Breaking News
Home / ਨਜ਼ਰੀਆ / ਸਿਆਸੀ ਪਾਰਟੀਆਂ ਤੇ ਵਿਦੇਸ਼ੀ ਪੈਸਾ

ਸਿਆਸੀ ਪਾਰਟੀਆਂ ਤੇ ਵਿਦੇਸ਼ੀ ਪੈਸਾ

ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
ਸਿਆਸਤ ਵਿੱਚ ਪੈਸਾ ਜਰੂਰੀ ਹੈ, ਪੈਸੇ ਵਾਲੇ ਦਾ ਹੱਥ ਉੱਚਾ ਹੋ ਜਾਂਦਾ ਹੈ। 20ਵੀਂ ਸਦੀ ਦੇ ਪਹਿਲੇ ਅੱਧ ਤੱਕ ਪੰਥਕ ਸਿਆਸਤ ਵਿੱਚ ਪੈਸੇ ਦੀ ਲੋੜ ਪੈਂਦੀ ਸੀ, 1920 ਤੋਂ 40 ਤੱਕ 5 ਗੁਰਦੁਆਰਾ ਚੋਣਾਂ, 1937 ਦੀ ਅਸੈਂਬਲੀ ਚੋਣ ਤੇ ਹੋਰ ਛੋਟੀਆਂ ਚੋਣਾਂ ਤੇ ਪਾਰਟੀਆਂ ਦੇ ਖਰਚ ਹੁੰਦੇ ਸਨ। ਉਸ ਸਮੇਂ ਲੀਡਰ ਆਪਣੀ ਪਾਰਟੀ ਲਈ ਇਕੱਠਾ ਕੀਤਾ ਪੈਸਾ ਆਪਣੀ ਜਾਤੀ ਜਿੰਦਗੀ ਲਈ ਨਹੀਂ ਸੀ ਵਰਤਦੇ। ਪਾਰਟੀਆਂ ਦੇ ਪ੍ਰਚਾਰ ਤੇ ਪੇਪਰ ਕੱਢਣ ਵਾਸਤੇ ਟਰੱਸਟ ਬਣਾਏ ਜਾਂਦੇ ਸਨ। ਉਸ ਸਮੇਂ ਦੀ ਲੀਡਰਸ਼ਿਪ ਲੋਕਾਂ ਤੋਂ ਲਏ ਪੈਸੇ ਨਾਲ ਕਈ ਲੋੜਵੰਦ ਵਿਦਿਆਰਥੀਆਂ ਦੀ ਮੱਦਤ ਵੀ ਕਰਦੀ ਸੀ, ਜੋ ਹੁਣ ਨਹੀਂ ਹੋ ਰਹੀ। ਮੱਦਤ ਕਾਲਜ ਦੀਆਂ ਫੀਸਾਂ ਤੇ ਵਿਦਿਆਰਥੀਆਂ ਦੇ ਖਰਚੇ ਨੂੰ ਹੁੰਦੀ ਸੀ। ਜਿਹੜੇ ਖਰਚੇ ਉਹ ਜਾਂ ਉਹਨਾਂ ਦੇ ਪਰਿਵਾਰ ਤੋਂ ਨਹੀਂ ਸੀ ਹੋ ਸਕਦੇ। ਸਾਡੇ ਲੋਕ ਕੰਮ ਕਰਨ ਲਈ ਸਿੰਘਾਪੁਰ, ਮਲਾਇਆ, ਹਾਂਗਕਾਂਗ, ਬਰ੍ਹਮਾ (ਅੱਜ ਦਾ ਮੀਆਂਮੀਰ) ਆਦਿ ਨੇੜੇ ਤੇੜੇ ਦੇ ਦੇਸ਼ਾਂ ਵਿੱਚ ਜਾਂਦੇ ਸਨ। ਉਸ ਸਮੇਂ ਇਹ ਸਫਰ ਹਵਾਈ ਨਹੀਂ, ਸਗੋਂ ਸਮੁੰਦਰੀ ਜਹਾਜਾਂ ਰਾਹੀਂ ਸਨ।ਸ੍ਰੋਮਣੀ ਕਮੇਟੀ ਵਿੱਚ ਪਾਰਟੀਬਾਜੀ ਸੀ।
ਮੇਰੇ ਚਾਚਾ ਜੀ ਗਿਆਨੀ ਸ਼ੇਰ ਸਿੰਘ ਨੇ ਟਰੱਸਟ ਬਣਾ ਕੇ ਅਖਬਾਰ ਕੱਢਿਆ ਹੋਇਆ ਸੀ, ਸ਼ਾਇਦ 1934 ਦੀ ਗੱਲ ਹੈ, ਉਹ ਪਾਰਟੀ ਅਤੇ ਪੇਪਰ ਲਈ ਪੈਸੇ ਇਕੱਠੇ ਕਰਨ ਲਈ ਖਾੜੀ ਦੇ ਦੇਸ਼ਾਂ ਨੂੰ ਜਾ ਰਹੇ ਸਨ। ਰਸਤੇ ਵਿੱਚ ਉਹ ਕੋਟਕਪੂਰੇ ਰੁਕੇ। ਇੱਕ ਛੋਟੇ ਕਮਰੇ ਵਿੱਚ ਉਹ ਪਏ ਤੇ ਵੱਡੇ ਕਮਰੇ ਵਿੱਚ ਉਨ੍ਹਾਂ ਦੇ 4-5 ਸਾਥੀ ਸੁੱਤੇ ਸਨ, ਸਾਰਿਆਂ ਦੇ ਨਾਲ ਨਹੀਂ ਸੀ ਜਾਣਾ। ਸਰਦੀ ਦੀ ਰਾਤ ਸੀ ਜਦੋਂ ਸਾਥੀਆਂ ਨੂੰ ਤਸੱਲੀ ਹੋ ਗਈ ਕਿ ਗਿਆਨੀ ਜੀ ਸੌਂ ਗਏ ਹਨ, ਤਾਂ ਗੱਲਾਂ ਕਰਨ ਲੱਗੇ ਕਿ ਜਦੋਂ ਪੈਸੇ ਇਕੱਠੇ ਹੋ ਜਾਣ ਤਾਂ ਵਾਪਸੀ ਤੇ ਸਮਾਂ ਦੇਖ ਕੇ ਸਮੁੰਦਰ ਵਿੱਚ ਉਨ੍ਹਾਂ ਨੂੰ ਧੱਕਾ ਦੇ ਦੇਣ, ਤੇ ਰੌਲਾ ਪਾਉਣ ਕਿ ਅੱਖਾਂ ਦੀ ਜੋਤ ਨਾ ਹੋਣ ਕਰਕੇ ਉਹ ਡਿੱਗ ਪਏ ਹਨ। ਸਾਥੀਆਂ ਦੀ ਗੱਲ ਸੁਣਕੇ ਉਨ੍ਹਾਂ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ, ਨੀਂਦ ਉੱਡ ਗਈ, ਸਮਾਂ ਦੇਖ ਕੇ ਪਿਸ਼ਾਬ ਕਰਨ ਦੇ ਬਹਾਨੇ ਛੋਟੀ ਪੱਗ, ਕਮੀਜ਼ ਤੇ ਖੂੰਡੀ ਨਾਲ ਗਲੀ ਦਾ ਦਰਵਾਜਾ ਖੋਲ੍ਹਿਆ, ਹੌਲੀ ਹੌਲੀ ਉਹ ਵੱਡੇ ਰਸਤੇ ਤੇ ਆ ਗਏ, ਤਾਂ ਇੱਕ ਮੁਸਲਮਾਨ ਤਾਂਗੇ ਵਾਲੇ ਨੇ ਪੁੱਛਿਆ, ਤੇ ਉਸਨੇ ਉਹਨਾਂ ਨੂੰ ਸਟੇਸ਼ਨ ਤੇ ਛੱਡ ਦਿੱਤਾ, ਉੱਥੇ ਕੋਈ ਵਾਕਫ ਮਿਲ ਗਿਆ, ਜਿਸਨੇ ਕੱਪੜੇ ਤੇ ਕਿਰਾਏ ਦੇ ਪੈਸੇ ਦਿੱਤੇ, ਅੰਮ੍ਰਿਤਸਰ ਤੋਂ ਬਰਨਾਲੇ ਪੁੱਜ ਗਏ। ਦੋਵਾਂ ਭਰਾਵਾਂ ਦੇ 6 ਪੁੱਤਰ ਸਨ, ਉਨ੍ਹਾਂ ਨੇ ਸਾਰੀ ਗੱਲ ਦੱਸੀ, ਤੇ ਫੈਸਲੇ ਅਨੁਸਾਰ ਮੇਰੇ ਬਾਪੂ ਜੀ ਨੂੰ ਅੰਮ੍ਰਿਤਸਰ ਲੈ ਆਏ ਤੇ ਉਹਨਾਂ ਨੂੰ ਲੀਡਰ ਦੀ ਸੁਰੱਖਿਆ ਅਧੀਨ ਲਾਇਸੈਂਸ ਬਣਵਾ ਦਿੱਤਾ। ਬਾਪੂ ਜੀ ਰਿਸ਼ਟ ਪੁਸ਼ਟ ਸਰੀਰ ਦੇ ਤੇ ਸਮੇਂ ਅਨੁਸਾਰ ਚੁਸਤ ਵੀ ਸਨ, ਪਿੱਛੇ ਭਰਾ ਸਨ। ਮੇਰਾ ਇਹ ਲਿਖਣ ਦਾ ਭਾਵ ਹੈ ਕਿ ਪਹਿਲਾਂ ਭਰਾਵਾਂ ਪਿੱਛੇ ਜਾਨ ਦਿੰਦੇ ਸਨ। ਫੇਰ ਬਾਪੂ ਜੀ ਦੇ ਆਉਣ ਤੇ ਟਰੱਸਟ ਤਿੰਨ ਸਾਲ ਹੋਰ ਚੱਲ ਗਿਆ।
ਪੰਜਾਬ ਦੀ ਅਕਾਲੀ ਸਿਆਸਤ ਵਿੱਚ ਲੀਡਰਾਂ ਨੂੰ ਵੱਡੇ ਵੱਡੇ ਸਰਦਾਰ ਮੱਦਤ ਕਰਦੇ ਸਨ, ਆਮ ਵਰਕਰ ਪੇਪਰਾਂ ਲਈ ਅਕਸਰ ਸਹਾਇਤਾ ਵੀ ਦਿੰਦੇ ਸਨ। ਹਰ ਸੋਚ ਵਾਲਾ ਵਿਅਕਤੀ ਅਖਬਾਰ ਜਰੂਰ ਪੜ੍ਹਦਾ ਸੀ। ਸਿੱਖ ਰਾਜੇ ਪੰਥਕ ਸਿਆਸਤ ਵਿੱਚ ਆਪਣਾ ਹੱਥ ਰੱਖਣਾ ਚਾਹੁੰਦੇ ਸਨ। ਪਰ ਸਿਆਸਤ ਵਿੱਚੋਂ ਪੈਸਾ ਕਮਾਉਣ ਦੀ ਰੁਚੀ ਨਹੀਂ ਸੀ। ਪਾਰਟੀ ਦੇ ਪੈਸੇ ਨੂੰ ਪਾਰਟੀ ਲਈ ਹੀ ਵਰਤਦੇ ਸਨ। ਸਰਦਾਰ ਜੰਗੀਰ ਸਿੰਘ ਮਧੇਕੇ ਵੈਨਕੁਵਰ ਵਿੱਚ ਹਨ, ਮੈਨੂੰ 3-4 ਸਾਲ ਹੋਏ, ਮੋਬਾਇਲ ਆਇਆ ਕਿ ਉਨ੍ਹਾਂ ਨੂੰ ਇੱਕ ਪੁਰਾਣੇ ਜਥੇਦਾਰ ਨੇ ਦੱਸਿਆ ਸੀ ਕਿ ਗਿਆਨੀ ਸ਼ੇਰ ਸਿੰਘ ਤੇ ਮਾਸਟਰ ਤਾਰਾ ਸਿੰਘ ਦੀ ਲੜਾਈ ਸਮੇਂ ਗੁਰਬਖਸ਼ ਸਿੰਘ ਬੰਨੋਆਣਾ (ਜਿੰਨ੍ਹਾਂ ਨੂੰ ਬ਼ਾਅਦ ਵਿੱਚ ਬਾਬਾ ਬੰਨੋਆਣਾ ਕਿਹਾ ਗਿਆ) ਮਾਸਟਰ ਜੀ ਦੇ ਅਖਬਾਰ ਵਿੱਚ ਸਨ। ਅਖੀਰੀ ਸਮੇਂ ਉਹ ਨਵੇਂ ਜਮਾਨੇ ਵਿੱਚ ਰਹੇ। ਉਨ੍ਹਾਂ ਨੇ ਦੱਸਿਆ ਕਿ ਮਾਸਟਰ ਜੀ ਹਿੰਦੂ ਅਖਬਾਰਾਂ ਵਾਲਿਆਂ ਨੂੰ ਪ੍ਰੇਰਦੇ ਅਤੇ ਪੈਸੇ ਦਿੰਦੇ ਸਨ ਕਿ ਉਨ੍ਹਾਂ ਵਿਰੁੱਧ ਲਿਖੋ, ਨਹੀਂ ਤਾਂ ਗਿਆਨੀ ਸ਼ੇਰ ਸਿੰਘ ਮੇਰੇ ਤੇ ਭਾਰੂ ਪੈ ਜਾਵੇਗਾ। ਗਿਆਨੀ ਗੁਰਦਿੱਤ ਸਿੰਘ ਦੱਸਦੇ ਸਨ, ਕਿ 1959-60 ਦੀ ਗੁਰਦੁਆਰਾ ਚੋਣ ਸਮੇਂ ਜਥੇ: ਗੁਰਚਰਨ ਸਿੰਘ ਟੋਹੜਾ ਪਹਿਲੀ ਵਾਰ ਸ੍ਰੋਮਣੀ ਕਮੇਟੀ ਦੇ ਮੈਂਬਰ ਬਣੇ। ਉਹਨਾਂ ਨੂੰ ਮਾਸਟਰ ਜੀ ਨੇ ਚੋਣ ਲੜਨ ਲਈ 3000 ਰੁਪਏ ਦਿੱਤੇ ਸਨ, ਉਹ ਚੋਣ ਜਿੱਤ ਕੇ 1800 ਰੁਪਏ ਮੋੜ ਆਏ ਤੇ ਦੱਸਿਆ ਕਿ ਸਾਈਕਲਾਂ ਤੇ ਚੋਣ ਮੁਹਿੰਮ ਹੋਣ ਕਾਰਨ 1200 ਹੀ ਖਰਚ ਹੋਏ ਹਨ। ਮਾਸਟਰ ਜੀ ਨੇ ਬਹੁਤ ਚੋਣਾਂ ਲੜਾਈਆਂ, ਸ੍ਰੋਮਣੀ ਕਮੇਟੀ ਤੋਂ ਬਿਨਾਂ ਹੋਰ ਵੀ ਚੋਣਾਂ ਲੜੇ, ਪਰ ਉਨ੍ਹਾਂ ਦੇ ਵਾਰਸਾਂ ਕੋਲ ਵਾਧੂ ਪੈਸਾ ਜਾਂ ਧੰਨ ਨਹੀਂ ਦੇਖਿਆ ਜਾ ਸਕਦਾ। ਕਿਉਂਕਿ ਉਸ ਸਮੇਂ ਦੀ ਲੀਡਰਸ਼ਿਪ ਪਾਰਟੀ ਦੇ ਪੈਸੇ ਨੂੰ ਜਾਤ ਲਈ ਵਰਤਣਾ ਪਾਪ ਸਮਝਦੀ ਸੀ ਤੇ ਨਾ ਹੀ ਲੀਡਰਸ਼ਿਪ ਪੈਸੇ ਦੀ ਪਕੜ ਵਿੱਚ ਸੀ, ਜੋ ਹੁਣ ਹੋ ਗਈ ਹੈ।
ਸ. ਬਲਵਿੰਦਰ ਸਿੰਘ ਭੂੰਦੜ ਸੁਲਝੇ ਵਿਧਾਇਕ ਤੇ ਹੁਣ ਰਾਜਸਭਾ ਦੇ ਮੈਂਬਰ ਹਨ, 50 ਸਾਲ ਦਾ ਸਿਆਸੀ ਸਫਰ ਹੈ। ਉਹ ਦੱਸਦੇ ਸੀ ਕਿ ਪਹਿਲਾਂ ਚੋਣਾਂ ਤੇ ਖਰਚ ਨਹੀਂ ਸੀ ਹੁੰਦਾ। ਜਿਹੜਾ ਲੋਕਾਂ ਵੱਲੋਂ ਦਿੱਤੇ ਗਏ ਛੋਟੀ ਛੋਟੀ ਮੱਦਤ ਨਾਲ ਪੂਰਾ ਹੋ ਜਾਂਦਾ ਸੀ, ਪੈਸੇ ਦੀ ਵਾਧੂ ਲੋੜ ਨਹੀਂ ਸੀ ਪੈਂਦੀ। ਸ. ਗੁਰਦੇਵ ਸਿੰਘ ਬਖਸ਼ੀਵਾਲਾ 1972 ਵਿੱਚ ਵਿਧਾਇਕ ਬਣੇ, ਮੈਂ ਮੁੱਖ ਅਫਸਰ ਬੋਹਾ ਸੀ, ਗੱਲਾਂ ਕਰਦੇ ਕਹਿਣ ਲੱਗੇ ਕਿ ਚੋਣ ਸਮੇਂ ਕੁੱਲ ਖਰਚਾ 22000 ਹੋਇਆ, ਪਰ ਸਮਰਥਕਾਂ ਨੇ 25000 ਇਕੱਠਾ ਕਰ ਦਿੱਤਾ। ਪੈਸੇ ਦੀ ਭੁੱਖ ਨਹੀਂ ਸੀ। ਸ. ਸਿਮਰਨਜੀਤ ਸਿੰਘ ਮਾਨ ਇੱਕ ਇਮਾਨਦਾਰ ਤੇ ਸਾਫ ਸੁੱਚੇ ਅਫਸਰ ਹੋਏ ਹਨ। ਉਨ੍ਹਾਂ ਨੂੰ ਲੀਡਰਸ਼ਿਪ ਸਮੇਂ ਵਿਦੇਸ਼ਾਂ ਤੋਂ ਮੱਦਤ ਆਉਂਦੀ ਰਹੀ ਪਰ ਉਨ੍ਹਾਂ ਨੇ ਇਹ ਪੈਸਾ ਆਪਣੇ ਲਈ ਨਹੀਂ ਵਰਤਿਆ, ਸਗੋਂ ਪਾਰਟੀ ਤੇ ਲਾਇਆ। ਕਈ ਸਾਥੀਆਂ ਨੇ ਖੁੱਲ੍ਹ ਕੇ ਵਰਤੋਂ ਕੀਤੀ, ਕਈ ਹੁਣ ਬਾਹਰ ਵਸ ਗਏ ਤੇ ਹੁਣ ਉਨ੍ਹਾਂ ਨੂੰ ਭੁੱਲ ਗਏ। ਸਾਡੇ ਬਾਹਰ ਵਸੇ ਵੀਰ ਨਵੀਂ ਬਣੀ ਪਾਰਟੀ ਦੀਆਂ ਗੱਲਾਂ ਕਰਦੇ ਸਨ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਮੁੱਦਈ ਹਨ। ਸਾਡੇ ਵਿੱਚ ਬਾਹਰ ਜਾਣ ਦਾ ਰੁਝਾਨ 1980-85 ਤੋਂ ਬਹੁਤ ਵਧ ਗਿਆ ਹੈ। ਜੇਕਰ ਬਾਹਰ ਜਾਣ ਦੇ ਸਾਧਨ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਕਈਆਂ ਨੇ ਸਮਾਜਿਕ ਕਦਰਾਂ ਕੀਮਤਾਂ ਦਾ ਬਹੁਤ ਨਾਸ ਮਾਰਿਆ, ਉਹ ਗੱਲਾਂ ਅਸੀਂ ਲਿਖ ਨਹੀਂ ਸਕਦੇ। ਨਵੇਂ ਵਿਆਹੇ ਸਹੀ ਜੋੜਿਆਂ ਨੂੰ ਆਗਿਆ ਨਹੀਂ ਮਿਲਦੀ, ਹੇਰਾਫੇਰੀ ਵਾਲੇ ਵਿਦੇਸ਼ ਵਿੱਚ ਪਹੁੰਚ ਜਾਂਦੇ ਹਨ। ਬਾਹਰ ਵਪਾਰੀ ਜਾਂ ਬਹੁਤੇ ਪੈਸੇ ਵਾਲੇ ਬਹੁਤ ਘੱਟ ਹਨ। ਬਹੁਤੇ ਤਾਂ ਨੌਕਰੀ ਤੇ ਕਾਰਖਾਨਿਆਂ ਤੇ ਕੰਮ ਕਰਦੇ ਹਨ, ਟੈਕਸੀ ਟਰਾਲੇ ਵੀ ਸਾਡੇ ਆਦਮਿਆਂ ਕੋਲ ਬਹੁਤ ਸਨ, ਉਨ੍ਹਾਂ ਨੂੰ ਉਹ ਕੰਮ ਮਿਲਦਾ ਹੈ, ਜਿਹੜਾ ਕੰਮ ਅੰਗਰੇਜ ਕਰਨ ਲਈ ਤਿਆਰ ਨਹੀਂ ਹੁੰਦੇ।  ਹੁਣ ਖਾੜੀ ਦੇ ਦੇਸ਼ਾਂ ਤੋਂ ਪੰਜਾਬ ਵਿੱਚ ਮੱਦਤ ਨਹੀਂ ਮਿਲਦੀ, ਨਾ ਹੀ ਹੁਣ ਬਹੁਤੇ ਅਮੀਰ ਪੰਜਾਬੀ ਇੱਥੇ ਹਨ। ਅਮਰੀਕਾ, ਕਨੇਡਾ ਤੇ ਇੰਗਲੈਂਡ ਆਦਿ ਦੇਸ਼ਾਂ ਵਿੱਚ ਸਾਡੇ ਭਾਰਤੀ ਖਾਸ ਕਰਕੇ ਪੰਜਾਬੀ ਬਹੁਤ ਗਏ ਹੋਏ ਨੇ। ਉਨ੍ਹਾਂ ਦੀਆਂ ਤਾਰਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਉਹ ਚਾਹੁੰਦੇ ਹਨ ਕਿ ਪੰਜਾਬ ਕਿਵੇਂ ਖੁਸ਼ਹਾਲ ਹੋਵੇ। ਕਈ ਹੁਸ਼ਿਆਰ ਉਨ੍ਹਾਂ ਦੇ ਪੈਸੇ ਦੀ ਗਲਤ ਵਰਤੋਂ ਵੀ ਕਰ ਜਾਣਗੇ। ਬਾਹਰਲਿਆਂ ਦੇ ਇਰਾਦੇ ਤਾਂ ਮਾੜੇ ਨਹੀਂ ਪਰ ਮੱਦਤ ਸੋਚ ਕੇ ਕਰਨੀ ਚਾਹੀਦੀ ਹੈ। ਜਿੰਨ੍ਹਾਂ ਦੀ ਉਹ ਮੱਦਤ ਕਰ ਰਹੇ ਹਨ, ਉਹ ਗੱਲਾਂ ਨਾਲ ਲਾਭ ਉਠਾਉਣਾ ਚਾਹੁੰਦੇ ਹਨ। ਲੋਕਸਭਾ ਵਿੱਚ ਚੰਗੇ ਅਕਸ ਵਾਲੇ ਐਮ.ਪੀ. ਪਿੱਛੇ ਬੈਠੇ ਹਨ, ਗੱਲਾਂ ਬਾਤਾਂ ਤੇ ਮਖੌਲੀਏ ਅੱਗੇ ਹਨ, ਚੰਗੀਆਂ ਦੀ ਸੁਣੀ ਨਹੀਂ ਜਾ ਰਹੀ। ਦੂਜੀਆਂ ਪਾਰਟੀਆਂ ਵਿੱਚੋਂ ਜਿਹੜੇ ਉਮੀਦਵਾਰ ਤਿੰਨ-ਤਿੰਨ ਵਾਰ ਹਾਰ ਚੁੱਕੇ ਹਨ ਤੇ ਉਨ੍ਹਾਂ ਨੂੰ ਪਾਰਟੀ ਦੇ ਟਿਕਟ ਦੀ ਨਾਂਹ ਹੋ ਗਈ, ਉਹ ਛਾਲਾਂ ਮਾਰ ਕੇ ਉਧਰ ਚਲੇ ਗਏ ਤੇ ਪਾਰਟੀ ਦੇ ਬੁਲਾਰੇ ਵਜੋਂ ਸੇਵਾਵਾਂ ਦੇ ਰਹੇ ਹਨ। ਸੇਵਾ ਮੁਕਤ ਹੋਏ ਕਈ ਅਫਸਰ ਫਿਰ ਤਾਕਤ ਦਾ ਹੁਲਾਰਾ ਲੈਣਾ ਚਾਹੁੰਦੇ ਹਨ, ਇਸ ਲਈ ਸੇਵਾ ਮੁਕਤ ਅਫਸਰ ਤੇ ਕਰਮਚਾਰੀਆਂ ਦੀ ਦੌੜ ਲੱਗੀ ਹੋਈ ਹੈ। ਜਦੋਂ ਆਪ ਖੜੀ ਹੋਈ ਤਾਂ 2 ਵਕੀਲ ਤੇ ਕੁੱਝ ਵਪਾਰੀ ਦੁਕਾਨਦਾਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਕਿਹਾ ਕਿ ਤੁਸੀਂ ਆਓ, ਮੈਂ ਵਕੀਲ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਕੋਲ ਆਏ ਹੋਏ ਵਿਅਕਤੀ ਨੂੰ ਦੱਸ ਸਕੋਗੇ ਕਿ ਤੂੰ ਮੁਕੱਦਮਾ ਨਹੀਂ ਜਿੱਤ ਸਕਦਾ? ਉਹ ਕਹਿਣ ਲੱਗੇ, ਫਿਰ ਸਾਡੇ ਕੋਲ ਕੌਣ ਆਏਗਾ। ਤਾਂ ਮੈਂ ਦੁਕਾਨਦਾਰਾਂ ਨੂੰ ਪੁੱਛਿਆ, ਕਿ ਆਪ ਵੇਚਿਆਂ ਹੋਈਆਂ ਚੀਜਾਂ ਦੇ ਬਿੱਲ ਕੱਟਦੇ ਹੋ?ਤਾਂ ਉਹ ਚੁੱਪ ਸਨ।
ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਅੱਲੜ ਜਵਾਨੀ ਨੂੰ ਸਮਝ ਕੇ ਪੈਰ ਰੱਖਣੇ ਪੈਣਗੇ। ਵੋਟਾਂ ਵਿੱਚ ਕਿਸੇ ਦੀ ਰਾਇ ਮਹੱਤਤਾ ਤਾਂ ਰੱਖਦੀ ਹੈ, ਜੇਕਰ ਰਾਏ ਨਿਰਪੱਖ ਹੋਵੇ। ਪੰਜਾਬ ਤੋਂ ਬਾਹਰਲੀ ਲੀਡਰਸ਼ਿਪ ਤੋਂ ਸਾਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ, ਉਹ ਪੰਜਾਬ ਪ੍ਰਤੀ ਨਹੀਂ ਸੋਚ ਸਕਦੇ। ਹੁਣ ਦਿੱਲੀ ਦਾ ਪੈਸਾ ਲਾਇਆ ਜਾ ਰਿਹਾ ਹੈ, ਫਿਰ ਪੰਜਾਬ ਦੀ ਵਾਰੀ ਆ ਜਾਏਗੀ। ਲੋਕੋ! ਇਕੱਲੇ ਬੈਠ ਕੇ ਸੋਚੋ!

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …