਾਵਟ ਆਈ ਹੈ। ਦੂਜੇ ਪਾਸੇ ਪੰਜਾਬ ਦੇ ਬਿਲਕੁਲ ਨਾਲ ਲੱਗਦੇ ਜਿਸ ਸੂਬੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਆ ਕੇ ‘ਬੇਟੀ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਉਸ ਹਰਿਆਣੇ ਅੰਦਰ ਔਰਤਾਂ ‘ਤੇ ਤਸ਼ੱਦਦ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਔਰਤਾਂ ‘ਤੇ ਕੀਤੇ ਗਏ ਅੱਤਿਆਚਾਰ ਦੇ ਕੇਸਾਂ ਦੀ ਘੋਖ ਕਰਨ ‘ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਕੀਤੇ ਗਏ ਬਹੁਤ ਘੱਟ ਦੋਸ਼ੀ ਸਜ਼ਾਵਾਂ ਦੇ ਭਾਗੀਦਾਰ ਬਣਦੇ ਹਨ, ਜਦੋਂ ਕਿ ਬਹੁ-ਗਿਣਤੀ ਦੋਸ਼ੀ ਆਸਾਨੀ ਨਾਲ ਕੇਸਾਂ ਵਿਚੋਂ ਬਚ ਨਿਕਲਦੇ ਹਨ। ਕੌਮੀ ਜੁਰਮ ਰਿਕਾਰਡ ਬਿਊਰੋ ਵੱਲੋਂ ਪਿਛਲੇ ਸਾਲ ਦੇ ਅੰਤ ਤੱਕ ਦੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਪੰਜਾਬ ਅੰਦਰ 2016 ਵਿਚ ਔਰਤਾਂ ‘ਤੇ ਅੱਤਿਆਚਾਰ ਅਤੇ ਬਲਾਤਕਾਰ ਆਦਿ ਨਾਲ ਸਬੰਧਤ ਕੁਲ 5105 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਸਨ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਸਨ। ਇਸ ਕਾਰਨ ਪੰਜਾਬ ਦੇਸ਼ ਭਰ ਅੰਦਰ ਔਰਤਾਂ ‘ਤੇ ਕੀਤੇ ਜਾਣ ਵਾਲੇ ਅੱਤਿਆਚਾਰ ਦੇ ਮਾਮਲੇ ਵਿਚ 24ਵੇਂ ਸਥਾਨ ‘ਤੇ ਹੈ। ਦੂਜੇ ਪਾਸੇ ਹਰਿਆਣੇ ਅੰਦਰ ਪਿਛਲੇ ਸਾਲ ਅਜਿਹੇ 9839 ਮਾਮਲੇ ਦਰਜ ਹੋਣ ਕਾਰਨ ਹਰਿਆਣਾ ਪੂਰੇ ਦੇਸ਼ ਵਿਚ 6ਵੇਂ ਸਥਾਨ ‘ਤੇ ਪਹੁੰਚ ਚੁੱਕਾ ਹੈ।

ਸਿਰਫ਼ 19 ਫ਼ੀਸਦੀ ਦੋਸ਼ੀਆਂ ਨੂੰ ਹੀ ਮਿਲੀ ਸਜ਼ਾ

ਰਿਪੋਰਟ ਮੁਤਾਬਕ ਪਿਛਲੇ ਸਾਲ ਦੇਸ਼ ਭਰ ਵਿਚ ਔਰਤਾਂ ‘ਤੇ ਹੋਣ ਵਾਲੇ ਜੁਰਮਾਂ ਨਾਲ ਸਬੰਧਤ ਸਿਰਫ਼ 19 ਫ਼ੀਸਦੀ ਮਾਮਲਿਆਂ ਵਿਚ ਨਾਮਜ਼ਦ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕੀਆਂ ਸਨ, ਜਦੋਂ ਕਿ ਬਾਕੀ ਦੇ ਨਾਮਜ਼ਦ ਦੋਸ਼ੀ ਸਬੂਤਾਂ ਦੀ ਘਾਟ ਜਾਂ ਹੋਰ ਕਾਨੂੰਨੀ ਦਾਅ-ਪੇਚਾਂ ਕਾਰਨ ਬਚ ਨਿਕਲੇ।

ਇਸ ਤੋਂ ਪਿਛਲੇ ਸਾਲ 21.7 ਫ਼ੀਸਦੀ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਜਾ ਸਕੀਆਂ। ਪੰਜਾਬ ਅੰਦਰ ਪਿਛਲੇ ਸਾਲ ਦੌਰਾਨ ਕਰੀਬ 24.3 ਫ਼ੀਸਦੀ ਮਾਮਲਿਆਂ ਵਿਚ ਸਜ਼ਾਵਾਂ ਹੋਈਆਂ ਜਦੋਂ ਕਿ ਹਰਿਆਣਾ ਵਿਚ ਸਿਰਫ਼ 13.4 ਫ਼ੀਸਦੀ ਨਾਮਜ਼ਦ ਦੋਸ਼ੀ ਸਜ਼ਾਵਾਂ ਦੇ ਹੱਕਦਾਰ ਬਣਾਏ ਜਾ ਸਕੇ।

ਪੰਜਾਬ ਵਿਚ ਘਟੀ ਜਬਰ-ਜਨਾਹ ਦੀ ਗਿਣਤੀ

ਰਿਪੋਰਟ ਮੁਤਾਬਕ ਜਬਰ-ਜ਼ਨਾਹ ਦੇ ਮਾਮਲੇ ਵੀ ਪੰਜਾਬ ਵਿਚ ਘਟੇ ਹਨ, ਜਦੋਂ ਕਿ ਹਰਿਆਣੇ ਅੰਦਰ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਪੰਜਾਬ ਵਿਚ 2016 ਦੌਰਾਨ 838 ਮਾਮਲੇ ਸਾਹਮਣੇ ਆਏ ਜਦੋਂ ਕਿ 2015 ਦੌਰਾਨ ਇਨ੍ਹਾਂ ਦੀ ਗਿਣਤੀ 886 ਸੀ। ਦੂਜੇ ਪਾਸੇ ਹਰਿਆਣਾ ਵਿਚ 2015 ਦੌਰਾਨ ਜਬਰ-ਜ਼ਨਾਹ ਦੇ ਸਾਹਮਣੇ ਆਏ 1070 ਕੇਸਾਂ ਦੇ ਮੁਕਾਬਲੇ ਪਿਛਲੇ ਸਾਲ ਦੀ ਗਿਣਤੀ 1187 ਤੱਕ ਪਹੁੰਚ ਗਈ ਸੀ। ਇਸੇ ਤਰ੍ਹਾਂ ਸਮੂਹਿਕ ਜਬਰ-ਜ਼ਨਾਹ ਦੇ ਮਾਮਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ, ਜਿਸ ਤਹਿਤ ਹਰਿਆਣੇ ਅੰਦਰ 2015 ਦੌਰਾਨ ਇਨ੍ਹਾਂ ਦੀ ਗਿਣਤੀ 104 ਦੇ ਕਰੀਬ ਸੀ ਜੋ ਪਿਛਲੇ ਸਾਲ 2016 ਦੌਰਾਨ ਵਧ ਕੇ 191 ਤੱਕ ਪਹੁੰਚ ਗਈ, ਜੇਕਰ 12 ਸਾਲਾਂ ਤੋਂ ਛੋਟੀਆਂ ਬੱਚੀਆਂ ਦੇ ਜਬਰ-ਜ਼ਨਾਹ ਦੀ ਗੱਲ ਕੀਤੀ ਜਾਵੇ ਤਾਂ ਹਰਿਆਣੇ ਅੰਦਰ 2016 ਦੌਰਾਨ ਅਜਿਹੀਆਂ ਕਰੀਬ 85 ਬੱਚੀਆਂ ਜਬਰ-ਜ਼ਨਾਹ ਦੀਆਂ ਸ਼ਿਕਾਰ ਹੋਈਆਂ ਜਦੋਂ ਕਿ 2015 ਦੌਰਾਨ ਇਨ੍ਹਾਂ ਦੀ ਗਿਣਤੀ ਕਰੀਬ 35 ਸੀ। ਪੰਜਾਬ ਅੰਦਰ 2015 ਦੌਰਾਨ 12 ਸਾਲਾਂ ਤੋਂ ਘੱਟ ਉਮਰ ਦੀਆਂ 33 ਦੇ ਕਰੀਬ ਬੱਚੀਆਂ ਜਬਰ-ਜ਼ਨਾਹ ਦੀਆਂ ਸ਼ਿਕਾਰ ਹੋਈਆਂ ਸਨ ਜਦੋਂ ਕਿ 2016 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 36 ਹੋ ਗਈ।

ਅਪਣਿਆਂ ਤੋਂ ਜ਼ਿਆਦਾ ਅਸੁਰੱਖਿਅਤ ਹਨ ਔਰਤਾਂ

ਇੰਦੌਰ : ਜਿਨਸੀ ਅਪਰਾਧਾਂ ਦੇ ਮਾਮਲੇ ਵਿਚ ਦੇਸ਼ ਦੀਆਂ ਬੱਚੀਆਂ ਅਤੇ ਔਰਤਾਂ ਪਰਾਏ ਲੋਕਾਂ ਦੇ ਮੁਕਾਬਲੇ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਤੋਂ ਕਿਤੇ ਜ਼ਿਆਦਾ ਅਸੁਰੱਖਿਅਤ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਤਾਜ਼ਾ ਰੀਪੋਰਟ ਸਮਾਜਕ ਗਿਰਾਵਟ ਦੇ ਇਸ ਰੁਖ਼ ਦੀ ਤਸਦੀਕ ਕਰਦੀ ਹੈ। ਇਸ ਦੇ ਅੰਕੜੇ ਦਸਦੇ ਹਨ ਕਿ ਸਾਲ 2016 ਵਿਚ ਬਲਾਤਕਾਰ ਦੇ 94.6 ਫ਼ੀਸਦੀ ਰਜਿਸਟਰਡ ਮਾਮਲਿਆਂ ਵਿਚ ਮੁਲਜ਼ਮ ਕੋਈ ਹੋਰ ਨਹੀਂ ਬਲਕਿ ਪੀੜਤਾਵਾਂ ਦੇ ਰਿਸ਼ਤੇਦਾਰ ਸਨ ਜਿਨ੍ਹਾਂ ਵਿਚ ਉਨ੍ਹਾਂ ਦੇ ਦਾਦਾ, ਪਿਤਾ, ਭਰਾ ਅਤੇ ਪੁੱਤਰ ਤੱਕ ਸ਼ਾਮਲ ਹਨ। ਰਿਪੋਰਟ ਅਨੁਸਾਰ ਭਾਰਤ ਵਿਚ ਬਲਾਤਕਾਰ ਦੇ ਕੁਲ 28,947 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ 36,859 ਮਾਮਲਿਆਂ ਵਿਚ ਪੀੜਤ ਬੱਚੀਆਂ ਅਤੇ ਔਰਤਾਂ ਦੇ ਜਾਣਕਾਰਾਂ ‘ਤੇ ਉਨ੍ਹਾਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਇਲਜ਼ਾਮ ਲੱਗੇ ਹਨ।

ਅਗਵਾ ਅਤੇ ਤਸ਼ੱਦਦ ਦੇ ਮਾਮਲੇ

ਪਿਛਲੇ ਸਾਲ ਦੌਰਾਨ ਪੰਜਾਬ ਅੰਦਰ ਅਗਵਾ ਕਰਨ ਦੇ ਕਰੀਬ 1208 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਹਰਿਆਣੇ ਵਿਚ ਅਗਵਾ ਕਰਨ ਦੀਆਂ ਕਰੀਬ 2697 ਵਾਰਦਾਤਾਂ ਹੋਈਆਂ। ਇਸੇ ਤਰ੍ਹਾਂ ਪੰਜਾਬ ਅੰਦਰ 2016 ਦੌਰਾਨ ਔਰਤਾਂ ਦੀ ਮਾਰ-ਕੁਟਾਈ ਅਤੇ ਹਮਲਾ ਕਰਨ ਦੇ ਕਰੀਬ 1025 ਮਾਮਲੇ ਦਰਜ ਕੀਤੇ ਗਏ ਸਨ ਜਦਕਿ ਹਰਿਆਣੇ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ 1860 ਦੇ ਕਰੀਬ ਸੀ।

ਦਾਜ ਸਬੰਧੀ ਕੇਸਾਂ ‘ਚ ਵੀ ਹਰਿਆਣਾ ਮੋਹਰੀ

ਔਰਤਾਂ ਨੂੰ ਦਾਜ ਕਾਰਨ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਵੀ ਹਰਿਆਣਾ ਪੰਜਾਬ ਨਾਲੋਂ ਕਾਫ਼ੀ ਅੱਗੇ ਹੈ, ਜਿੱਥੇ ਪਿਛਲੇ ਸਾਲ 260 ਮਾਮਲੇ ਦਰਜ ਕੀਤੇ ਗਏ, ਉਥੇ ਪੰਜਾਬ ਅੰਦਰ ਅਜਿਹੇ ਮਾਮਲਿਆਂ ਦੀ ਗਿਣਤੀ ਸਿਰਫ਼ 90 ਸੀ।

ਇਸੇ ਤਰ੍ਹਾਂ ਹੋਰ ਜੁਰਮਾਂ ਕਾਰਨ ਪੰਜਾਬ ਅੰਦਰ ਪਿਛਲੇ ਸਾਲ 111 ਮਾਮਲੇ ਦਰਜ ਹੋਏ ਜਦਕਿ ਹਰਿਆਣਾ ਦੇ ਥਾਣਿਆਂ ਵਿਚ 321 ਪਰਚੇ ਦਰਜ ਕੀਤੇ ਗਏ।

 

 

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …