Breaking News
Home / ਨਜ਼ਰੀਆ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

(ਕਿਸ਼ਤ ੪)
ਪੈਗੰਬਰੀ ਦਾ ਦੂਜਾ ਨਾਂ ਹੈ ਕਵਿਤਾ : ਡਾ. ਨਾਜ਼
ਡਾ. ਡੀ ਪੀ ਸਿੰਘ
416-859-1856
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਡਾ. ਸਿੰਘ: ਸਰ! ਆਪ ਜੀ ਦੀਆਂ ਹੁਣ ਤੱਕ ਕਿੰਨੀਆਂ ਪੁਸਤਕਾਂ ਛਪ ਚੁੱਕੀਆਂ ਹਨ ਤੇ ਕਿਹੜੀਆਂ ਕਿਹੜੀਆਂ? ਕੋਈ ਛਪਾਈ ਅਧੀਨ ਵੀ ਹੈ? ਕ੍ਰਿਪਾ ਕਰ ਕੇ ਵਿਸਥਾਰ ਸਹਿਤ ਦੱਸੋ।
ਡਾ. ਨਾਜ਼: ਕੇਵਲ ਇੱਕ ਹੀ ਕਿਤਾਬ ਪੰਜਾਬੀ ਅੰਦਰ ਗਜ਼ਲ, ਨਜ਼ਮ ਅਤੇ ਆਮ ਕਵਿਤਾ ਦਾ ਸੰਗ੍ਰਹਿ ਮੇਰੇ ਕੋਲ ਹੈ। ਉਰਦੂ ਦੀ ਗਜ਼ਲ ਗੋਈ ਅਤੇ ਨਜ਼ਮ ਦਾ 160 ਲਿਖਤਾਂ ਦਾ ਖੁਲਾਸਾ ਲਾਹੌਰ ਵਿਖੇ ਸੰਨ 1969 ਵਿਚ ਛਪਿਆ ਸੀ। ਮੇਰੇ ਲਗਭਗ 120 ਚੋਣਵੇਂ ਸੰਪਾਦਕੀ ਲੇਖ, ਜੋ ਪੰਜਾਬੀ ਡੇਲੀ ਅਖਬਾਰ ਵਿਚ ਛਪੇ, ਅਜੇ ਕਿਤਾਬੀ ਰੂਪ ਵਿਚ ਛਪਾਈ ਅਧੀਨ ਹਨ। ਮੇਰਾ ਕਾਲਮ ”ਕਿੱਸਾ ਗਧਿਆਂ ਦਾ”, ਜੋ ਹਾਸ ਰਸ ਭਰਭੂਰ, ਸਿਆਸੀ ਤੇ ਸਮਾਜਿਕ ਟਕੋਰਾਂ/ਵਿਅੰਗ ਹਨ, ਪੰਜਾਬੀ ਡੇਲੀ ਅਖਬਾਰ ਵਿਚ ਪੂਰਾ ਸਾਲ ਭਰ ਛਪਦੇ ਰਹੇ ਹਨ। ਮੇਰੀ ਕਿਤਾਬ ”ਸੰਗਤ”, ਜੋ ਕੋਈ 370 ਲੇਖਾਂ ਦਾ ਸੰਗ੍ਰਹਿ ਹੈ, ਨਿੱਜੀ ਤੌਰ ‘ਤੇ ਮੇਰੀ ਪਸੰਦ ਦਾ ਗਹਿਣਾ ਹੈ। ਅੰਗਰੇਜ਼ੀ ਭਾਸ਼ਾ ਵਿਚ ਰਚਿਤ ਤਿੰਨ ਕਿਤਾਬਾਂ, ਮੇਰੇ ਦੁਆਰਾ ਬਾਈਬਲ ਦੀ ਵਿਆਖਿਆ ਅਤੇ ਮੇਰੇ ਭਾਸ਼ਣਾਂ ਦਾ ਸੰਗ੍ਰਹਿ ਹਨ। ਇੱਕ ਹੋਰ ਕਿਤਾਬ, ਰੇਡੀਓ ਅਤੇ ਟੀਵੀ ਦੁਆਰਾ ਪ੍ਰਸਾਰਿਤ ਮੇਰੇ 170 ਭਾਸ਼ਣਾਂ ਨੂੰ ਸਮੋਈ ਬੈਠੀ ਹੈ। ਟੈਲੀਵਿਯਨ ਦੁਆਰਾ ਪ੍ਰਸਾਰਿਤ ਮੇਰੇ ਲਗਭਗ 300 ਭਾਸ਼ਣ ਹਨ, ਜੋ ਸੀ. ਡੀਜ਼/ਵੀਡੀਓ ਦੇ ਰੂਪ ਵਿਚ ਮੌਜੂਦ ਹਨ। ਇਹ ਵੀਡੀਓ, ਧਰਮ, ਸਮਾਜ ਅਤੇ ਸਿਆਸਤ ਬਾਰੇ ਮੇਰੇ ਵਿਚਾਰਾਂ/ ਕਾਮੈਂਟਰੀ ਦਾ ਮੁਜ਼ਾਹਿਰਾ ਕਰਦੇ ਹਨ। ਬਹੁਤ ਕੁਝ ਛਪਣ ਵਾਲਾ ਹੈ। ਮੇਰੇ ਚਲੇ ਜਾਣ ਮਗਰੋਂ ਛਾਪ ਲੈਣਾ, ਕਿਤੇ ਸਵੈਮਾਨ ਅੰਦਰ ਘੁਮੰਡੀ ਨਾ ਹੋ ਜਾਵਾਂ। ਜਿਸ ਕਿਤਾਬ ਤੇ ਅਪਣੇ ਜੀਵਨ ਵਿਚ ਮਾਨ ਮਹਿਸੂਸ ਕਰਦਾ ਹਾਂ, ਉਹ ਹੈ ”ਸਹਿਜੇ ਰਚਿਓ ਖਾਲਸਾ” ਪ੍ਰੋ: ਹਰਿੰਦਰ ਮਹਿਬੂਬ ਦਾ ਕੋਈ 1300 ਪੰਨਿਆਂ ਦਾ ਸਿੱਖ ਧਰਮ ਤੇ ਸਿਧਾਂਤਿਕ ਫ਼ਲਸਫ਼ਾ! ਮੈਂ ਏਸ ਦਾ ਅੰਗਰੇਜ਼ੀ ਬੋਲੀ ਵਿਚ ਉਲੱਥਾ ਕਰ ਦਿੱਤਾ ਹੈ। ਇਹ ਕਾਰਜ ਕੋਈ ਢਾਈ ਸਾਲ ਅੰਦਰ ਸਿਰੇ ਚੜ੍ਹਿਆ। ਪਰ ਅਜੇ ਛਪ ਨਹੀਂ ਸਕਿਆ। ਮੇਰੇ ਖਿਆਲ ਅੰਦਰ ਸੰਪੂਰਨਤਾ ਕਦੀ ਵੀ ਨਹੀਂ ਹੁੰਦੀ, ਅਧੂਰਾਪਨ ਅਪਣੇ ਆਪ ਅੰਦਰ ਹਰ ਇੱਕ ਕਿਰਦਾਰ ਦਾ ਅਪਣਾ ਚਿੱਤਰ ਹੈ।
ਡਾ. ਸਿੰਘ: ਰਚਨਾਵਾਂ ਨੂੰ ਛਪਵਾਉਣ ਲਈ ਕਿਨ੍ਹਾਂ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਡਾ. ਨਾਜ਼: ਜੀਵਨ ਅੰਦਰ ਆਰਥਿਕਤਾ ਹਰ ਰਾਹ ਦੀ ਮੰਜ਼ਿਲ ਦਾ ਵੱਡਾ ਪਹਿਲੂ ਹੁੰਦਾ ਹੈ। ਬੇਸ਼ਕ ਬਹੁਤੇ ਮੰਦੇ ਵਾਲਾ ਕੋਈ ਸੰਕਟ ਨਹੀਂ ਸੀ ਪਰ ਪਿਤਾ ਜੀ ਦੇ ਤੁਰ ਜਾਣ ਮਗਰੋਂ ਚਾਰ ਭੈਣਾਂ ਦੀ ਪੜ੍ਹਾਈ ਅਤੇ ਵਿਆਹ ਸ਼ਾਦੀ ਦੀ ਜ਼ੁੰਮੇਵਾਰੀ, ਛੋਟੇ ਭਰਾ ਦਾ ਛੇਤੀ ਤੁਰ ਜਾਣਾ ਅਤੇ ਉਸ ਦੀ ਜੀਵਨ ਸਾਥਨ ਅਤੇ ਤਿੰਨ ਬੱਚਿਆਂ ਦੀ ਜ਼ੁੰਮੇਵਾਰੀ ਮੇਰੇ ਸਿਰ ‘ਤੇ ਆਰਥਿਕ ਬੋਝ ਸੀ, ਜੋ ਮੈਂ ਬਾਖੂਬੀ ਪੂਰਾ ਕੀਤਾ। ਬਾਕੀ ਮਜਬੂਰੀ ਤੇ ਤਾਂ ਹੁੰਦੀ, ਜੇ ਕੁਝ ਛਾਪਣ ਦੀ ਲਾਲਸਾ ਹੁੰਦੀ! ਮਜਬੂਰੀ ਅੰਦਰ ਕਿਸੇ ਦੀ ਵੀ ਜੀ ਹਜੂਰੀ ਮੇਰੇ ਕੋਲੋਂ ਹੋ ਨਹੀਂ ਸਕਦੀ।
ਡਾ. ਸਿੰਘ: ਆਪ ਜੀ ਨੂੰ ਮਿਲੇ ਸਨਮਾਨਾਂ ਬਾਰੇ ਜਾਨਣ ਦਾ ਇਛੁੱਕ ਹਾਂ।
ਡਾ. ਨਾਜ਼: ਜੀ, ਮੈਂ ਵਧੇਰੇ ਕਰਕੇ ਭਾਰਤ ‘ਚੋਂ ਬਦਰ ਹੋਣ ਸਦਕਾ, ਪਛਾਣ ਤੋਂ ਬਾਹਰ ਹੀ ਰਿਹਾ ਹਾਂ। ਬੇਸ਼ਕ ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ ਦੇ ਨਾਮ-ਇਕਰਾਮਾਂ ਦੀਆਂ ਘਰ ਅੰਦਰ ਅਣਗਿਣਤ ਨਿਸ਼ਾਨੀਆਂ ਹਨ। ਮੇਰੀ ਇੱਕ ਉਪਾਸ਼ਕ ਕਾਵਿਤਰੀ, ਜਿਸ ਨੂੰ ਮੈਂ ਅਜੇ ਤੱਕ ਨਹੀਂ ਵੇਖਿਆ, ਇੱਕ ਗ਼ਜ਼ਲ ਪੜ੍ਹ ਕੇ ਆਖਦੀ ਹੈ ”ਜੇ ਮੇਰੇ ਵੱਸ ਅੰਦਰ ਹੋਵੇ, ਇਹ ਇਕ ਅਜਿਹੀ ਗ਼ਜ਼ਲ ਹੈ ਜੋ ਨੋਬਲ ਪ੍ਰਾਈਜ਼ ਦੀ ਹੱਕਦਾਰ ਹੈ”। ਸੋਚਦਾ ਹਾਂ ਮੇਰਾ ਨੋਬਲ ਪ੍ਰਾਈਜ਼ ਮੈਨੂੰ ਓਸ ਦਿਨ ਮਿਲ ਗਿਆ ਸੀ।
ਇੱਕ ਅਜੀਬ ਜਿਹੀ ਖ਼ਬਰ ਮਿਲੀ ਹੈ ਕਿ ਮੇਰਾ ਇੱਕ ਵਕੀਲ ਦੋਸਤ/ਵਿੱਦਿਆਰਥੀ ਮੇਰੇ ਉੱਪਰ ”ਗੁਰੂਦੇਵ” ਕਿਤਾਬ ਸੰਗ੍ਰਹਿ ਛਾਪ ਰਿਹਾ ਹੈ, ਜਿਸ ਅੰਦਰ ਉਹ ਕੁਝ ਹੀ ਸ਼ਾਮਿਲ ਹੈ ਜੋ ਲੋਕ ਮੇਰੀ ਬਾਬਤ ਸੋਚਦੇ, ਸਮਝਦੇ ਅਤੇ ਲਿਖਦੇ ਹਨ। ਉਂਝ ਤੇ ਸਨਮਾਨ ਦੀ ਗੱਲ ਕਰੀਏ ਤਾਂ ਅੱਜ ਤੱਕ ਤਿੰਨ ਆਨਰੇਰੀ ਡਾਕਟਰੇਟ ਡਿਗਰੀਆਂ (ਮਗਿੱਲ ਯੂਨੀਵਰਸਿਟੀ, ਕਿਊਬੈੱਕ, ਵਿਕਟੋਰੀਆ ਯੂਨੀਵਰਸਿਟੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਅਤੇ ਫਰੈਜ਼ਨੋ ਸੈਮੀਨਰੀ ਕਾਲਜ, ਯੂ. ਐਸ. ਵਲੋਂ), 17 ਸਨਮਾਨ ਪੱਤਰ, ਅਲੱਗ ਅਲੱਗ ਅਮਰੀਕਨ ਅਤੇ ਕੈਨੇਡੀਅਨ ਯੂਨੀਵਰਸਟੀਆਂ ਤੋਂ ਮਿਲ ਚੁੱਕੇ ਹਨ।
ਪਰ ਮੈਂ ਸਮਝਦਾ ਹਾਂ ਕਿ ਮੇਰਾ ਸਭ ਤੋਂ ਵੱਡਾ ਸਨਮਾਨ ਤਾਂ ਉਹ ਲੋਕ ਹਨ ਜੋ ਮੇਰੇ ਚਾਹਵਾਨ ਹਨ, ਮੇਰੇ ਸਿਰ ਦਾ ਤਾਜ ਹਨ।
ਡਾ. ਸਿੰਘ: ਆਪ ਜੀ ਨੂੰ ਆਪਣੇ ਵਿਭਿੰਨ ਕਾਰਜ ਖੇਤਰਾਂ (ਧਾਰਮਿਕ, ਸਮਾਜਿਕ, ਸਹਿਤਕ, ਪੱਤਰਕਾਰੀ, ਰੇਡੀਓ ਤੇ ਟੀਵੀ ਹੋਸਟ ਆਦਿ) ਵਿਚੋਂ ਕਿਹੜਾ ਕਾਰਜ ਖੇਤਰ ਸੱਭ ਤੋਂ ਵਧੇਰੇ ਪਸੰਦ ਹੈ ਅਤੇ ਕਿਉਂ?
ਡਾ. ਨਾਜ਼: ਵੇਖੋ ਡੀ. ਪੀ. ਜੀ! ਹਰ ਵਰਗ ਦਾ ਅਪਣਾ ਆਪਣਾ ਕਿਰਦਾਰ ਹੈ, ਕਾਰਜ ਖੇਤਰ ਹੈ। ਪੱਤਰਕਾਰੀ ਸੱਚ ਅਤੇ ਝੂਠ ਦੇ ਤੂਫ਼ਾਨ ਵਿਚਕਾਰ ਡਾਵਾਂ ਡੋਲੇ ਖਾਂਦੀ ਕਿਸ਼ਤੀ ਦਾ ਨਾਂ ਹੈ, ਤੁਸੀਂ ਇੱਕ ਮਲਾਹ ਵਾਂਗਰ ਬੇੜੇ ਦੇ ਦੁਖਾਂਤ ਦੀ ਰਾਹਗੀਰੀ ਕਰਦੇ ਹੋ। ਕਿਨਾਰੇ ਤੇ ਵਾਹ ਵਾਹ ਕਰਦੇ ਲੋਕਾਂ ਦੀਆਂ ਉੱਲਰਦੀਆਂ ਬਾਹਾਂ, ਤੁਹਾਡੀ ਜਿੱਤ ਦਾ ਸ਼ਿੰਗਾਰ ਹੁੰਦੀਆਂ ਹਨ। ਦੌਲਤ ਅਤੇ ਸ਼ੁਹਰਤ ਤੁਹਾਡੇ ਪੈਰ ਚੁੰਮਦੀ ਹੈ (ਇੱਥੇ ਮੈਂ ਪੱਛਮੀ ਲੋਕਾਂ ਦੀ ਅੰਗ੍ਰੇਜ਼ੀ ਭਾਸ਼ਾ ਵਾਲੀ ਪੱਤਰਕਾਰੀ ਦੀ ਗੱਲ ਕਰ ਰਿਹਾ ਹਾਂ)। ਰਹੀ ਗੱਲ ਸਾਹਿਤ ਦੇ ਲੇਖਕਾਂ, ਕਹਾਣੀਕਾਰਾਂ ਅਤੇ ਕਵੀਆਂ ਦੀ, ਪਹਿਲਾਂ ਤਾਂ ਸਾਲਾਂ ਬੱਧੀ ਮਿਹਨਤ ਕਰਕੇ ਕਿਤਾਬ ਲਿਖੋ। ਫੇਰ ਅਪਣੇ ਪੱਲਿਉਂ ਪੈਸੇ ਲਾ ਕੇ ਛਪਾਓ, ਫੇਰ ਕੈਨੇਡਾ ਲਈ ਭਾਰਤ ਤੋਂ ਸ਼ਿੱਪਿੰਗ ਕਰਵਾਓ, ਮੁੜ 3000 ਡਾਲਰ ਖਰਚ ਕੇ ਏਸ ਦੀ ਝੁੰਡ ਚੁਕਵਾਈ ਕਰਾਓ ਅਤੇ ਆਖਰ ਵਿੱਚ ਕਿਤਾਬ ਫਰੀ ਵੰਡੋ! ਮੇਰੇ ਖਿਆਲ ਅੰਦਰ ਇਹ ਇੱਕ ਕਵੀ ਜਾਂ ਲਿਖਾਰੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਜੋ ਕੌਮ ਅਪਣੇ ਬੁੱਧੀਜੀਵੀਆਂ ਦਾ ਸਤਿਕਾਰ ਨਹੀਂ ਕਰਦੀ, ਬਹੁਤ ਦੇਰ ਤੱਕ ਜੀਂਦੀ ਨਹੀਂ ਰਹਿ ਸਕਦੀ।
ਰਹੀ ਗੱਲ ਸਕਰੀਨ ਅਤੇ ਰੇਡੀਓ ਮੀਡੀਆ ਦੀ, ਮੇਰਾ ਅਪਣਾ ਖਿਆਲ ਹੈ ਕਿ ਸੋਸ਼ਲ ਮੀਡੀਏ ਦੀ ਵਰਤੋਂ, ਅੱਜ ਦੇ ਸਮਾਜ ਦਾ ਅਟੁੱਟ ਅੰਗ ਹੈ। ਮੈ ਰੱਜ ਕੇ ਏਸ ਨੂੰ ਵਰਤਦਾ ਹਾਂ, ਤੇ ਮਾਣਿਆ ਹੈ। ਏਸ ਗੱਲ ਦਾ ਜ਼ਰੂਰ ਦੁੱਖ ਹੈ ਕਿ ਸਾਡੇ ਰੇਡੀਓ ਅਤੇ ਟੀ. ਵੀ. ਹੋਸਟ ਉਹ ਕੁਝ ਨਹੀਂ ਹਨ, ਜੋ ਹੋਣਾ ਚਾਹੀਦੇ ਸਨ। ਫਿਰ ਵੀ ਅੱਜ ਦੇ ਸਮੇਂ ਅੰਦਰ ਕਿਤਾਬੀ ਸੱਭਿਆਚਾਰ ਨਾਲੋਂ ਅੱਜ ਦੇ ਇਲੈਕਟ੍ਰਾਨਿਕ ਮੀਡੀਏ ਦੀ ਵਰਤੋਂ ਦਾ ਹਾਮੀ ਹਾਂ।
ਡਾ. ਸਿੰਘ: ਸਰ ! ਕੀ ਤੁਸੀਂ ਵਾਰਤਕ ਤੋਂ ਇਲਾਵਾ ਹੋਰ ਸਾਹਿਤਕ ਵਿਧਾਵਾਂ ਵਿਚ ਵੀ ਕਲਮਕਾਰੀ ਕੀਤੀ ਹੈ?
ਡਾ. ਨਾਜ਼: ਅਸਲ ਗੱਲ ਇਹ ਹੈ ਕਿ ਵਾਰਤਕ ਵਿਧੀ ਤੁਹਾਡੇ ਸਪਸ਼ਟ ਰੂਪ ਦਾ ਵਰਨਣ ਹੈ, ਸਮਾਜਿਕ ਤੇ ਆਰਥਿਕ ਵਤੀਰੇ ਦਾ ਪ੍ਰਤਖ ਰੂਪ ਹੈ। ਕਵਿਤਾ ਮੇਰੇ ਜਜ਼ਬਾਤ, ਕਲਪਨਾ, ਪਿਆਰ, ਨਿਰਾਸ਼ਤਾ, ਹਾਰ, ਹਾਸੇ, ਖੁਸ਼ੀਆਂ, ਰੂਹ ਦਾ ਉਹ ਅਦਿੱਖ, ਅਨੂਪ ਸਰੂਪ ਹੈ, ਜਿਸ ਦੀ ਆਵਾਜ਼ ਨਹੀਂ ਹੁੰਦੀ, ਪਰ ਰੂਹ ਆਪ ਅਤੇ ਸਾਫ਼ ਬੋਲਦੀ ਹੈ। ਏਸ ਨੂੰ ਰੂਹ ਦੀ ਆਵਾਜ਼ ਹੀ ਕਹਿ ਸਕਦੇ ਹਾਂ। ਇਹ ਭਾਗ ਮੇਰੀ ਰੂਹ ਹੈ ਜਾਨ ਹੈ। ਮੇਰੀ ਕਵਿਤਾ ਹੈ। ਕਵਿਤਾ ਸ਼ਾਇਦ ਏਸ ਕਰਕੇ ਹੀ ਵਾਰਤਕ ਨਾਲੋਂ ਕੱਦ ਕਾਠ ਅੰਦਰ ਵੱਡੀ ਹੈ। ਵਾਰਤਕ ਦਿੱਖ ਜਿਸਮ ਧਾਰੀ ਵਸਤੂਆਂ ਦੇ ਰੂਪ ਦਾ ਵਿਖਾਵਾ ਹੈ, ਪਰ ਕਵਿਤਾ ਕੋਲ ਕੋਈ ਵਸਤੂ ਰੂਪ ਨਹੀਂ ਹੁੰਦਾ, ਉਹ ਅਦਿੱਖ ਨੂੰ ਦਿੱਖ ਰੂਪ ਬਖ਼ਸ਼ਦੀ ਹੈ, ਪੈਦਾ ਕਰਦੀ ਹੈ। ਉਹ ਜਿਸਮ ਨੂੰ ਉਕਰਦੀ ਹੈ, ਬੇਆਵਾਜ਼ ਨੂੰ ਆਵਾਜ਼ ਦੇਂਦੀ, ਅਦਿਖ ਭਵਿਸ਼ ਕਾਲ ‘ਚੋਂ ਤਸਵੀਰਾਂ ਘੜਦੀ ਹੈ, ਭਵਿਸ਼ ਉਲੀਕਦੀ ਹੈ, ਏਸ ਕਰਕੇ ਹੀ ਕਵਿਤਾ ਪੈਗੰਬਰੀ ਦਾ ਹੀ ਦੂਜਾ ਨਾਂ ਹੈ। ਬਾਬਾ ਨਾਨਕ ਇੱਕ ਕਵੀ ਹੈ, ਜੋ ਪੈਗੰਬਰੀ ਦਾ ਰੂਪ ਹੈ! ਅੱਜ 27 ਮਿਲੀਅਨ ਨਾਨਕ ਪੰਥੀ ਓਸ ਨਾਨਕ ਦੀ ਪੈਦਾਇਸ਼ ਨਜ਼ਰ ਪੈਂਦੀ ਹੈ! ਸਾਹਿਤ ਦਾ ਇੱਕ ਹੋਰ ਭਾਗ ਵੀ ਹੈ ਜੋ ਅੱਜ ਦੀ ਵਿਗਿਆਨਕ ਸੋਚ ਦੀ ਉਪਜ ਹੈ। ਆਪ ਏਸ ਨੂੰ ਵਿਗਿਆਨਕ ਸਾਹਿਤ ਵੀ ਆਖ ਸਕਦੇ ਹੋ। ਬੇਸ਼ਕ ਭਾਰਤ ਅੰਦਰ ਏਸ ਰੁਚੀ ਦੇ ਬਹੁਤ ਘੱਟ ਲਿਖਾਰੀ ਹਨ। ਅੱਜ ਦੀ ਸਾਇੰਸ ਦੀਆਂ ਕਾਢਾਂ, ਦੇ ਪੱਛਮੀ ਲਿਖਾਰੀ ਹੀ ਇਸ ਸੰਕਲਪ ਦੇ ਮੋਢੀ ਤੇ ਪੇਸ਼ਾਵਰ ਸਨ। ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਵਿਗਿਆਨਕ ਸੋਚ ਨੂੰ ਆਪਣੀਆਂ ਰਚਨਾਵਾਂ ਵਿਚ ਥਾਂ ਦੇਵਾਂ।
(ਚੱਲਦਾ)
——-
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …