ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡਰੱਗ ਕੇਸ ਵਿੱਚੋਂ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਮਲੇ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ 25 ਲੱਖ ਰੁਪਏ ਖਰਚ ਕਰਕੇ ਸੁਪਰੀਮ ਕੋਰਟ ਵਿੱਚ ਉਸ ਵਿਰੁੱਧ ਵਕੀਲ ਖੜ੍ਹਾ ਕੀਤਾ ਸੀ ਤਾਂ ਜੋ ਰਾਹਤ ਨਾ ਮਿਲ ਸਕੇ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਉਸ ਨੂੰ ਫਸਾਉਣ ਵਿੱਚ ਪੰਜਾਬ ਦੇ ਇਕ ਆਈਏਐਸ ਅਧਿਕਾਰੀ ਦਾ ਵੀ ਹੱਥ ਹੈ ਅਤੇ ਬਰਖਾਸਤ ਪੀਸੀਐਸ ਅਧਿਕਾਰੀ ਟੀ.ਕੇ. ਗੋਇਲ ਕੋਲ ਪੈਂਤੀ ਲੱਖ ਰੁਪਏ ਰਿਸ਼ਵਤ ਦੇਣ ਦੇ ਮਾਮਲੇ ਦੀ ਡੇਢ ਘੰਟੇ ਦੀ ਆਡੀਓ ਸੀਡੀ ਮੌਜੂਦ ਹੈ, ਜਿਸ ਰਾਹੀਂ ਇਸ ਰਾਸ਼ੀ ਦਾ ਪ੍ਰਬੰਧ ਕਰਨ ਵਾਲੇ ਨੂੰ ਵੀ ਬੇਨਕਾਬ ਕੀਤਾ ਜਾਵੇਗਾ। ਇੱਥੇ ਪੰਜਾਬ ਭਵਨ ਵਿੱਚ ਆਮ ਆਦਮੀ ਪਾਰਟੀ (ਆਪ) ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਸਮੇਤ ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਹੋਈ ਮੀਟਿੰਗ ਤੋਂ ਬਾਅਦ ਖਹਿਰਾ ਨੇ ਇਹ ਪ੍ਰੈੱਸ ਕਾਨਫਰੰਸ ਕੀਤੀ। ਇਸ ਤੋਂ ਪਹਿਲਾਂ ਮਾਨ ਅਤੇ ਖਹਿਰਾ ਨੇ ਇਕ ਦੂਜੇ ਨੂੰ ਲੱਡੂ ਖੁਆਏ।
ਇਹ ਸ਼ਾਇਦ ਆਪਸੀ ਸਿਆਸੀ ਕੁੜੱਤਣ ਦੂਰ ਕਰਨ ਦਾ ਯਤਨ ਸੀ। ਦੱਸਣਯੋਗ ਹੈ ਕਿ ਖਹਿਰਾ ਵਿਰੁੱਧ ਜਦੋਂ ਤੋਂ ਅਦਾਲਤ ਨੇ ਡਰੱਗ ਦੇ ਮੁੱਦੇ ਉਪਰ ਸੰਮਨ ਜਾਰੀ ਕੀਤਾ ਹੈ, ਉਸ ਦਿਨ ਤੋਂ ਇਹ ਦੋਵੇਂ ਆਗੂ ਇਕ ਸਟੇਜ ‘ਤੇ ਨਹੀਂ ਆਏ।
ਖਹਿਰਾ ਨੇ ਕਿਹਾ ਕਿ ਕੈਪਟਨ ਨੇ ਆਡੀਓ ਪ੍ਰਤੀ ਵਿਧਾਨ ਸਭਾ ਵਿੱਚ ਨਿੰਦਾ ਮਤਾ ਪਾਸ ਕਰਵਾ ਕੇ ਉਨ੍ਹਾਂ (ਖਹਿਰਾ ਤੇ ਬੈਂਸ ਭਰਾਵਾਂ) ਨੂੰ ਨਿਆਂਪਾਲਿਕਾ ਦੇ ਦੁਸ਼ਮਣ ਦੱਸ ਕੇ ਦਲਾਲਾਂ ਦੀ ਤਰਫ਼ਦਾਰੀ ਕੀਤੀ ਹੈ। ਉਨ੍ਹਾਂ ਧਮਕੀ ਦਿੱਤੀ ਕਿ ਜੇ ਚੰਡੀਗੜ੍ਹ ਪੁਲਿਸ ਨੇ ਆਡੀਓ ਸੀਡੀ ਬਾਬਤ ਤੁਰੰਤ ਐਫਆਈਆਰ ਦਰਜ ਨਾ ਕੀਤੀ ਤਾਂ ਉਹ ਹਾਈਕੋਰਟ ਦਾ ਕੁੰਡਾ ਖੜਕਾਉਣਗੇ।
ਇਸ ਮੌਕੇ ਖਹਿਰਾ ਨੇ 29 ਨਵੰਬਰ ਨੂੰ ਕੈਪਟਨ ਵਿਰੁੱਧ ਵਰਤੇ ਅਪਸ਼ਬਦ ਵਾਪਸ ਲੈ ਲਏ ਪਰ ਨਾਲ ਹੀ ਕਿਹਾ ਕਿ ਅਰੂਸਾ ਆਲਮ ਵਿਰੁੱਧ ਵਰਤੀ ਸ਼ਬਦਾਵਲੀ ਉਹ ਵਾਪਸ ਨਹੀਂ ਲੈਣਗੇ। ਵਿਰੋਧੀ ਧਿਰ ਦੇ ਆਗੂ ਨੇ ਕਾਂਗਰਸ ਅਤੇ ਅਕਾਲੀ ਦਲ ਵਿਰੁੱਧ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ ਕਿ ਉਹ ਅਜਿਹੇ ਲੋਕਾਂ ਤੋਂ ਮੁਆਫ਼ੀ ਨਹੀਂ ਮੰਗਣਗੇ। ਉਨ੍ਹਾਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਵੀ ਸਖ਼ਤ ਸ਼ਬਦਾਵਲੀ ਵਰਤੀ। ਇਸ ਮੌਕੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਮੀਤ ਹੇਅਰ, ਅਮਰਜੀਤ ਸਿੰਘ ਸੰਦੋਆ, ਕੰਵਰ ਸੰਧੂ, ਜਗਤਾਰ ਸਿੰਘ ਹੀਸੋਵਾਲ, ਹਰਪਾਲ ਸਿੰਘ ਚੀਮਾ ਅਤੇ ਜਗਦੇਵ ਸਿੰਘ ਕਮਾਲੂ ਹਾਜ਼ਰ ਸਨ।
ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਗਲੇ ਮਿਲੇ
ਲੰਘੇ ਦਿਨੀਂ ਪੀਡਬਲਿਊਡੀ ਮੰਤਰੀ ਰਜੀਆ ਸੁਲਤਾਨਾ ਦੇ ਪੁੱਤਰ ਦੇ ਵਿਆਹ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੋਵੇਂ ਮਹਿਮਾਨ ਸਨ। ਪੰਚਕੂਲਾ ਦੇ ਜਿਮਖਾਨਾ ਕਲੱਬ ‘ਚ ਹੋਏ ਵਿਆਹ ਸਮਾਰੋਹ ‘ਚ ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਪਹੁੰਚ ਗਏ ਅਤੇ ਉਹ ਉਥੇ ਅੱਧਾ ਘੰਟਾ ਰੁਕੇ ਪ੍ਰੰਤੂ ਜਦੋਂ ਸੁਖਬੀਰ ਸਿੰਘ ਬਾਦਲ ਜਾਣ ਲੱਗੇ ਤਾਂ ਸਾਹਮਣੇ ਤੋਂ ਕੈਪਟਨ ਅਮਰਿੰਦਰ ਸਿੰਘ ਆ ਗਏ। ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਗਾਇਆ, ਇਸ ਤੋਂ ਕੈਪਟਨ ਕਾਫ਼ੀ ਖੁਸ਼ ਹੋਏ ਅਤੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਾਫ਼ੀ ਦੇਰ ਆਪਣੇ ਗਲ ਨਾਲ ਲਗਾਈ ਰੱਖਿਆ। ਰਾਜਨੀਤਿਕ ਸਟੇਜਾਂ ‘ਤੇ ਭਾਵੇਂ ਇਹ ਦੋਵੇਂ ਸਿਆਸੀ ਨੇਤਾ ਇਕ-ਦੂਜੇ ਨੂੰ ਕੋਸਦੇ ਰਹਿੰਦੇ ਹਨ ਪ੍ਰੰਤੂ ਸਿਆਸੀ ਸਿਸ਼ਟਾਚਾਰ ‘ਚ ਕੋਈ ਵੀ ਪਿੱਛੇ ਨਹੀਂ ਹੈ।
ਚਹੇਤੇ ਅਫ਼ਸਰਾਂ ਦੀ ਭਾਲ ‘ਚ ਸਿੱਧੂ ਤੇ ਚੰਨੀ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਵਿਭਾਗਾਂ ਤੋਂ ਉਨ੍ਹਾਂ ਸਾਰੇ ਅਫ਼ਸਰਾਂ ਦੀਆਂ ਬਦਲੀਆਂ ਕਰਵਾ ਦਿੱਤੀਆਂ ਹਨ ਜੋ ਉਨ੍ਹਾਂ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਦੀ ਜਗ੍ਹਾ ਇਨ੍ਹਾਂ ਨੇ ਆਪਣੇ ਚਹੇਤੇ ਅਫ਼ਸਰਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਮੇਂ ‘ਚ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਆਪਣੇ ਆਪਣੇ ਵਿਭਾਗਾਂ ਦੇ ਕਈ ਅਫ਼ਸਰਾਂ ਨੂੰ ਬਦਲ ਚੁੱਕੇ ਹਨ। ਇਯ ਤੋਂ ਇਲਾਵਾ ਬਾਕੀ ਮੰਤਰੀ ਵੀ ਆਪਣੇ ਵਿਭਾਗਾਂ ‘ਚ ਉਨ੍ਹਾਂ ਹੀ ਅਫ਼ਸਰਾਂ ਨੂੰ ਰੱਖਣ ਦੇ ਲਈ ਯਤਨਸ਼ੀਲ ਹਨ ਜੋ ਉਨ੍ਹਾਂ ਦੇ ਕਹੇ ਅਨੁਸਾਰ ਕੰਮ ਕਰ ਸਕਣ।
ਮੰਤਰੀ ਸਾਹਮਣੇ ਅਫ਼ਸਰ ਦੀ ਕਲਾਸ
ਮੁੱਖ ਮੰਤਰੀ ਦਫ਼ਤਰ ‘ਚ ਤਾਇਨਾਤ ਇਕ ਤਾਕਤਵਰ ਅਧਿਕਾਰੀ ਉਥੇ ਆਉਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਸਹੀ ਵਿਵਹਾਰ ਨਹੀਂ ਕਰ ਰਿਹਾ ਸੀ। ਇਸ ਸਭ ਤੋਂ ਮੰਤਰੀ ਅਤੇ ਵਿਧਾਇਕ ਕਾਫ਼ੀ ਨਾਰਾਜ਼ ਸਨ। ਲੰਘੇ ਦਿਨੀਂ ਇਕ ਮੰਤਰੀ ਇਕ ਪੀਸੀਐਸ ਅਫ਼ਸਰ ਦੀ ਬਦਲੀ ਦੀ ਸਿਫ਼ਾਰਸ਼ ਲੈ ਕੇ ਮੁੱਖ ਮੰਤਰੀ ਦਫ਼ਤਰ ਪਹੁੰਚੇ ਅਤੇ ਉਸ ਅਧਿਕਾਰੀ ਨੂੰ ਮਿਲਣ ਉਸ ਦੇ ਦਫ਼ਤਰ ਚਲੇ ਗਏ। ਪੀਸੀਐਸ ਅਧਿਕਾਰੀ ਨੂੰ ਉਹ ਬਾਹਰ ਬਿਠਾ ਗਏ। ਮੰਤਰੀ ਅਜੇ ਉਸ ਅਧਿਕਾਰੀ ਨਾਲ ਗੱਲ ਕਰ ਰਹੇ ਸਨ ਕਿ ਉਹ ਅਧਿਕਾਰੀ ਉਠਿਆ ਅਤੇ ਫੋਨ ‘ਤੇ ਗੱਲ ਕਰਦੇ ਹੋਏ ਬਾਹਰ ਚਲਾ ਗਿਆ। ਇਹ ਹੀ ਨਹੀਂ, ਉਸ ਅਧਿਕਾਰੀ ਨੇ ਬਾਹਰ ਜਾ ਕੇ ਉਸ ਪੀਸੀਐਸ ਅਫ਼ਸਰ ਨੂੰ ਦੇਖਿਆ ਤਾਂ ਉਸ ਦੀ ਕਲਾਸ ਲਗਾ ਦਿੱਤੀ ਅਤੇ ਬੋਲਿਆ ਚੰਗਾ ਤੂੰ ਲੈ ਕੇ ਆਇਆਂ ਇਸ ਮੰਤਰੀ ਦੀ ਸਿਫਾਰਸ਼। ਮੰਤਰੀ ਅੰਦਰ ਬੈਠੇ ਰਹਿ ਗਏ ਅਤੇ ਉਹ ਅਧਿਕਾਰੀ ਪੀਸੀਐਸ ਅਫ਼ਸਰ ਦੀ ਕਲਾਸ ਲਗਾਉਂਦਾ ਰਿਹਾ।
ਸੈਸ਼ਨ ਦਾ ਘੱਟ ਸਮਾਂ ਖਹਿਰਾ ਲਈ ਵਰਦਾਨ
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦਾ ਸਮਾਂ ਘੱਟ ਹੋਣ ਨੂੰ ਲੈ ਕੇ ਚਾਹੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਰੋਧ ਪ੍ਰਗਟਾਉਂਦੀ ਰਹੀ, ਪ੍ਰੰਤੂ ਅਸਲ ‘ਚ ਸੈਸ਼ਨ ਦਾ ਸਮਾਂ ਘੱਟ ਹੋਣਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਲਈ ਵਰਦਾਨ ਸਾਬਤ ਹੋਇਆ। ਸਿਰਫ਼ ਤਿੰਨ ਦਿਨ ਦਾ ਸੈਸ਼ਨ ਹੋਣ ਦੇ ਕਾਰਨ ਇਕ ਦਿਨ ਤਾਂ ਸ਼ਰਧਾਂਜਲੀਆਂ ‘ਚ ਹੀ ਨਿਕਲ ਗਿਆ। ਦੂਜਾ ਅਤੇ ਤੀਜਾ ਦਿਨ ਆਰੋਪਾਂ ਅਤੇ ਵਾਕਆਊਟ ਆਦਿ ‘ਚ ਨਿਕਲ ਗਿਆ। ਅਜਿਹੇ ‘ਚ ਤਿੰਨ ਦਿਨਾਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਵਿਧਾਇਕਾਂ ਨੂੰ ਖਹਿਰਾ ਨੂੰ ਨਸ਼ੇ ਦੇ ਮੁੱਦੇ ‘ਤੇ ਸਹੀ ਤਰੀਕੇ ਨਾਲ ਘੇਰਨ ਦਾ ਸਮਾਂ ਹੀ ਨਹੀਂ ਮਿਲਿਆ। ਹਾਲਾਂਕਿ ਅਕਾਲੀ ਦਲ ਦੇ ਨਾਲ-ਨਾਲ ਆਪ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਖਹਿਰਾ ਵੀ ਵਿਧਾਨ ਸਭਾ ਸੈਸ਼ਨ ਦਾ ਸਮਾਂ ਘੱਟ ਹੋਣ ਦਾ ਰੋਣਾ ਰੋਂਦੇ ਰਹੇ ਪ੍ਰੰਤੂ ਅਸਲ ‘ਚ ਸੈਸ਼ਨ ਦਾ ਸਮਾਂ ਘੱਟ ਹੋਣਾ ਖਹਿਰਾ ਦੇ ਲਈ ਵਰਦਾਨ ਸਾਬਤ ਹੋਇਆ।