ਪਿਛਲੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਵਾਟਰ ਕੈਨਨ ਬੁਆਏ ਨਾਲ ਹੋਇਆ ਸੀ ਪ੍ਰਸਿੱਧ
ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਅੱਜ ਅੰਬਾਲਾ ਪੁਲਿਸ ਨੇ ਮੋਹਾਲੀ ਏਅਰਪੋਰਟ ਤੋਂ ਗਿ੍ਰਫ਼ਤਾਰ ਕਰ ਲਿਆ। ਗਿ੍ਰਫ਼ਤਾਰੀ ਤੋਂ ਬਾਅਦ ਸੀਆਈਏ ਸਟਾਫ ਨਵਦੀਪ ਨੂੰ ਲੈ ਕੇ ਅੰਬਾਲਾ ਪੁੱਜਿਆ। ਜਿੱਥੇ ਭਾਰੀ ਸੁਰੱਖਿਆ ਤਹਿਤ ਉਸ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵਦੀਪ ਸਿੰਘ ਜਲਬੇੜਾ ਕਿਸਾਨ ਆਗੂ ਜੈ ਸਿੰਘ ਦਾ ਪੁੱਤਰ ਹੈ ਅਤੇ ਨਵਦੀਪ ਪਿਛਲੇ ਕਿਸਾਨ ਅੰਦੋਲਨ ਦੌਰਾਨ ਵਾਟਰ ਕੈਨਨ ਬੁਆਏ ਨਾਲ ਪ੍ਰਸਿੱਧ ਹੋਏ ਸਨ। ਪਹਿਲੇ ਕਿਸਾਨ ਅੰਦੋਲਨ ਦੌਰਾਨ ਜਦੋਂ ਕਿਸਾਨਾਂ ਦਾ ਜਥਾ ਦਿੱਲੀ ਕੂਚ ਸਮੇਂ ਸ਼ੰਭੂ ਬਾਰਡਰ ’ਤੇ ਪਹੁੰਚਿਆ ਸੀ, ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਸੀ। ਇਸੇ ਦੌਰਾਨ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਬੇੜਾ ਪੁਲਿਸ ਨੂੰ ਚਕਮਾ ਦੇ ਕੇ ਬਰਜ ਵਾਹਨ ’ਤੇ ਚੜ੍ਹ ਗਿਆ ਸੀ ਅਤੇ ਉਸ ਨੇ ਵਾਟਰ ਕੈਨਨ ਦਾ ਮੂੰਹ ਪੁਲਿਸ ਵੱਲ ਮੋੜ ਦਿੱਤਾ ਸੀ। ਇਸ ਤੋਂ ਬਾਅਦ ਨਵਦੀਪ ਸਿੰਘ ਛਾਲ ਮਾਰ ਕੇ ਆਪਣੀ ਟਰਾਲੀ ਵਿਚ ਵਾਪਸ ਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ਼ ਧਾਰਾ 370 ਦੇ ਤਹਿਤ ਮਾਮਲਾ ਦਰਜ ਕੀਤਾ ਸੀ।