7.8 C
Toronto
Tuesday, October 28, 2025
spot_img
Homeਭਾਰਤਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ

ਫਰਨਾਂਡੇਜ਼, ਜੇਤਲੀ ਅਤੇ ਸੁਸ਼ਮਾ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਸਮਾਗਮ ਦੌਰਾਨ 73 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ। ਇਨ੍ਹਾਂ ‘ਚੋਂ ਕੁਝ ਹਸਤੀਆਂ ਨੂੰ ਮਰਨ ਉਪਰੰਤ ਸਨਮਾਨ ਦਿੱਤਾ ਗਿਆ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸਾਲ 2020 ਦੇ ਇਨ੍ਹਾਂ ਵਿਸ਼ੇਸ਼ ਪੁਰਸਕਾਰਾਂ ‘ਚੋਂ 4 ਨੂੰ ਪਦਮ ਵਿਭੂਸ਼ਣ, 8 ਨੂੰ ਪਦਮ ਭੂਸ਼ਣ ਅਤੇ 61 ਨੂੰ ਪਦਮਸ੍ਰੀ ਨਾਲ ਨਿਵਾਜਿਆ ਗਿਆ ਹੈ। ਪਦਮ ਵਿਭੂਸ਼ਣ ਪੁਰਸਕਾਰ ਹਾਸਲ ਕਰਨ ਵਾਲਿਆਂ ‘ਚ ਸਾਬਕਾ ਕੇਂਦਰੀ ਮੰਤਰੀ ਜਾਰਜ ਫਰਨਾਂਡੇਜ਼ (ਮਰਨ ਉਪਰੰਤ), ਅਰੁਣ ਜੇਤਲੀ (ਮਰਨ ਉਪਰੰਤ), ਸੁਸ਼ਮਾ ਸਵਰਾਜ (ਮਰਨ ਉਪਰੰਤ) ਅਤੇ ਹਿੰਦੁਸਤਾਨੀ ਸ਼ਾਸਤਰੀ ਗਾਇਕ ਪੰਡਿਤ ਛੰਨੂ ਲਾਲ ਮਿਸ਼ਰਾ ਸ਼ਾਮਲ ਹਨ। ਜੇਤਲੀ ਵੱਲੋਂ ਉਨ੍ਹਾਂ ਦੀ ਪਤਨੀ ਅਤੇ ਸੁਸ਼ਮਾ ਸਵਰਾਜ ਵੱਲੋਂ ਉਨ੍ਹਾਂ ਦੀ ਧੀ ਨੇ ਇਹ ਪੁਰਸਕਾਰ ਹਾਸਲ ਕੀਤੇ। ਰਾਸ਼ਟਰਪਤੀ ਨੇ ਪਦਮ ਭੂਸ਼ਣ ਪੁਰਸਕਾਰ ਨਾਲ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ, ਸਮਾਜ ਸੇਵਕ ਡਾਕਟਰ ਅਨਿਲ ਪ੍ਰਕਾਸ਼ ਜੋਸ਼ੀ, ਡਾਕਟਰ ਐੱਸ ਸੀ ਜਮੀਰ ਅਤੇ ਅਧਿਆਤਮਵਾਦ ਲਈ ਮੁਮਤਾਜ਼ ਅਲੀ ਨੂੰ ਨਿਵਾਜਿਆ। ਉਨ੍ਹਾਂ ਸੰਥਾਲੀ ਭਾਸ਼ਾ ਦੇ ਮਸ਼ਹੂਰ ਸਾਹਿਤਕਾਰ ਦਮਯੰਤੀ ਬੇਸ਼ਰਾ, ਟੀਵੀ ਅਤੇ ਫਿਲਮ ਅਦਾਕਾਰਾ ਸਰਿਤਾ ਜੋਸ਼ੀ, ਸੰਗੀਤਕਾਰ ਅਤੇ ਗਾਇਕ ਅਦਨਾਨ ਸਾਮੀ, ਅਦਾਕਾਰਾ ਕੰਗਨਾ ਰਣੌਤ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਆਈਸੀਐੱਮਆਰ ਦੇ ਡਾਕਟਰ ਰਮਨ ਗੰਗਾਖੇਡਕਰ ਸਮੇਤ ਹੋਰਾਂ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਕਈ ਉੱਘੇ ਆਗੂ ਵੀ ਹਾਜ਼ਰ ਸਨ।

RELATED ARTICLES
POPULAR POSTS