ਕੀਤਾ ਜੇ ਇੰਤਜ਼ਾਰ, ਮੇਰਾ ਹੁੰਦਾ।
ਅੱਜ ਵੱਖਰਾ ਸੰਸਾਰ ਮੇਰਾ ਹੁੰਦਾ।
ਮੈਥੋਂ ਨੇੜੇ ਕੌਣ ਸੀ ਤੇਰੇ,
ਤੇਰੇ ਬਾਹਾਂ ਦਾ ਹਾਰ ਮੇਰਾ ਹੁੰਦਾ।
ਮੰਨੀ ਹੁੰਦੀ, ਤੇਰੀ ਜੇ ਮੈਂ,
ਤੂੰ ਹੀ ਤਾਂ ਸਰਦਾਰ ਮੇਰਾ ਹੁੰਦਾ।
ਭੁੱਲਦੀ ਨਾ ਕੋਈ ਯਾਦ ਪੁਰਾਣੀ,
ਹਰ ਸੁਫ਼ਨਾ ਸਾਕਾਰ ਮੇਰਾ ਹੁੰਦਾ।
ਕਾਸ਼! ਚੜ੍ਹਦੀ ਸਿਰੇ ਮੁਹੱਬਤ,
ਤੂੰ ਹੀ ਪਹਿਲਾ ਪਿਆਰ ਮੇਰਾ ਹੁੰਦਾ।
ਜ਼ਿੰਦਗਾਨੀ ਸੀ ਘੋਲ ਘੁਮਾਣੀ,
ਅੱਜ ਕਿਤੇ ਹੱਕਦਾਰ ਮੇਰਾ ਹੁੰਦਾ।
ਲਾ ਲੈਂਦੀ ਜੇ ਕਲਮਾਂ ਵਿਹੜੇ,
ਹੱਥੀਂ ਫ਼ੁੱਲ, ਨਾ ਖ਼ਾਰ ਮੇਰਾ ਹੁੰਦਾ।
ਤੇਰੀ ਝੋਲ਼ੀ ਖ਼ੈਰ ਪਿਆਰ ਦੀ,
ਪਉਂਦੀ, ਤਾਂ ਸਤਿਕਾਰ ਮੇਰਾ ਹੁੰਦਾ।
ਰੀਝ ਅਧੂਰੀ ਕਰ ਲੈਂਦੇ ਪੂਰੀ,
ਚਿੱਤ ਅੱਜ ਸਰਸ਼ਾਰ ਮੇਰਾ ਹੁੰਦਾ।
ਅਕਲਾਂ ਨੂੰ ਨਾ ਵੱਜਦੇ ਜਿੰਦਰੇ,
ਤੇਰੇ ਨਾਲ ਪਰਿਵਾਰ ਮੇਰਾ ਹੁੰਦਾ।
ਕਿਸਮਤ ਖੋਟੀ ਪੈ ਗਏ ਪਰਦੇ,
‘ਹਕੀਰ’ ਸਾਰਾ ਗੁਲਜ਼ਾਰ ਮੇਰਾ ਹੁੰਦਾ।
ਸੁਲੱਖਣ ਸਿੰਘ +647-786-6329