ਮੋਦੀ ਨਾਲ ਵੱਖ-ਵੱਖ ਮੁੱਦਿਆਂ ‘ਤੇ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਖਿੱਤੇ ਅਤੇ ਹੋਰ ਖੇਤਰਾਂ ਦੇ ਵਿਕਾਸ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾਂ ਆਈ.ਆਈ.ਟੀ. ਦਿੱਲੀ ਵਿਚ ਸੰਬੋਧਨ ਦੌਰਾਨ ਕੈਰੀ ਨੇ ਕਿਹਾ ਕਿ ਇਹ ਗੱਲ ਸਪੱਸ਼ਟ ਹੈ ਕਿ ਪਾਕਿਸਤਾਨ ਨੂੰ ਅੱਤਵਾਦ ਦੀਆਂ ਪਨਾਹਗਾਹਾਂ ਅਤੇ ਆਪਣੇ ਧਰਤੀ ‘ਤੇ ਸੰਚਾਲਿਤ ਹੋਣ ਵਾਲੇ ‘ਘਰੇਲੂ ਸੰਗਠਨਾਂ’ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਦਿਸ਼ਾ ਵਿਚ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਇਹ ਉਹ ਸੰਗਠਨ ਹਨ ਜੋ ਭਾਰਤ ਤੇ ਨਾਲ ਉਸ ਦੇ ਸਬੰਧਾਂ ਅਤੇ ਅਫ਼ਗਾਨਿਸਤਾਨ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰ ਰਹੇ ਹਨ। ਤਿੰਨ ਦਿਨ ਦੀ ਭਾਰਤ ਯਾਤਰਾ ‘ਤੇ ਆਏ ਜਾਹਨ ਕੇਰੀ ਨੇ ਕਿਹਾ ਕਿ ਉਨ੍ਹਾਂ ਹਕਾਨੀ ਨੈਟਵਰਕ ਅਤੇ ਲਸ਼ਕਰ-ਏ-ਤਾਇਬਾ ਵਰਗੇ ਸੰਗਠਨਾਂ ਦੇ ਖਿਲਾਫ਼ ਸਖ਼ਤ ਉਠਾਉਣ ਦੇ ਮੁੱਦੇ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਚਰਚਾ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੇਰੀ ਨੇ ਕਿਹਾ ਕਿ ਕੋਈ ਮੁਲਕ ਅੱਤਵਾਦੀਆਂ ਖਿਲਾਫ਼ ਇਕੱਲਾ ਨਹੀਂ ਲੜ ਸਕਦਾ। ਸਾਨੂੰ ਹਿੰਸਕ ਕੱਟੜਪੰਥੀਆਂ ਦੇ ਮੂਲ ਕਾਰਨਾਂ ‘ਤੇ ਹਮਲਾ ਕਰਨ ਦੀ ਲੋੜ ਹੈ ਅਤੇ ਇਸ ਦੇ ਕਾਰਨਾਂ ਦੇ ਕਈ ਮੂਲ ਸਵਰੂਪਾਂ ਨੂੰ ਸਮਝਣ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ।ਜੌਹਨ ਕੈਰੀ ਅਤੇ ਉਨ੍ਹਾਂ ਨਾਲ ਆਏ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ-ਅਮਰੀਕਾ ਰਣਨੀਤਕ ਅਤੇ ਵਪਾਰਕ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਆਪਸੀ ਸਹਿਯੋਗ ਵਧਾਉਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ।
ਦਿੱਲੀ ਦੀ ਬਾਰਿਸ਼ ਤੇ ਜਾਮ ‘ਤੇ ਅਮਰੀਕੀ ਵਿਦੇਸ਼ ਮੰਤਰੀ ਨੇ ਲਈ ਚੁਟਕੀ
ਜਦੋਂ ਕੈਰੀ ਨੇ ਪੁੱਛਿਆ, ਕੀ ਤੁਸੀਂ ਬੇੜੀ ‘ਚ ਆਏ ਹੋ
ਨਵੀਂ ਦਿੱਲੀ : ‘ਕੀ ਤੁਸੀਂ ਬੇੜੀ ਰਾਹੀਂ ਇਥੇ ਆਏ ਹੋ?’ ਰਾਜਧਾਨੀ ‘ਚ ਪਾਣੀ ਇਕੱਠਾ ਹੋਣ ‘ਤੇ ਚੁਟਕੀ ਲੈਂਦੇ ਹੋਏ ਆਈਆਈਟੀ-ਦਿੱਲੀ ਦੇ ਵਿਦਿਆਰਥੀਆਂ ਨੂੰ ਇਹ ਸਵਾਲ ਕੀਤਾ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ ਨੇ। ਉਨ੍ਹਾਂ ਅੱਗੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਇਥੇ ਸਮੇਂ ‘ਤੇ ਪਹੁੰਚਣ ਲਈ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ। ਮੈਂ ਤੁਹਾਨੂੰ ਵੀ ਸੈਲਿਊਟ ਕਰਦਾ ਹਾਂ। ਕੈਰੀ ਦੇ ਏਨਾ ਕਹਿੰਦੇ ਹੀ ਹਾਸੇ ਦਾ ਫੁਹਾਰਾ ਫੁੱਟ ਪਿਆ। ਅਸਲ ਵਿਚ ਬੁੱਧਵਾਰ ਨੂੰ ਆਈਆਈਟੀ-ਦਿੱਲੀ ਵਿਚ ਕੈਰੀ ਨੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ। ਭਾਰੀ ਬਾਰਿਸ਼ ਦੇ ਕਾਰਨ ਰਾਜਧਾਨੀ ਦੀਆਂ ਸੜਕਾਂ ‘ਤੇ ਥਾਂ-ਥਾਂ ਪਾਣੀ ਇਕੱਠਾ ਹੋ ਗਿਆ। ਟ੍ਰੈਫਿਕ ਪੁਲਿਸ ਦੇ ਸਾਰੇ ਪ੍ਰਬੰਧਾਂ ਦੇ ਬਾਵਜੂਦ ਕੈਰੀ ਨੂੰ ਪ੍ਰੋਗਰਾਮ ਵਿਚ ਪਹੁੰਚਣ ‘ਚ ਨਿਰਧਾਰਤ ਸਮੇਂ ਤੋਂ 40 ਮਿੰਟ ਦੀ ਦੇਰੀ ਹੋ ਗਈ।ਹਾਲਾਂਕਿ ਹੋਟਲ ਲੀਲਾ ਪੈਲਸ ਤੋਂ ਆਈਆਈਟੀ ਤੱਕ ਪਹੁੰਚਣ ਵਿਚ ਸਿਰਫ 15 ਮਿੰਟ ਦਾ ਸਮਾਂ ਲੱਗਦਾ ਹੈ। ਕੈਰੀ ਇਸੇ ਹੋਟਲ ਵਿਚ ਠਹਿਰੇ ਹੋਏ ਹਨ। ਹੋਟਲ ਦੇ ਨਜ਼ਦੀਕ ਬਣੇ ਅੰਡਰਪਾਸ ਵਿਚ ਪਾਣੀ ਇਕੱਠਾ ਹੋ ਗਿਆ। ਇਸ ਕਾਰਨ ਭਾਰੀ ਜਾਮ ਲੱਗ ਗਿਆ। ਵਿਦੇਸ਼ ਮੰਤਰੀ ਜੌਹਨ ਕੈਰੀ ਦੀ ਸ਼ਾਇਦ ਰਸਮੀ ਤੌਰ ‘ਤੇ ਇਹ ਆਖਰੀ ਭਾਰਤ ਯਾਤਰਾ ਸੀ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਸਾਹਮਣਾ ਭਾਰਤ ਦੇ ਮੌਨਸੂਨ ਅਤੇ ਇਥੋਂ ਦੀ ਲੱਚਰ ਆਵਾਜਾਈ ਵਿਵਸਥਾ ਨਾਲ ਹੋਇਆ। ਉਸ ਕਾਰਨ ਇਹ ਯਾਤਰਾ ਉਨ੍ਹਾਂ ਲਈ ਯਾਦਗਾਰ ਰਹੇਗੀ।