ਰਾਜਨਾਥ ਸਿੰਘ ਦੇ ਪ੍ਰਸਤਾਵ ਦਾ ਚੰਦਰਬਾਬੂ ਨਾਇਡੂ ਅਤੇ ਨੀਤਿਸ਼ ਕੁਮਾਰ ਨੇ ਕੀਤਾ ਸਮਰਥਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਰਿੰਦਰ ਮੋਦੀ ਨੂੰ ਅੱਜ ਸ਼ੁੱਕਰਵਾਰ ਨੂੰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੇ ਸੰਸਦੀ ਦਲ ਦਾ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ। ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ’ਚ ਹੋਈ ਮੀਟਿੰਗ ਵਿਚ 13 ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਨਵੀਂ ਜ਼ਿੰਮੇਵਾਰੀ ਦੇਣ ਦੇ ਲਈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਐਨਡੀਏ ਨੂੰ ਸੱਚੇ ਅਰਥਾਂ ਵਿਚ ਭਾਰਤ ਦੀ ਅਸਲੀ ਆਤਮ ਦੱਸਿਆ। ਮੀਟਿੰਗ ਦੌਰਾਨ ਐਨਡੀਏ ਦੇ ਸਾਰੇ ਨਵੇਂ ਚੁਣੇ ਗਏ 293 ਸੰਸਦ ਮੈਂਬਰ, ਰਾਜ ਸਭਾ ਮੈਂਬਰ ਅਤੇ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੌਜੂਦ ਸਨ। ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਵੱਲੋਂ ਸਵਾਗਤ ਭਾਸ਼ਣ ਦਿੱਤਾ ਗਿਆ ਇਸ ਤੋਂ ਬਾਅਦ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਨਰਿੰਦਰ ਮੋਦੀ ਦੇ ਨਾਮ ਦਾ ਪ੍ਰਸਤਾਵ ਲਿਆਂਦਾ ਅਤੇ ਇਸ ਦਾ ਅਮਿਤ ਸ਼ਾਹ ਵੱਲੋਂ ਸਮਰਥਨ ਕੀਤਾ ਗਿਆ। ਇਸ ਤੋਂ ਬਾਅਦ ਟੀਡੀਪੀ ਪ੍ਰਮੁੱਖ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਦੌਰਾਨ ਦੇਖਿਆ ਕਿ ਨਰਿੰਦਰ ਮੋਦੀ ਨੇ 3 ਮਹੀਨੇ ਬਿਲਕੁਲ ਵੀ ਅਰਾਮ ਨਹੀਂ ਕੀਤਾ ਅਤੇ ਉਨ੍ਹਾਂ ਦੇਸ਼ ਨੂੰ ਪਹਿਲ ਦਿੱਤੀ। ਉਧਰ ਜੇਡੀਯੂ ਪ੍ਰਮੁੱਖ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਕਿਹਾ ਕਿ ਮੈਂ ਨਰਿੰਦਰ ਮੋਦੀ ਦੇ ਨਾਮ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਪ੍ਰਧਾਨ ਹਨ ਅਤੇ ਉਹ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।