ਡਾ. ਦੇਵਿੰਦਰ ਪਾਲ ਸਿੰਘ
ਪਿਛਲੇ ਕਈ ਦਿਨ੍ਹਾਂ ਤੋਂ ਚਿੰਕੂ ਖ਼ਰਗੋਸ਼ ਨੂੰ ਅੱਚਵੀ ਲੱਗੀ ਹੋਈ ਸੀ। ਜੰਗਲ ਦੇ ਪਾਰ, ਸ਼ਹਿਰ ਦੀਆਂ ਰੰਗ-ਬਿਰੰਗੀਆਂ ਰੋਸ਼ਨੀਆਂ ਹਰ ਰਾਤ ਉਸ ਨੂੰ ਆਪਣੇ ਵੱਲ ਬੁਲਾਂਦੀਆਂ ਲਗਦੀਆਂ। ਕਈ ਦਿਨ ਤੋਂ ਉਹ ਲਗਾਤਾਰ ਜ਼ਿਦ ਕਰ ਰਿਹਾ ਸੀ ਕਿ ਉਸ ਨੂੰ ਸ਼ਹਿਰ ਦੀ ਸੈਰ ਲਈ ਜਾਣ ਦਿੱਤਾ ਜਾਵੇ। ਤੰਗ ਆ ਕੇ ਚਿੰਕੂ ਦੀ ਮੰਮੀ ਨੇ ਉਸ ਨੂੰ ਸ਼ਹਿਰ ਜਾਣ ਦੀ ਆਗਿਆ ਦੇ ਹੀ ਦਿੱਤੀ।
ਹ੍ਹੁਣ ਉਹ ਮਸਤ ਚਾਲ ਚਲਦਾ ਹੋਇਆ ਆਪਣੇ ਗੁਆਂਢੀ ਮੋਤੀ ਚਾਚਾ ਨੂੰ ਨਾਲ ਚੱਲਣ ਦਾ ਸੱਦਾ ਦੇਣ ਜਾ ਰਿਹਾ ਸੀ।
‘ਚਾਚਾ! ਚਲੀਏ ਫਿਰ।’ ਚਿੰਕੂ ਨੇ ਮੋਤੀ ਦੀ ਖੁੱਡ ਵਿਚ ਮੂੰਹ ਵਾੜ੍ਹਦਿਆਂ ਸਲਾਹ ਮਾਰੀ।
‘ਚੱਲ ਪੁੱਤਰ! ਮੈਂ ਤਾਂ ਤਿਆਰ ਹਾਂ।’ ਬੁੱਢਾ ਖ਼ਰਗੋਸ਼ ਲੱਕ ਝਟਕਦਿਆ ਉੱਠ ਖੜ੍ਹਾ ਹੋਇਆ।
ਫਿਰ ਦੋਨ੍ਹੋਂ ਸਵੇਰ ਦੇ ਸੂਰਜ ਦੀ ਹਲਕੀ ਹਲਕੀ ਰੋਸ਼ਨੀ ਵਿਚ ਸ਼ਹਿਰ ਵੱਲ਼ ਜਾ ਰਹੀ ਪਗਡੰਡੀ ਵੱਲ ਤੁਰ ਪਏ। ਤਾਜ਼ੀ-ਤਾਜ਼ੀ ਹਵਾ ਦੀਆਂ ਨਰਮ ਤਰੰਗਾਂ ਉਨ੍ਹਾਂ ਨੂੰ ਸਹਲਾ ਕੇ ਲੰਘ ਰਹੀਆਂ ਸਨ। ਪੰਛੀਆਂ ਦੀ ਚਹਿਚਹਾਟ ਦਾ ਸੁਰੀਲਾ ਰਾਗ ਸੱਭ ਪਾਸੇ ਫੈਲਿਆ ਹੋਇਆ ਸੀ। ਪਗਡੰਡੀ ਦੇ ਦੋਨੋਂ ਪਾਸੇ ਉੱਗੇ ਉੱਚੇ ਲੰਮੇ ਘਾਹ ਵਿਚੋਂ ਸੁਣਾਈ ਦਿੰਦੀ ਹਰ ਹਲਕੀ ਜਿਹੀ ਸਰਸਰਾਹਟ ਵੀ ਉਨ੍ਹਾਂ ਦੇ ਕੰਨ ਖੜ੍ਹੇ ਕਰ ਦਿੰਦੀ।
ਤਦ ਹੀ ਇਕ ਸੀਟੀ ਦੀ ਆਵਾਜ਼ ਸੁਣਾਈ ਦਿੱਤੀ। ਚਿੰਕੂ ਨੇ ਪਿੱਛੇ ਮੁੜ ਕੇ ਦੇਖਿਆ। ਦੂਰ ਪਰ੍ਹੇ ਬੋਹੜ ਦੇ ਮੋਟੇ ਟਾਹਣੇ ਉੱਤੇ ਲੇਟਿਆ ਕਾਲੂ ਅਜਗਰ ਅਜੇ ਵੀ ਘੁਰਾੜੇ ਮਾਰ ਰਿਹਾ ਸੀ।
ਪਲ ਕੁ ਰੁਕ ਚਿੰਕੂ ਅੱਗੇ ਵਲ ਤੁਰ ਗਿਆ। ਖੁਸ਼ੀਆਂ ਲੱਦਾ ਉਹ ਹੁਣ ਹੋਲੇ-ਹੋਲੇ ਗੁਣਗੁਣਾ ਰਿਹਾ ਸੀ।
‘ਹਰੇ ਭਰੇ ਜੰਗਲ ਦਾ ਵਾਸੀ, ਸਭਨਾਂ ਦਾ ਪਿਆਰਾ।
ਖੁਸ਼ੀਆਂ ਨਾਲ ਭਰ ਜਾਵਾਂ, ਜਦ ਵੇਖਾਂ ਅਜਬ ਨਜ਼ਾਰਾ।
ਰੰਗਬਰੰਗੇ ਫੁੱਲਾਂ ਵਾਲਾ, ਜੰਗਲ ਖੂਬ ਸੁਹਾਵਾ।
ਮਖ਼ਮਲੀ ਘਾਹ ਦੇ ਉਪਰ, ਉਲਟਬਾਜ਼ੀਆਂ ਪਾਵਾਂ।
ਹਰੇ ਭਰੇ ਜੰਗਲ ਦਾ ਵਾਸੀ, ਸਭਨਾਂ ਦਾ ਪਿਆਰਾ।
ਖੁਸ਼ੀਆਂ ਨਾਲ ਭਰ ਜਾਵਾਂ, ਜਦ ਵੇਖਾਂ ਅਜਬ ਨਜ਼ਾਰਾ।’
‘ਓ ਚਿੰਕੂ! ਕਿਧਰ ਜਾ ਰਿਹਾ ਹੈ ਸਵੇਰੇ ਸਵੇਰੇ।’ ਕੁਝ ਦੂਰ ਘਾਹ ਉੱਤੇ ਲੇਟੇ ਗੋਲਮਟੋਲ ਭੋਲੂ ਰਿੱਛ ਨੇ ਅੱਖਾਂ ਮਲਦੇ ਹੋਏ ਪੁੱਛਿਆ।
‘ਸ਼ਹਿਰ ਜਾ ਰਿਹਾ ਹਾਂ, ਭਾਅ।’ ਚਿੰਕੂ ਦੇ ਖੁਸ਼ੀ ਭਰੇ ਬੋਲ ਸਨ।
‘ਓ ਜੰਗਲ ਵਾਸੀ! ਦੇਖੀ ਕਿਤੇ ਕਿਧਰੇ ਤੈਨੂੰ ਸ਼ਹਿਰ ਦੀ ਹਵਾ ਨਾ ਲਗ ਜਾਵੇ!’ ਭੋਲੂ ਨੇ ਨਸੀਹਤ ਦਿੰਦੇ ਹੋਏ ਕਿਹਾ ਤੇ ਦੁਬਾਰਾ ਅੱਖਾਂ ਬੰਦ ਕਰ ਸੁਪਨਿਆਂ ਵਿਚ ਗੜੂੰਦ ਹੋ ਗਿਆ।
‘ਸ਼ਹਿਰ ਦੀ ਹਵਾ! ਇਹ ਕੀ ਹੁੰਦੀ ਹੈ ਚਾਚਾ?’ ਚਿੰਕੂ ਨੇ ਮੋਤੀ ਵੱਲ ਝਾਕਦਿਆਂ ਪੁੱਛਿਆ।
‘ਕੁਝ ਨਹੀਂ ਪੁੱਤਰ! ਤੈਨੂੰ ਸ਼ਹਿਰ ਜਾਣ ਦੀ ਲਲਕ ਹੈ ਨਾ, ਬਸ ਆਪੇ ਹੀ ਸੱਭ ਪਤਾ ਚਲ ਜਾਵੇਗਾ।’
‘ਕਿਉਂ? ਕੀ ਉਥੇ ਕੋਈ ਹੋਰ ਹਵਾ ਚਲਦੀ ਹੈ?’
‘ਸ਼ਾਇਦ ਹਾਂ। ਇਥੇ ਵਰਗਾ ਕੁਝ ਵੀ ਨਹੀਂ ਹੈ ਉਥੇ। ਬਹੁਤ ਫਰਕ ਹੈ ਜੰਗਲ ਤੇ ਸ਼ਹਿਰ ਵਿਚ।’
‘ਪਰ, ਉਥੇ ਨਜ਼ਰ ਆਉਂਦੀਆਂ ਰੰਗ-ਬਿਰੰਗੀਆਂ ਰੋਸ਼ਨੀਆਂ ਤਾਂ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ। ਜੰਗਲ ਵਿਚ ਤਾਂ ਰਾਤ ਨੂੰ ਜੁੰਗਨੂੰਆਂ ਦੀ ਚੁੰਨੀ-ਮੁੰਨੀ ਟਿਮਟਿਮਾਹਟ ਵਿਚ ਕੁਝ ਵੀ ਨਜ਼ਰ ਨਹੀਂ ਆਉਂਦਾ।’
‘ਗੱਲ ਤਾਂ ਤੇਰੀ ਠੀਕ ਹੈ, ਪਰ ਅਸਾਂ ਜੰਗਲਵਾਸੀਆਂ ਲਈ ਜੰਗਲ ਹੀ ਸਵਰਗ ਹੈ।’
‘ਕਿਤੇ ਅਜਿਹਾ ਤਾਂ ਨਹੀਂ ਕਿ ਕੋਈ ਸ਼ਹਿਰ ਗਿਆ ਹੀ ਨਾ ਹੋਵੇ ਤੇ ਐਵੇਂ ਹੀ ਬੈਠੇ-ਬਿਠਾਏ ਸੋਚਦੇ ਹੋਈਏ ਕਿ ਸ਼ਹਿਰ ਚੰਗਾ ਨਹੀਂ।’ ਚਿੰਕੂ ਦੇ ਸ਼ੰਕਾਮਈ ਬੋਲ ਸਨ।
‘ਨਹੀਂ! ਅਜਿਹੀ ਗੱਲ ਤਾਂ ਨਹੀਂ। ਕਦੇ-ਕਦੇ ਕੋਈ ਜੰਗਲਵਾਸੀ ਸ਼ਹਿਰ ਦਾ ਚੱਕਰ ਲਗਾ ਹੀ ਆਉਂਦਾ ਹੈ। ਪਰ ਹਰ ਵਾਰ ਬੁਰੀ ਖ਼ਬਰ ਹੀ ਮਿਲਦੀ ਹੈ ਸੁਨਣ ਲਈ…। ਮੇਰੀ ਤਾਂ ਭਲਾ ਉਮਰ ਹੀ ਨਹੀਂ ਰਹੀ ਲੰਬਾ ਸਫ਼ਰ ਕਰਨ ਦੀ ਹੁਣ। ਖ਼ੈਰ ਤੂੰ ਸੰਭਲ ਕੇ ਜਾਈਂ, ਦੇਖਦੇ ਹਾਂ ਤੂੰ ਕੀ ਖ਼ਬਰ ਲਿਆਂਦਾ ਹੈ।’ ਮੋਤੀ ਨੇ ਚਿੰਕੂ ਦੀ ਪਿੱਠ ਥਪਥਪਾਂਦੇ ਹੋਏ ਕਿਹਾ।
‘ਹਾਂ, ਚਾਚਾ! ਮੇਰੀ ਡਾਢੀ ਇੱਛਾ ਹੈ ਸ਼ਹਿਰ ਦਾ ਭੇਤ ਜਾਣਨ ਦੀ।’
‘ਅੱਛਾ! ਲੈ ਫਿਰ ਜੰਗਲ ਦਾ ਕਿਨਾਰਾ ਤਾਂ ਆ ਵੀ ਗਿਆ। ਓਹ ਹੈ ਪਹਾੜੀ ਨਦੀ ਤੇ ਓਹ ਸਾਹਮਣੇ ਹੈ ਸ਼ਹਿਰ ਨੂੰ ਜਾਣ ਦਾ ਰਾਹ।’ ਮੋਤੀ ਨੇ ਅਗਲੇ ਪੰਜੇ ਨੂੰ ਹਵਾ ਵਿਚ ਲਹਿਰਾ ਸ਼ਹਿਰ ਵੱਲ ਜਾਂਦੇ ਰਸਤੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ‘ਚੰਗਾ ਪੁੱਤਰ! ਅਲਵਿਦਾ। ਆਪਣਾ ਧਿਆਨ ਰੱਖੀ ਤੇ ਜਲਦੀ ਵਾਪਿਸ ਆਈ।’
‘ਜੀ ਜ਼ਰੂਰ!……..ਅਲਵਿਦਾ ਚਾਚਾ, ਫਿਰ ਮਿਲਾਂਗੇ!’ ਕਹਿੰਦੇ ਹੋਏ ਚਿੰਕੂ ਨੇ ਨਦੀ ਉੱਤੇ ਬਣੇ ਪੁੱਲ ਵੱਲ ਛਲਾਂਗ ਲਗਾ ਦਿੱਤੀ।
ਕੁਝ ਪਲ ਲਕੜੀ ਦੇ ਪੁਲ ਉਪਰ ਖੜਾ ਉਹ ਨਦੀ ਦੀ ਕਲਕਲ ਦਾ ਰਸੀਲਾ ਸੰਗੀਤ ਸੁਣਦਾ ਰਿਹਾ। ਸਵੇਰ ਦੀ ਕੋਸੀ ਕੋਸੀ ਧੁੱਪ ਵਿਚ, ਪਾਣੀ ਦੀ ਫੁਹਾਰ ਲੱਦੀ ਹਵਾ, ਉਸ ਦੀ ਸੋਹਣੀ ਚਿੱਟੀ ਡ੍ਰੈੱਸ ਨੂੰ ਗਿੱਲਾ ਕਰ ਗਈ। ਪੁਲ ਤੋਂ ਥੋੜ੍ਹੀ ਦੂਰ ਨਿੱਕੜੇ ਬੱਚੇ ਪਾਣੀ ਵਿਚ ਨਹਾ ਰਹੇ ਸਨ। ਉਹ ਆਪਣੀਆਂ ਚੁਲਬਲੀ ਖੇਡਾਂ ਨਾਲ ਪਾਣੀ ਦੇ ਛਿੱਟੇ ਦੂਰ ਦੂਰ ਤੱਕ ਖਿੰਡਾਰ ਰਹੇ ਸਨ। ਇਸ ਅਜਬ ਨਜ਼ਾਰੇ ਦੇ ਆਨੰਦ ਵਿਚ ਗੜੂੰਦ ਚਿੰਕੂ ਕਿੰਨੀ ਹੀ ਦੇਰ ਉਥੇ ਹੀ ਖੜ੍ਹਾ ਰਿਹਾ।
ਅਚਾਨਕ ਹੀ ਸਾਹਮਣਲੀ ਕਾਲੀ ਪੱਟੀ (ਸੜਕ) ਉੱਤੇ ਜਾ ਰਹੇ ਮਸ਼ੀਨੀ ਦੈਂਤ ਦੀ ਖੜ-ਖੜ ਨੇ ਉਸ ਦਾ ਧਿਆਨ ਭੰਗ ਕਰ ਦਿੱਤਾ। ਤਦ ਹੀ ਉਸ ਨੂੰ ਆਪਣੀ ਸੈਰ ਦੀ ਅਗਲੀ ਮੰਜ਼ਿਲ ਵਲ ਵੱਧਣ ਦਾ ਖਿਆਲ ਆਇਆ।
ਜਿਵੇਂ ਹੀ ਉਸ ਨੇ ਲੱਕੜ ਦਾ ਪੁਲ ਪਾਰ ਕਰ ਕੇ ਕਾਲੀ ਸਖ਼ਤ ਜ਼ਮੀਨ (ਸੜਕ) ਉੱਤੇ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਉਸ ਦੇ ਨਾਜ਼ੁਕ ਪੈਰਾਂ ਵਿਚ ਤਿੱਖੀ ਚੁਭਨ ਮਹਿਸੂਸ ਹੋਣ ਲੱਗੀ।
‘ਇਥੇ ਤਾਂ ਚੱਲਣ ਲਈ ਨਰਮ ਘਾਹ ਦਾ ਗੱਦਾ ਵੀ ਨਹੀਂ ਹੈ। … ਖੈਰ ਕੁਝ ਨਵਾਂ ਜਾਨਣ ਲਈ ਥੋੜ੍ਹਾ ਕਸ਼ਟ ਤਾਂ ਸਹਿਣਾ ਹੀ ਹੋਵੇਗਾ।’ ਉਸ ਨੇ ਖੁਦ ਨੂੰ ਧਰਵਾਸ ਦਿੱਤੀ।
ਸੂਰਜ ਦੀ ਤੇਜ਼ ਧੁੱਪ ਵਿਚ, ਕਾਲੀ ਸਖ਼ਤ ਜ਼ਮੀਨ ਉੱਤੇ ਤੇਜ਼ ਤੇਜ਼ ਚਲਦਿਆਂ, ਚਿੰਕੂ ਨੂੰ ਸਾਹ ਚੜ੍ਹ ਗਿਆ ਸੀ। ਉਸ ਨੇ ਆਲੇ ਦੁਆਲੇ ਦੇਖਿਆ। ‘ਇਥੇ ਤਾਂ ਰੁੱਖ ਵੀ ਬਹੁਤ ਘੱਟ ਹੀ ਹਨ ਤੇ ਉਹ ਵੀ ਦੂਰ ਦੂਰ। ਭਲਾ ਇਸ ਤੇਜ਼ ਧੁੱਪ ਤੋਂ ਕਿਵੇਂ ਬਚਿਆ ਜਾਵੇ?’ ਸੋਚਾਂ ਵਿਚ ਡੁੱਬਿਆ ਚਿੰਕੂ ਹੋਲੇ ਹੋਲੇ ਅੱਗੇ ਵਧਦਾ ਜਾ ਰਿਹਾ ਸੀ।
ਅਗਲੇ ਹੀ ਪਲ, ਕੰਨਾਂ ਦੇ ਪਰਦੇ ਫਾੜ੍ਹਣ ਵਰਗੀ ਤਿੱਖੀ ਤੇ ਉੱਚੀ ਆਵਾਜ਼ ਨੇ ਉਸ ਨੂੰ ਡਰਾ ਦਿੱਤਾ।
‘ਓਹ ਹੋ, ਇਹ ਕੀ?’ ਗਰਮ ਤੇਜ਼ ਹਵਾ ਦੇ ਝੋਂਕੇ ਨੇ ਤਾਂ ਉਸ ਨੂੰ ਲੂਹ ਹੀ ਸੁੱਟਿਆ ਸੀ। ਉਹ ਸੜਕ ਨੇੜਲੇ ਡੂੰਘੇ ਟੋਏ ਵਿਚ ਛਾਲ ਮਾਰ ਮਸੀਂ ਬਚਿਆ। ਚਿੱਕੜ ਵਿਚ ਫਸੇ ਚਿੰਕੂ ਦੀ ਨਜ਼ਰ ਤਦ ਹੀ ਕਾਲਾ ਸਾਹ ਛੱਡਦੇ ਮਸ਼ੀਨੀ ਦੈਂਤ (ਟਰੱਕ) ਉੱਤੇ ਪਈ ਜੋ ਉਸ ਕੋਲੋਂ ਬੇਪਰਵਾਹੀ ਨਾਲ ਲੰਘ ਤੇਜ਼ੀ ਨਾਲ ਸ਼ਹਿਰ ਵੱਲ ਜਾ ਰਿਹਾ ਸੀ।
ਆਪਣੀ ਡ੍ਰੈੱਸ ਵੱਲ ਦੇਖ ਉਹ ਰੋਣਹਾਕਾ ਹੋ ਗਿਆ। ਉਸ ਦੀ ਦੁੱਧ-ਚਿੱਟੀ ਡ੍ਰੈੱਸ ਕਾਲਖ ਤੇ ਚਿੱਕੜ ਦੇ ਥੱਬਿਆਂ ਨਾਲ ਲੱਥਪਥ ਹੋਈ ਪਈ ਸੀ। ‘ਜੰਗਲ ਵਿਚ ਤਾਂ ਇਦਾਂ ਕਦੀ ਨਹੀਂ ਹੋਇਆ।’ ਉਹ ਬੁਦਬੁਦਾਇਆ। ‘ਸ਼ਾਇਦ ਮੇਰੀ ਹੀ ਗਲਤੀ ਹੈ। ਮੈਂ ਬਿਨ੍ਹਾਂ ਸੋਚੇ ਸਮਝੇ ਛਾਲ ਜੂ ਮਾਰ ਦਿੱਤੀ ਸੀ।’ ਉਸ ਨੇ ਖੁਦ ਨੂੰ ਹੌਸਲਾ ਦਿੱਤਾ।
ਦੁਬਾਰਾ ਸੜਕ ਉੱਤੇ ਆ, ਉਹ ਹੌਲੇ-ਹੌਲੇ ਸ਼ਹਿਰ ਵੱਲ ਵੱਧਣ ਲੱਗਾ। ਚਿੱਕੜ ਨਾਲ ਲਥਪਥ ਡ੍ਰੈੱਸ ਤੇਜ਼ ਧੁੱਪ ਵਿਚ ਠੰਢ ਦਾ ਅਹਿਸਾਸ ਦੇ ਰਹੀ ਸੀ। ਪਰ ਪੈਰਾਂ ਦੀ ਚੁਭਣ ਹੁਣ ਤੇਜ਼ ਦਰਦ ਦਾ ਰੂਪ ਧਾਰਣ ਕਰਦੀ ਜਾ ਰਹੀ ਸੀ। ਜਲਦੀ ਹੀ ਉਸ ਨੇ ਪੈਦਲ ਚਲਣ ਦੀ ਮੁਸ਼ਕਲ ਦਾ ਹੱਲ ਵੀ ਲੱਭ ਲਿਆ।
ਕੁਝ ਦੂਰੀ ਉੱਤੇ, ਚਿੱਟਾ ਲਿਬਾਸ ਪਹਿਨੀ ਵੱਡੇ ਵੱਡੇ ਦੋ ਜਨੌਰ, ਲੱਕੜ ਦੇ ਦੈਂਤ (ਗੱਡੇ) ਨੂੰ ਖਿੱਚੀ ਲਿਜਾ ਰਹੇ ਸਨ। ਦੈਂਤ ਦੀ ਪਿੱਠ ਉੱਤੇ ਸੁੱਖੇ ਘਾਹ (ਤੂੜੀ) ਦੀਆਂ ਪੰਡਾਂ ਲੱਦੀਆਂ ਹੋਈਆਂ ਸਨ ਤੇ ਉਹ ਘੀਂ ਘੀਂ ਦੀ ਆਵਾਜ਼ ਪੈਦਾ ਕਰਦਾ ਹੌਲੇ ਹੌਲੇ ਸ਼ਹਿਰ ਵੱਲ ਵਧਦਾ ਜਾ ਰਿਹਾ ਸੀ। ਦੈਂਤ ਦੇ ਕੋਲ ਪਹੁੰਚ ਚਿੰਕੂ ਨੇ ਉਸ ਦੀ ਪਿੱਠ ਉੱਤੇ ਚੜ੍ਹਣ ਲਈ ਛਲਾਂਗ ਲਗਾ ਦਿੱਤੀ। ਦੈਂਤ ਦੀ ਪਿੱਠ ਉੱਤੇ ਚੜ੍ਹ ਉਹ ਵੱਡੀ ਸਾਰੀ ਪੰਡ ਦੇ ਨੇੜੇ ਦੁਬਕ ਕੇ ਬੈਠ ਗਿਆ। ਧੁੱਪ ਤੋਂ ਬਚਾਅ ਵੀ ਹੋ ਗਿਆ ਸੀ ਅਤੇ ਸ਼ਹਿਰ ਦੀ ਸੈਰ ਦਾ ਨਜ਼ਾਰਾ ਵੀ ਦਿਖ ਰਿਹਾ ਸੀ, ਉਹ ਵੀ ਬੈਠੇ ਬਿਠਾਏ।
ਕੁਝ ਦੇਰ ਬਾਅਦ, ਉਸ ਨੂੰ, ਸੜਕ ਦੇ ਦੋਨੋਂ ਪਾਸੇ ਖੜ੍ਹੇ, ਸ਼ੀਸ਼ੇ ਦੀਆਂ ਅਨੇਕ ਅੱਖਾਂ ਵਾਲੇ ਉੱਚੇ ਉੱਚੇ ਘਰੌਂਦੇ (ਇਮਾਰਤਾਂ) ਨਜ਼ਰ ਆਉਣ ਲੱਗੇ। ਰੰਗ-ਬਿਰੰਗੇ ਕੱਪੜੇ ਪਹਿਨੀ ਅਨੇਕ ਮਨੁੱਖ, ਇਨ੍ਹਾਂ ਘਰੌਂਦਿਆਂ ਦੇ ਪੈਰਾਂ ਕੋਲ, ਇਧਰ ਉਧਰ ਘੁੰਮਦੇ ਹੋਏ ਅਜੀਬੋ ਗਰੀਬ ਹਰਕਤਾਂ ਕਰ ਰਹੇ ਸਨ। ਕਿਧਰੇ ਕੋਈ ਕੁਝ ਵੇਚ ਰਿਹਾ ਸੀ ਤੇ ਕਿਧਰੇ ਕੋਈ ਕੁਝ ਖ਼ਰੀਦ ਰਿਹਾ ਸੀ। ਕਿਧਰੇ ਕੋਈ ਸਿਰ ਉਪਰ ਕੁੱਝ ਚੁੱਕੀ ਜਾ ਰਿਹਾ ਸੀ। ਕੁਝ ਦੂਰੀ ਉੱਤੇ ਇਕ ਮੁਟਿਆਰ ਛੋਟੇ ਬੱਚੇ ਨੂੰ ਬੱਗੀ ਵਿਚ ਬਿਠਾ ਲਿਜਾ ਰਹੀ ਸੀ। ਕਈ ਮੁੰਡੇ-ਕੁੜੀਆਂ ਲੋਹੇ ਦੇ ਜਨੌਰਾਂ ਉੱਤੇ ਸਵਾਰ ਹੋ ਤੇਜ਼ੀ ਨਾਲ ਇਧਰ ਉਧਰ ਆ-ਜਾ ਰਹੇ ਸਨ।
ਜਿਵੇਂ ਹੀ ਲੱਕੜ ਦਾ ਦੈਂਤ (ਬੈਲ-ਗੱਡੀ) ਅੱਗੇ ਵਧਿਆ ਤਾਂ ਕੱਚ ਦੀਆਂ ਕੰਧਾਂ ਵਾਲੇ ਘਰੌਂਦਿਆਂ ਅੰਦਰ ਅਜੀਬ ਕਿਸਮ ਦੇ ਜਾਨਵਰ ਤੇ ਖਿਡੌਣੇ ਬੰਦ ਪਏ ਨਜ਼ਰੀ ਪਏ। ਜਲਦੀ ਹੀ ਕਈ ਵੱਡੇ-ਵੱਡੇ ਮਸ਼ੀਨੀ ਦੈਂਤ ਕਾਲਾ ਧੂੰਆਂ ਛੱਡਦੇ ਦਿਖਾਈ ਦੇਣ ਲੱਗੇ। ਸ਼ਾਇਦ ਇਹ ਬੱਸਾਂ, ਤੇ ਟਰੱਕ ਸਨ। ਸਾਹਮਣੇ ਨਜ਼ਰ ਆ ਰਹੇ ਉੱਚ-ਲੰਮੇ ਦੈਂਤ ਦੇ ਸਿਰ ਵਿਚੋਂ ਨਿਕਲ ਰਹੇ ਪੀਲੇ- ਭੂਰੇ ਧੂੰਏ ਦਾ ਬੱਦਲ ਆਸਮਾਨ ਤਕ ਫੈਲਿਆ ਨਜ਼ਰ ਆ ਰਿਹਾ ਸੀ। ਤਦ ਹੀ ਉਸ ਨੂੰ ਮੋਤੀ ਚਾਚਾ ਦੀ ਦੱਸੀ ਗੱਲ ਯਾਦ ਆ ਗਈ। ‘ਇਹ ਜ਼ਰੂਰ ਕਿਸੇ ਕਾਰਖਾਨੇ ਦੀ ਚਿਮਨੀ ਹੋਵੇਗੀ।’ ਉਹ ਬੁੜਬੁੜਾਇਆ।
ਦਿਨ ਭਰ ਵੰਨ-ਸੁਵੰਨੇ ਨਜ਼ਾਰੇ ਦੇਖਦਾ, ਹੁਣ ਉਹ ਥੱਕ ਚੁੱਕਾ ਸੀ। ਬੈਲ-ਗੱਡੀ ਦੇ ਹਲਕੇ ਹਲਕੇ ਹਿਚਕੋਲਿਆਂ ਨੇ ਉਸ ਨੂੰ ਗਹਿਰੀ ਨੀਂਦ ਸੁਆ ਦਿੱਤਾ। ਜਦ ਉਸ ਦੀ ਅੱਖ ਖੁੱਲ੍ਹੀ ਤਾਂ ਦਿਨ ਕਾਫ਼ੀ ਢਲ ਚੁੱਕਾ ਸੀ। ਦੂਰ ਅੰਬਰ ਵਿਚ ਫੈਲੀ ਸੂਰਜ ਦੀ ਲਾਲੀ ਸ਼ਾਮ ਹੋਣ ਦੀ ਦਸ ਪਾ ਰਹੀ ਸੀ। ਹਵਾ ਦੇ ਤੇਜ਼ ਬੁੱਲੇ ਆਸਮਾਨ ਨੂੰ ਕਾਲੇ ਕਾਲੇ ਬੱਦਲਾਂ ਨਾਲ ਢੱਕਦੇ ਜਾ ਰਹੇ ਸਨ।
ਹੁਣ ਉਸ ਨੂੰ ਭੁੱਖ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਸੀ। ਹੌਲੀ-ਹੌਲੀ ਅੱਗੇ ਵੱਲ ਸਰਕਦੇ ਹੋਏ ਉਸ ਨੇ ਦੇਖਿਆ ਕਿ ਬੈਲ-ਗੱਡੀ ਦੇ ਚਾਲਕ ਦੇ ਠੀਕ ਪਿੱਛੇ ਸੁੱਕੇ ਘਾਹ ਦੀ ਪੰਡ ਪਈ ਸੀ। ਚਿੰਕੂ ਨੇ ਪੰਡ ਕੋਲ ਪਹੁੰਚ ਘਾਹ ਦੇ ਤਿਣਕਿਆਂ ਨੂੰ ਚਬਾਉਣਾ ਸ਼ੁਰੂ ਕਰ ਦਿੱਤਾ। ਡਾਢੀ ਭੁੱਖ ਕਾਰਣ ਉਸ ਨੂੰ ਸੁੱਕਾ ਘਾਹ ਵੀ ਸਵਾਦ ਲਗ ਰਿਹਾ ਸੀ। ਭੁੱਖ ਤੋਂ ਰਾਹਤ ਮਿਲਦਿਆਂ ਹੀ ਉਸ ਨੂੰ ਸੁੱਖ ਦਾ ਅਹਿਸਾਸ ਹੋਇਆ।
ਉਸ ਨੇ ਆਪਣੇ ਆਲੇ ਦੁਆਲੇ ਨਜ਼ਰ ਦੌੜਾਈ, ਸ਼ਾਮ ਦਾ ਘੁਸਮੁਸਾ ਹਰ ਪਾਸੇ ਫੈਲਦਾ ਜਾ ਰਿਹਾ ਸੀ। ਤਦ ਹੀ ਚਿੰਕੂ ਨੂੰ ਯਾਦ ਆਇਆ, ਘਰ ਤੋਂ ਤੁਰਨ ਵੇਲੇ ਮਾਂ ਨੇ ਜਲਦੀ ਘਰ ਮੁੜਨ ਦੀ ਤਾਕੀਦ ਕੀਤੀ ਸੀ। ਤੇ ਹੁਣ ਤਾਂ ਉਹ ਖੁਦ ਨੂੰ ਇੱਕਲਾ ਇੱਕਲਾ ਵੀ ਮਹਿਸੂਸ ਕਰ ਰਿਹਾ ਸੀ। ਗੱਲਬਾਤ ਕਰਨ ਲਈ ਕੋਈ ਸਾਥੀ ਵੀ ਨਹੀਂ ਸੀ ਉਸ ਕੋਲ… ਤੇ ਹਾਂ! ਮੋਤੀ ਚਾਚਾ ਨੇ ਜੰਗਲ ਦੇ ਕਿਨਾਰੇ ਉਸ ਦੀ ਉਡੀਕ ਕਰਨ ਦਾ ਵਾਅਦਾ ਵੀ ਤਾਂ ਕੀਤਾ ਸੀ।’ ਚਿੰਕੂ ਦੇ ਮਨ ਵਿਚ ਵਿਚਾਰਾਂ ਦੀ ਉਥਲ-ਪੁਥਲ ਚਲ ਰਹੀ ਸੀ। ‘ਹੁਣ ਵਾਪਸ ਮੁੜਣਾ ਹੀ ਠੀਕ ਹੈ।’ ਉਸ ਸੋਚਿਆ। ‘ਅੱਜ ਲਈ ਇੰਨਾਂ ਹੀ ਕਾਫ਼ੀ ਹੈ।’
‘ਸ਼ਹਿਰ ਦੀਆਂ ਸਖ਼ਤ ਕਾਲੀਆਂ ਪਗਡੰਡੀਆਂ (ਸੜਕਾਂ), ਧੂੜ ਤੇ ਧੂੰਏ ਲੱਦੀ ਹਵਾ, ਕਾਲੇ-ਪੀਲੇ ਬੱਦਲਾਂ ਨਾਲ ਢੱਕਿਆ ਆਸਮਾਨ, ਕੰਨ-ਪਾੜਵਾਂ ਸ਼ੋਰਗੁੱਲ, ਮਸ਼ੀਨੀ ਦੈਤਾਂ ਤੇ ਮਨੁੱਖਾਂ ਦਾ ਭੀੜ-ਭੜੱਕਾ। ਇਸ ਦੇ ਤਾਂ ਠੀਕ ਉਲਟ ਹੈ ਜੰਗਲ ਦੀ ਨਿਰਮਲ ਹਵਾ, ਸਫੈਦ ਬੱਦਲਾਂ ਨਾਲ ਸਜਿਆ ਨੀਲਾ ਅੰਬਰ, ਨਰਮ ਨਰਮ ਘਾਹ ਵਾਲੀਆਂ ਪਗਡੰਡੀਆਂ ਤੇ ਰੁੱਖਾਂ ਦੀ ਠੰਢੀ-ਮਿੱਠੀ ਛਾਂ। ਬਹੁਤ ਫ਼ਰਕ ਹੈ ਜੰਗਲ ਤੇ ਸ਼ਹਿਰ ਵਿਚ… ਤੇ ਹਾਂ… ਰਾਤ ਨੂੰ ਨਜ਼ਰ ਆਉਂਦੀਆਂ ਉਹ ਮਨ-ਲੁਭਾਣੀਆਂ ਰੰਗ-ਬਿਰੰਗੀਆਂ ਰੋਸ਼ਨੀਆਂ ਤਾਂ ਦਿਨ ਵਿਚ ਕਿਧਰੇ ਵੀ ਨਜ਼ਰ ਨਹੀਂ ਆਈਆਂ। ਸ਼ਾਇਦ ਸ਼ਹਿਰਵਾਸੀਆਂ ਦਾ ਭੋਲੇ ਭਾਲੇ ਜੀਵਾਂ ਨੂੰ ਮੋਹਿਤ ਕਰਨ ਦਾ ਅਨੋਖਾ ਢੰਗ ਹੈ ਇਹ।’ ਉਸ ਸੋਚਿਆ।
‘ਚਲੋ! ਵਾਪਸ ਹੀ ਚਲਦੇ ਹਾਂ।’ ਤੇ ਉਸ ਨੇ ਫੈਸਲਾ ਕਰ ਹੀ ਲਿਆ।
ਉਸ ਨੇ ਬੈਲ-ਗੱਡੀ ਤੋਂ ਛਲਾਂਗ ਲਗਾਈ ਤੇ ਤੇਜ਼ੀ ਨਾਲ ਸੜਕ ਕਿਨਾਰੇ ਉੱਗੀਆਂ ਝਾੜੀਆਂ ਵਿਚ ਜਾ ਛੁੱਪਿਆ। ਉਸ ਦੀ ਡ੍ਰੈੱਸ ਉੱਤੇ ਲੱਗਾ ਚਿੱਕੜ ਹੁਣ ਤਕ ਸੁੱਕ ਚੁੱਕਾ ਸੀ। ਇਸੇ ਕਾਰਨ ਚੱਲਣਾ ਔਖਾ ਲੱਗ ਰਿਹਾ ਸੀ। ਰਾਤ ਪੈਣ ਤੋਂ ਪਹਿਲਾਂ ਵਾਪਸ ਘਰ ਪੁੱਜਣਾ ਵੀ ਜ਼ਰੂਰੀ ਸੀ। ਬੇਸ਼ਕ ਹੁਣ ਦਿਨ ਵਾਂਗ ਤੇਜ਼ ਧੁੱਪ ਤਾਂ ਨਹੀਂ ਸੀ ਪਰ ਤਪੀ ਹੋਈ ਕਾਲੀ ਸਖ਼ਤ ਜ਼ਮੀਨ ਡਾਢਾ ਸੇਕ ਛੱਡ ਰਹੀ ਸੀ। ਚਲਣਾ ਬਹੁਤ ਔਖਾ ਲੱਗ ਰਿਹਾ ਸੀ। ਉਹ ਕਾਲੀ ਸਖ਼ਤ ਜ਼ਮੀਨ ਵਾਲਾ ਰਾਹ ਛੱਡ ਕੱਚੀ ਪਗਡੰਡੀ ਉੱਤੇ ਚੱਲ ਪਿਆ।
ਉਸ ਨੇ ਦੇਖਿਆ ਆਸਮਾਨ ਸਲੇਟੀ ਬੱਦਲਾਂ ਨਾਲ ਢੱਕਦਾ ਜਾ ਰਿਹਾ ਸੀ। ਠੰਢੀ ਹਵਾ ਹੌਲੀ-ਹੌਲੀ ਚੱਲਣ ਲੱਗ ਪਈ ਸੀ। ਜਿਵੇਂ ਹੀ ਉਹ ਜੰਗਲ ਵੱਲ ਜਾਂਦੇ ਰਾਹ ਵੱਲ ਤੇਜ਼ੀ ਨਾਲ ਫੁਦਕਿਆ, ਤਾਂ ਪਤਾ ਨਹੀਂ ਕਿਧਰੋਂ ਖੂੰਖਾਰ ਕੁੱਤਿਆਂ ਦਾ ਟੋਲਾ ਉਸ ਪਿੱਛੇ ਪੈ ਗਿਆ।
ਡਰਦੇ ਮਾਰੇ ਚਿੰਕੂ ਨੇ ਬਿਨ੍ਹਾਂ ਇਧਰ ਉਧਰ ਦੇਖੇ ਸਾਹਮਣੇ ਨਜ਼ਰ ਆ ਰਹੀ ਕਾਲੀ ਨਦੀ ਵਿਚ ਛਾਲ ਮਾਰ ਦਿੱਤੀ। ਪਰ ਇਹ ਕੀ… ਉਹ ਤਾਂ ਬੋ ਮਾਰਦੀ ਕਾਲੀ ਗਰਕਣ ਵਿਚ ਬੁਰੀ ਤਰ੍ਹਾਂ ਫਸ ਗਿਆ ਸੀ। ਤੇ ਉਹ ਵੀ ਗਲੇ ਤਕ।
ਜਾਂ ਤਾਂ ਉਸ ਦਾ ਕਾਲਾ ਕਲੂਟਾ ਰੂਪ ਦੇਖ ਤੇ ਜਾਂ ਫਿਰ ਕਾਲੀ ਗਰਕਣ ਤੋਂ ਪਹਿਲਾਂ ਹੀ ਵਾਕਫ਼ ਹੋਣ ਕਾਰਣ ਸ਼ਾਇਦ ਕੁੱਤੇ ਵੀ ਡਰ ਗਏ ਸਨ। ਜੋ ਉਹ ਉਸ ਦੇ ਨੇੜੇ ਨਾ ਆਏ। ਕਿੰਨ੍ਹੀ ਹੀ ਦੇਰ ਉਹ ਠੰਢ ਤੇ ਡਰ ਨਾਲ ਕੰਬਦਾ ਉੱਥੇ ਹੀ ਬੈਠਾ ਰਿਹਾ। ਕੁਝ ਦੇਰ ਤਕ ਭੁੱਖੜ ਕੁੱਤਿਆਂ ਦੀ ਟੋਲੀ ਉਸ ਦੇ ਗਰਕਣ ‘ਚੋਂ ਬਾਹਰ ਆਉਣ ਦੀ ਉਡੀਕ ਕਰਦੀ ਰਹੀ, ਪਰ ਚਿੰਕੂ ਨੂੰ ਆਪਣੀ ਥਾਂ ਤੋਂ ਹਿਲਦਾ ਨਾ ਦੇਖ ਅੱਕ ਕੇ ਉਹ ਆਪਣੇ ਖਾਜੇ ਦੀ ਤਲਾਸ਼ ਵਿਚ ਕਿਧਰੇ ਹੋਰ ਨਿਕਲ ਤੁਰੇ।
‘ਜ਼ਰੂਰ ਚਿੱਕੜ ਵਿਚ ਖੁੱਭ ਜਾਣ ਤੋਂ ਡਰਦੇ ਮਾਰੇ ਉਹ ਚਲੇ ਗਏ ਹੋਣਗੇ ਜਾਂ ਫਿਰ ਬਦਬੂ ਨੇ ਉਨ੍ਹਾਂ ਦੀ ਮੱਤ ਹੀ ਮਾਰ ਦਿੱਤੀ ਹੋਣੀ ਹੈ।’ ਚਿੰਕੂ ਦਾ ਖ਼ਿਆਲ ਸੀ। ‘ਇਥੇ ਤਾਂ ਸ਼ਹਿਰ ਦੇ ਲੋਕਾਂ ਨੇ ਆਪਣੇ ਘਰਾਂ ਦਾ ਗੰਦ-ਮਾਲ ਤੇ ਕੂੜਾ-ਕਬਾੜਾ ਨਦੀ ਵਿਚ ਸੁੱਟ ਇਸ ਦੇ ਪਾਣੀਆਂ ਨੂੰ ਗਰਕਣ ਵਿਚ ਹੀ ਬਦਲ ਦਿੱਤਾ ਹੈ ਤੇ ਮੇਰੀ ਮਾੜੀ ਕਿਸਮਤ ਕਿ ਮੈਂ ਇਸ ਵਿਚ ਫਸ ਗਿਆ ਹਾਂ। ਖੈਰ ਸ਼ੁਕਰ ਹੈ ਕਿ ਜਾਨ ਤਾਂ ਬਚੀ। ਪਰ ਇਹ ਬਦਬੂ ਨਾਲ ਤਾਂ ਸਾਹ ਹੀ ਘੁੱਟਦਾ ਜਾ ਰਿਹਾ ਹੈ, ਕਿਵੇਂ ਨਿਕਲਾਂ ਇਥੋਂ?’ ਚਿੰਕੂ ਸੋਚਾਂ ਵਿਚ ਗਲਤਾਨ ਸੀ।
ਜਲਦੀ ਹੀ ਉਸ ਨੂੰ ਗਰਕਣ ਵਿਚੋਂ ਨਿਕਲਣ ਬਾਰੇ ਮੋਤੀ ਚਾਚਾ ਦਾ ਦੱਸਿਆ ਨੁਸਖਾ ਯਾਦ ਆ ਗਿਆ। ਤੇ ਉਸ ਨੇ ਖੁੱਦ ਨੂੰ ਗਰਕਣ ਦੇ ਰਹਿਮੋ ਕਰਮ ਉੱਤੇ ਢਿੱਲਾ ਛੱਡ ਦਿੱਤਾ। ਤੇ ਫਿਰ ਕਾਲੇ ਗਾਰੇ ਦੇ ਦੈਂਤ ਨੇ ਜਿਵੇਂ ਉਸ ਦੀਆਂ ਪਿਛਲੀਆਂ ਲੱਤਾਂ ਨੂੰ ਹੌਲੇ-ਹੌਲੇ ਉਪਰ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਉਸ ਨੇ ਖੁੱਦ ਨੂੰ ਗਾਰੇ ਦੀ ਸਤਹਿ ਉੱਤੇ ਲੇਟਿਆ ਮਹਿਸੂਸ ਕੀਤਾ। ਮੋਤੀ ਚਾਚਾ ਦੇ ਦੱਸੇ ਅਨੁਸਾਰ ਉਹ ਹੌਲੇ ਹੌਲੇ ਲਗਾਤਾਰ ਪਲਸੇਟੇ ਮਾਰਦਾ ਗਰਕਣ ਦੇ ਕਿਨਾਰੇ ਤਕ ਪਹੁੰਚ ਹੀ ਗਿਆ। ਪਰ ਇਹ ਕੀ ਗਰਕਣ ਤੋਂ ਛੁਟਕਾਰਾ ਤਾਂ ਮਿਲ ਗਿਆ ਸੀ ਪਰ ਕਾਲੇ ਗਾਰੇ ਨੇ ਉਸ ਦੀ ਡ੍ਰੈੱਸ ਦਾ ਤਾਂ ਕਬਾੜਾ ਹੀ ਕਰ ਦਿੱਤਾ ਸੀ। ਹੋਰ ਤਾਂ ਹੋਰ ਬਦਬੂ ਚਾਰੇ ਪਾਸੇ ਹੀ ਫੈਲੀ ਲੱਗ ਰਹੀ ਸੀ। ਆਪਣੀ ਕਾਲੀ ਕਲੂਟੀ ਸੂਰਤ ਦੇਖ ਉਸ ਦਾ ਤਾਂ ਰੋਣ ਹੀ ਨਿਕਲ ਗਿਆ।
‘ਉਸ ਦੇ ਦੋਸਤ ਕੀ ਕਹਿਣਗੇ?… ਮੰਮੀ ਤਾਂ ਜ਼ਰੂਰ ਉਸ ਨੂੰ ਡਾਂਟੇਗੀ। ਪਰ ਕੀਤਾ ਕੀ ਜਾ ਸਕਦਾ ਹੈ? ਘਰ ਵਾਪਸ ਜਾਣਾ ਵੀ ਜ਼ਰੂਰੀ ਹੈ।’ ਸੋਚ-ਸੋਚ ਕਿ ਚਿੰਕੂ ਪ੍ਰੇਸ਼ਾਨ ਸੀ।
ਉਦਾਸ-ਉਦਾਸ ਤੇ ਥੱਕੇ ਟੁੱਟੇ ਕਦਮੀ ਜਿਵੇਂ ਹੀ ਉਹ ਨਦੀ ਊੱਤੇ ਬਣੇ ਲੱਕੜੀ ਦੇ ਪੁੱਲ ਕੋਲ ਪਹੁੰਚਿਆ ਤਾਂ ਮੀਂਹ ਦੀ ਤੇਜ਼ ਵਾਛੜ ਨੇ ਉਸ ਨੂੰ ਘੇਰ ਲਿਆ। ਮੀਂਹ ਤੋਂ ਬਚਾ ਲਈ ਉਹ ਨਦੀ ਕੰਢੇ ਉੱਗੀਆਂ ਝਾੜੀਆਂ ਹੇਠ ਜਾ ਦੁਬਕਿਆ।
ਠੰਢੀ ਹਵਾ ਦੀਆਂ ਤੇਜ਼ ਲਹਿਰਾਂ ਉਸ ਦੇ ਸਰੀਰ ਨੂੰ ਚੀਰਦੀਆਂ ਜਾ ਰਹੀਆਂ ਸਨ। ਪਰ ਸ਼ੁਕਰ ਹੈ, ਜਿੰਨ੍ਹੀ ਤੇਜ਼ੀ ਨਾਲ ਮੀਂਹ ਸ਼ੁਰੂ ਹੋਇਆ ਸੀ ਉਨ੍ਹੀ ਹੀ ਜਲਦੀ ਉਹ ਬੰਦ ਵੀ ਹੋ ਗਿਆ।
ਚਿੰਕੂ ਨੇ ਝਾੜੀ ਹੇਠੋਂ ਨਿਕਲ, ਜੰਗਲ ਵੱਲ ਜਾ ਰਹੇ ਰਾਹ ਉੱਤੇ ਬਣੇ ਪੁੱਲ ਵੱਲ ਛਲਾਂਗ ਲਗਾ ਦਿੱਤੀ। ਦੂਰ ਪਰ੍ਹੇ ਸੂਰਜ ਆਖ਼ਰੀ ਕਿਰਨਾਂ ਖਿਲਾਰਦਾ ਸ਼ਾਮ ਦੇ ਘੁਸਮੁਸੇ ਵਿਚ ਗਾਇਬ ਹੁੰਦਾ ਜਾ ਰਿਹਾ ਸੀ। ਸਾਹਮਣੇ ਨਜ਼ਰ ਆ ਰਹੇ ਉੱਚੇ-ਲੰਮੇ ਤੇ ਹਰੇ-ਭਰੇ ਰੁੱਖ ਦੇਖ ਚਿੰਕੂ ਦੇ ਅੱਖਾਂ ਦੀ ਵਿਚ ਖੁਸ਼ੀ ਭਰੀ ਚਮਕ ਆ ਗਈ। ਉਸ ਨੂੰ ਜਾਪਿਆ ਜਿਵੇਂ ਜੰਗਲ ਉਸ ਨੂੰ ਬੁਲਾ ਰਿਹਾ ਸੀ। ਉਸ ਦੀ ਉਦਾਸੀ ਹੁਣ ਉੱਡਣ-ਛੂੰ ਹੋ ਚੁੱਕੀ ਸੀ। ਤਦ ਹੀ ਉਸ ਨੂੰ ਖਿਆਲ ਆਇਆ, ‘ਓਹ ਹੋ! ਇਹ ਬਦਬੂ ਕਿੱਥੇ ਗਈ? ਮੇਰੀ ਡ੍ਰੈੱਸ ਵੀ ਤਾਂ ਨਿਖ਼ਰ ਗਈ ਹੈ। … ਬਿਲਕੁਲ ਨਵੀਂ ਨਿਕੋਰ। ਵਾਹ! ਮੀਂਹ ਦੀ ਤੇਜ਼ ਵਾਛੜ ਨੇ ਤਾਂ ਕਮਾਲ ਹੀ ਕਰ ਦਿੱਤਾ। ਹੁਣ ਤਾਂ ਦੋਸਤਾਂ ਵਿਚ ਮੇਰੀ ਠੁੱਕ ਬਣੀ ਰਹੇਗੀ। ਵਾਹ ਵਾਹ! ਬਾਦਲ ਚਾਚਾ! ਬਹੁਤ ਬਹੁਤ ਧੰਨਵਾਦ।’ ਚਿੰਕੂ ਖੁਸ਼ੀ ਨਾਲ ਚਹਿਕ ਰਿਹਾ ਸੀ।
‘ਮੋਤੀ ਚਾਚਾ! ਮੈਂ ਆ ਗਿਆ।’ ਜੰਗਲ ਵੱਲ ਜਾ ਰਹੀ ਪਗਡੰਡੀ ਉੱਤੇ ਪੈਰ ਰੱਖਦਿਆਂ ਹੀ ਉੱਚੀ ਆਵਾਜ਼ ਵਿਚ ਚਿੰਕੂ ਦੇ ਖੁਸ਼ੀ ਭਰੇ ਬੋਲ ਸਨ।
‘ਵਾਹ ਪੁੱਤਰ! ਤੂੰ ਤਾਂ ਕਮਾਲ ਕਰ ਦਿੱਤਾ।’ ਮੋਤੀ ਨੇ ਚਿੰਕੂ ਦੀ ਪਿੱਠ ਥਪਥਪਾਂਦੇ ਹੋਏ ਕਿਹਾ। ‘ਤੂੰ ਤਾਂ ਬਿਲਕੁਲ ਨਵਾਂ ਨਕੋਰ ਬਣ ਕੇ ਆਇਆ ਹੈ ਸ਼ਹਿਰ ਦੀ ਸੈਰ ਤੋਂ।’
‘ਹਾਂ, ਚਾਚਾ!’ ਚਿੰਕੂ ਨੇ ਅੱਖਾਂ ਮਟਕਾਂਦੇ ਹੋਏ ਕਿਹਾ। ਮਨ ਹੀ ਮਨ ਉਸ ਨੇ ਸ਼ੁਕਰ ਕੀਤਾ ਕਿ ਚਾਚਾ ਨੂੰ ਉਸ ਦੀ ਪ੍ਰੇਸ਼ਾਨੀ ਦਾ ਪਤਾ ਨਹੀਂ ਸੀ ਲੱਗਿਆ।
‘ਤਾਂ ਫਿਰ ਕਿਵੇਂ ਰਹੀ ਤੇਰੀ ਸੈਰ?’ ਘਰ ਵੱਲ ਜਾਂਦਿਆਂ ਮੋਤੀ ਨੇ ਪੁੱਛਿਆ।
‘ਚਾਚਾ! ਅੱਜ ਤਾਂ ਬਹੁਤ ਥੱਕ ਗਿਆ ਹਾਂ, ਕੱਲ੍ਹ ਨੂੰ ਸੱਭ ਕੁਝ ਦੱਸਾਂਗਾ। ਹੁਣ ਤਾਂ ਘਰ ਪਹੁੰਚ ਲੰਮੀ ਤਾਣ ਕੇ ਸੌਣ ਦਾ ਇਰਾਦਾ ਹੈ।’
‘ਗੱਲ ਤਾਂ ਤੇਰੀ ਠੀਕ ਹੈ। ਪਰ ਕੁਝ ਪਤਾ ਤਾਂ ਲੱਗੇ।’
‘ਬੱਸ ਚਾਚਾ! ਸੱਚ ਤਾਂ ਇਹ ਹੈ ਕਿ ਜੰਗਲ ਜੰਗਲ ਹੈ ਤੇ ਸ਼ਹਿਰ ਸ਼ਹਿਰ। ਸਾਡੇ ਸੱਭ ਲਈ ਜੰਗਲ ਹੀ ਸਵਰਗ ਹੈ… ਕੁਦਰਤ ਦੀਆਂ ਵੰਨ-ਸੁਵੰਨੀਆਂ ਦਾਤਾਂ ਨਾਲ ਹਰਿਆ ਭਰਿਆ ਜੰਗਲ। ਆਪਣੀਆਂ ਰੰਗ-ਬਿਰੰਗੀਆਂ ਰੋਸ਼ਨੀਆਂ ਅਤੇ ਚੰਗੇ-ਮਾੜੇ ਵਰਤਾਰਿਆਂ ਨਾਲ ਭਰਪੂਰ ਸ਼ਹਿਰ ਮਨੁੱਖਾਂ ਨੂੰ ਹੀ ਮੁਬਾਰਕ।’ ਚਿੰਕੂ ਦੇ ਨਿਰਣਾਕਾਰੀ ਬੋਲ ਸਨ।
Email: [email protected]