Breaking News
Home / ਨਜ਼ਰੀਆ / ਪੰਜਾਬ ਦੀ ਵਿਰਾਸਤ ਵਿਸਾਖੀ

ਪੰਜਾਬ ਦੀ ਵਿਰਾਸਤ ਵਿਸਾਖੀ

ਵਿਸਾਖੀ ਪੰਜਾਬੀਆਂ ਨੂੰ ਵਿਰਾਸਤ ਵਿੱਚ ਮਿਲੀ ਹੈ । ਇਸ ਦਿਨ ਤੋਂ ਦੇਸੀ ਮਹੀਨੇ ਵੈਸਾਖ ਦੀ ਸ਼ੁਰੂਆਤ ਹੁੰਦੀ ਹੈ । ਖਾਲਸਾ ਪੰਥ ਦੀ ਸਿਰਜਨਾ ਵਿਸਾਖੀ ਨੂੰ ਸਦੀਵੀ ਬਣਾ ਗਈ ਹੈ। ਪੰਜਾਬੀਆਂ ਦੇ ਸੱਭਿਆਚਾਰ ਦਾ ਵਿਸਾਖੀ ਮਹੱਤਵਪੂਰਨ ਅੰਗ ਹੈ, ਕਿਉਂਕਿ ਫੁਰਸਤ ਦੇ ਪਲਾਂ ਦੌਰਾਨ  ਵਿਸਾਖੀ ਮੇਲੇ ਵਿੱਚ ਪੰਜਾਬੀ ਆਪਣੇ ਸ਼ੌਕ ਦੀ ਪੂਰਤੀ ਕਰਦੇ ਹਨ। ਪਿਛਲੀ ਛਿਮਾਹੀ ਦੌਰਾਨ ਸਿਰਜੇ ਸੁਪਨਿਆਂ ਨੂੰ ਅਮਲੀ ਰੰਗਤ ਦਿੰਦੇ ਹਨ । ਹਕੀਕਤ ਵਿੱਚ ਮਨੁੱਖ ਦੇ ਬਦਲਦੇ ਸੁਭਾਅ ਨਾਲ ਇਸ ਮੇਲੇ ਦੇ ਚਾਅ ਮਲਾਰ ਕੁਝ ਮੱਧਮ ਹੋਏ ਹਨ। ਪਰ ਸਾਹਿਤ ਵਿੱਚ ਵਿਸਾਖੀ  ਗੂੰਜਦੀ ਰਹੇਗੀ।
ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਹਾੜ੍ਹੀ ਨੂੰ ਸਾਂਭ ਕੇ ਫੁਰਸਤ ਦੇ ਪਲਾਂ ਵਿੱਚ ਵਿਸਾਖੀ ਦਾ ਮੇਲਾ ਦੇਖਣ ਜਾਣਾ ਜੱਟ ਦਾ ਸ਼ਾਨਾਮੱਤੀ  ਸੱਭਿਆਚਾਰ ਹੈ । ਵਿਸਾਖੀ ਦੇ ਮੇਲੇ ਜਾਣ ਦੇ ਦੋ ਕਾਰਣ ਹੁੰਦੇ ਹਨ। ਇਕ ਤਾਂ ਕੰਮਾਂ ਤੋਂ ਵਿਹਲ ਹੋਣ ਦੂਜਾ ਹਾੜ੍ਹੀ ਵੇਚ ਕੇ ਹਰੀ ਹੋਈ ਜੇਬ । 19ਵੀਂ ਸਦੀ ਵਿੱਚ ਲਾਲਾ ਧਨੀ ਰਾਮ ਚਾਤ੍ਰਿਕ ਕੇ ਵਿਸਾਖੀ ਮੇਲੇ ਵਿੱਚ ਜੱਟ ਦੇ ਸੱਭਿਆਚਾਰ ਦੇ ਦ੍ਰਿਸ਼ਾ ਨੂੰ ਇਉ ਪੇਸ਼ ਕੀਤਾ ਹੈ:-
”ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ,
ਮੀਂਹ ਦੀ ਉਡੀਕ ਤੇ ਸਿਆੜ ਕੱਢ ਕੇ ,
ਮਾਲ ਟਾਡਾਂ ਸਾਂਭਣੇ ਨੂੰ ਕਾਮਾ ਛੱਡ ਕੇ ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇਕੇ ,
ਕੱਛੇਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ”
ਜੱਟ ਨੂੰ ਵਿਰਾਸਤੀ ਗੁਣਾਂ ਦੀ ਤਰਜਮਾਨੀ ਕਰਦਾ ਮੇਲਾ ਅਤੀਤ ਤੋਂ ਵਰਤਮਾਨ ਤੱਕ ਜੱਟ ਦੇ ਵਿਸਾਖੀ ਕਾਲ ਅਟੁੱਟ ਰਿਸ਼ਤੇ ਦੀ ਗਵਾਹੀ ਭਰਦਾ ਹੈ। ਕੁਦਰਤ ਨਾਲ ਛੇੜ ਛਾੜ ਅਤੇ ਕਿਸਾਨੀ ਦੀ ਆਰਥਿਕਤਾ ਨੂੰ ਲੱਗੀ ਢਾਅ ਨੇ ਜੱਟ ਨੂੰ ਖੁਦਕਸ਼ੀਆਂ ਵੱਲ ਮੋੜ ਕੇ ਮੇਲੇ ਦਾ ਪ੍ਰਭਾਵ ਮੱਧਮ ਕੀਤਾ ਹੈ । ਹੁਣ ਦਾ ਜ਼ਮਾਨਾ ਕੁਝ ਨਵੀਂਆ ਰਾਹਾਂ ਆਪਣਾ ਰਿਹਾ ਹੈ । ਪਹਿਲੇ ਮੇਲੇ ਅਤੇ ਹੁਣ ਦੇ ਮੇਲੇ ਦੇ ਦ੍ਰਿਸ਼ਾ ਵਿੱਚ ਫਰਕ ਆਇਆ ਹੈ । ਕੁਝ ਵੀ ਹੋਵੇ ਜਮੀਨ ਵਾਂਗ ਵਿਰਾਸਤ ਵਿੱਚ ਮਿਲੀ ਵਿਸਾਖੀ  ਦੀ ਸ਼ੋਗਾਤ ਪੰਜਾਬੀਆਂ ਦੇ ਜੀਵਨ ਵਿੱਚ ਗੂੰਜਦੀ ਰਹੇਗੀ। ਬਾਬਾ ਬੁਲ੍ਹੇ ਸ਼ਾਹ ਦੀ ਨਜ਼ਰ ਵਿੱਚ ਵਿਸਾਖੀ ਨੂੰ ਇਓ ਪੇਸ਼ ਕੀਤਾ ਹੈ :-
”ਬਸਾਖੀ ਦਾ ਦਿਨ ਕਠਨ ਹੈ ਜੇ ਸੰਗ ਮੀਤ ਨਾ ਹੋ।
ਮੈਂ ਕਿਸ ਕੇ ਆਗੇ ਜਾ ਕਹੂੰ ਇਕ ਮੰਡੀ ਭਾ ਦੋ”
ਸਾਡੀ ਆਮ ਦੰਦ ਕਥਾ ਹੁੰਦੀ ਹੈ ਕਿ ਜਿਸ ਨੇ ਵੀ ਵਿਰਾਸਤ ਵਿੱਚ ਮਿਲੀ ਚੀਜ਼ ਨੂੰ ਅਜਾਂਈ ਗੁਆ ਦਿੱਤਾ ਹੈ ਉਹ ਆਪ ਵੀ ਗੁੰਮ ਹੋ ਗਿਆ ਅਤੇ ਸਮਾਜ ਵਿੱਚੋਂ ਮਿਟ ਗਿਆ । ਜੋ ਵਿਰਾਸਤ ਨੂੰ ਸਾਭਦਾ ਹੈ ਉਹ ਹਰ ਪਾਸੇ ਮਾਣ ਸਨਮਾਨ ਪਾਉਂਦਾ ਹੈ। ਆਓ ਵਿਸਾਖੀ ਦਾ ਅਤੀਤ ਫਰੋਲ ਕੇ ਇਸ ਨੂੰ ਭਵਿੱਖ ਵਿੱਚ ਅਨੰਦਮਈ ਬਣਾਉਣ ਲਈ ਭਾਈਚਾਰਕ ਸਾਂਝ ਮਜਬੂਤ ਕਰੀਏ ਅਤੇ ਆਪਣੀ ਵਿਰਾਸਤ ਨੂੰ ਸਾਭ ਕੇ ਰੱਖੀਏ। ਪੰਜਾਬੀ ਗੀਤਾਂ ਵਿੱਚ ਵਿਸਾਖੀ ਮੇਲੇ ਸਬੰਧੀ ਮਾਨਮੱਤੇ ਬੋਲਾਂ:-
”ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲੇ, ਅਸਾਂ ਤੇਰੀ ਤੋਰ ਵੇਖਣੀ”
ਅਨੁਸਾਰ ਪੰਜਾਬੀ ਸੱਭਿਆਚਰ ਵਿੱਚੋਂ ਮੋਹ ਭਿੱਜੀ ਨੋਕ ਝੋਕ ਮਿਲਦੀ ਰਹੇ।
ਸ਼ਾਲਾ ! ਵਿਸਾਖੀ ਦਾ ਮੇਲਾ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦਾ ਗੌਰਵਮਈ ਅੰਗ ਬਣਿਆ ਰਹੇ, ਤਾਂ ਜੋ ਆਣ ਵਾਲੀ ਪੀੜ੍ਹੀ ਦਾ ਰਿਸ਼ਤਾ ਸਮਾਜਿਕ, ਸੱਭਿਆਚਾਰਕ ਅਤੇ ਸਾਹਿਤਕ ਪੱਖ ਤੋਂ ਵਿਸਾਖੀ ਨਾਲ ਬਣਿਆ ਰਹੇ ਅਤੇ ਇਤਿਹਾਸ ਦੇ ਪੰਨੇ  ਹੋਰ ਵੀ ਵੀ ਸੁਨਹਿਰੀ ਹੁੰਦੇ ਜਾਣ।
– ਸੁਖਪਾਲ ਸਿੰਘ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …