Breaking News
Home / ਨਜ਼ਰੀਆ / ਲੋਕਾਂ ਦਾ ਹਥਿਆਰ ਹੈ ਲੋਕਤੰਤਰ

ਲੋਕਾਂ ਦਾ ਹਥਿਆਰ ਹੈ ਲੋਕਤੰਤਰ

ਸੁਖਪਾਲ ਸਿੰਘ ਗਿੱਲ
9878111445
ਭਾਰਤ ਵਿੱਚ ਵੋਟਾਂ ਸਮੇਂ ਹੱਕ ਅਤੇ ਖਿਲਾਫ ਅਵਾਜ਼ ਉਠਾਉਣ ਲਈ ਭਾਰਤ ਮਾਤਾ ਨੂੰ ਸ਼ਿੰਗਾਰਦਾ ਲੋਕਤੰਤਰ ਲੋਕਾਂ ਦਾ ਹਥਿਆਰ ਹੈ। ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਨੇ ਧਰਤੀ ਉਤੇ ਜੀਉਣ ਲਈ ਖੁਦ ਹੀ ਕਈ ਤਰ੍ਹਾਂ ਦੇ ਮਾਪਦੰਡ ਨਿਰਧਾਰਿਤ ਕੀਤੇ। ਜਿਨ੍ਹਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਖੇਤਰ ਮੁੱਖ ਹਨ। ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਰਾਜ ਕਾਇਮ ਹੋਇਆ। ਭਾਰਤ ਮਾਤਾ ਦੇ ਸਿਰ ‘ਤੇ ਲੋਕੰਤਤਰ ਦਾ ਤਾਜ ਲੋਕ ਹਿੱਤਾਂ ਵਿੱਚ ਗੂੰਜਦਾ ਹੈ। ਲੋਕਤੰਤਰ ਹੀ ਭਾਰਤ ਮਾਤਾ ਦੀ ਸ਼ਾਨ ਨੂੰ ਦੁਨੀਆਂ ਵਿੱਚ ਨਿਖਾਰਦਾ ਹੈ। ਲੋਕਤੰਤਰ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਜੋ ਜਨਤਾ ਦੀ ਕਸਵੱਟੀ ‘ਤੇ ਪੂਰਾ ਨਾ ਉਤਰੇ ਉਹ ਬਦਲ ਜਾਂਦੇ ਹਨ। ਪਰ ਉਨ੍ਹਾਂ ਦੇ ਗਲਤ ਫੈਸਲੇ ਅਤੇ ਗਲਤ ਤੌਰ ਤਰੀਕੇ ਦਾ ਹਿਸਾਬ ਕਿਤਾਬ ਲੈਣ ਲਈ ਸਭ ਚੁੱਪ ਹੋ ਜਾਂਦੇ ਹਨ। ਜਨਤਾ ਵਿਚਾਰੀ ਕੋਲ ਮਜਬੂਰੀ ਹੁੰਦੀ ਹੈ ਹੋਰ ਜਾਣਾ ਵੀ ਕਿਥੇ ਹੁੰਦਾ ਹੈ? ਦੂਜਾ ਅਗਿਆਨਤਾ ਦਾ ਹਨੇਰਾ ਵੀ ਕੁਝ ਹੋਰ ਸੋਚਣ ਨਹੀਂ ਦਿੰਦਾ। ਇਸੇ ਲਈ ਲੋਕਤੰਤਰ ਅਹਿੰਸਾ ਨੂੰ ਪਰੇ ਹਟਾ ਕੇ ਹਥਿਆਰਨੁਮਾ ਸਾਬਤ ਹੁੰਦਾ ਹੈ ।
ਇਬਰਾਹਿਮ ਲਿੰਕਨ ਨੇ ਅੰਦਰੂਨੀ ਭਾਵ – ਅਰਥਾਂ ਨਾਲ ਲੋਕਤੰਤਰ ਨੂੰ ਇਉਂ ਪ੍ਰਭਾਸ਼ਿਤ ਕੀਤਾ ਸੀ, ”ਲੋਕਤੰਤਰ ਲੋਕਾਂ ਲਈ, ਲੋਕਾਂ ਦੁਆਰਾ ਅਤੇ ਲੋਕਾਂ ਦਾ ਸ਼ਾਸਨ ਹੁੰਦਾ ਹੈ।” ਇਸ ਕਥਨ ਦਾ ਸਮੇਂ ਅਤੇ ਸਥਿਤੀ ਮੁਤਾਬਿਕ ਰੁਤਬਾ ਉੱਚਾ ਹੈ, ਜਿਥੇ ਜਨਤਾ ਭੋਲੀ ਭਾਲੀ ਹੋਵੇ ਉਥੇ ਲੋਕਤੰਤਰ ਦੇ ਉਦੇਸ਼ ਦੀ ਪ੍ਰਾਪਤੀ ਦਾ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਥੇ ‘ਫੁੱਲ ਉਥੇ ਕੰਡਾ’ ਦੀ ਉਦਾਹਰਣ ਸਹਿਤ ਲੋਕਤੰਤਰ ਵੀ ਗੁਣਾਂ ਅਤੇ ਅਵਗੁਣਾਂ ਉਤੇ ਖੜ੍ਹਾ ਹੈ। ਗਿਣਾਤਮਿਕ ਅਤੇ ਗੁਣਾਂਤਮਿਕ ਪੱਖ ਵੀ ਆਪਣਾ ਆਪਣਾ ਪ੍ਰਭਾਵ ਪਾਉਂਦੇ ਰਹਿੰਦੇ ਹਨ। ਵਿਅੰਗਆਤਮਿਕ ਤੌਰ ‘ਤੇ ਲੋਕਤੰਤਰ ਦੀ ਪਰਿਭਾਸ਼ਾ ਇਸ ਤਰ੍ਹਾਂ ਉਪਜੀ ਸੀ, ”ਲੋਕਤੰਤਰ ਲੋਕਾਂ ਦਾ ਡੰਡਾ, ਲੋਕਾਂ ਦੁਆਰਾ, ਲੋਕਾਂ ਦੀ ਪਿੱਠ ਉਤੇ ਤੋੜਨਾ ਹੈ” ਇੱਕ ਵਾਰ ਲੋਕਾਂ ਤੋਂ ਰਾਜ ਭਾਗ ਪ੍ਰਾਪਤ ਕਰਕੇ ਲੋਕਤੰਤਰ ਦੇ ਰਖਵਾਲੇ ਲੋਕਾਂ ਦੀ ਚਿੰਤਾ ਛੱਡ ਕੇ ਉਨ੍ਹਾਂ ਨੂੰ ਨੁਕਰੇ ਲਾ ਦਿੰਦੇ ਹਨ। ਇਸ ਵਾਰ ਕਿਸਾਨ ਅੰਦੋਲਨ ਨੇ ਨਵੀਂ ਦਸ਼ਾ ਅਤੇ ਦਿਸ਼ਾ ਦੀ ਆਸ ਬਣਾਈ ਹੈ ।
ਲੋਕਾਂ ਨੂੰ ਚੁੱਪ ਚੁਪੀਤੇ ਭੜਾਸ ਕੱਢਣ ਦਾ ਮੌਕਾ ਇਸੇ ਲਈ ਕਿਹਾ ਜਾਂਦਾ ਹੈ। ਲੋਕਤੰਤਰ ਵਿੱਚ ਲੋਕ ਹੱਕ ਵਿੱਚ ਨਹੀਂ ਬਲਕਿ ਖਿਲਾਫ ਵੋਟ ਪਾਉਂਦੇ ਹਨ। ਹੱਕ ਅਤੇ ਖਿਲਾਫ ਵੋਟ ਪੈਣ ਨਾਲ ਭਵਿੱਖ ਖੁਸ਼ਗਵਾਰ ਦੇਖਿਆ ਜਾਂਦਾ ਹੈ, ਬਦਕਿਸਮਤੀ ਨਾਲ ਛੇ ਮਹੀਨੇ ਵਿੱਚ ਹੀ ਲੋਕ ਆਪਣੀ ਗਲਤੀ ਮਹਿਸੂਸ ਕਰਣ ਲੱਗ ਪੈਂਦੇ ਹਨ। ਬਿਨਾ ਸ਼ੱਕ ਵੋਟ ਦਾ ਹਥਿਆਰ ਹੀ ਲੋਕਾਂ ਨੂੰ ਲੋਕਤੰਤਰਿਕ ਬਣਾਉਂਦਾ ਹੈ। ਜਿਸ ਵਿੱਚ ਸਮਾਂ ਆਉਣ ‘ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਲੈਂਦੇ ਹਨ। ਪਰ ਜਿਸ ਆਸ ਉਮੀਦ ਨਾਲ ਵੋਟ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਰਖਵਾਲਿਆ ਵੱਲੋਂ ਤੁਰਿਆ ਨਹੀਂ ਜਾਂਦਾ। ਵੋਟ ਦੀ ਵਰਤੋਂ ਤੋਂ ਬਾਅਦ ਵੋਟਰ ਦੀ ਸੋਚ ਅਤੇ ਆਸ ਨੁਕਰੇ ਅਤੇ ਜੇਤੂ ਅਗਲੇ 5 ਸਾਲ ਬਾਅਦ ਦਾ ਨਕਸ਼ਾ ਸੋਚਣ ਲੱਗ ਪੈਂਦਾ ਹੈ। ਇੱਕ ਇਹ ਵੀ ਰੁਝਾਨ ਹੁੰਦਾ ਹੈ ਅੱਜ ਦੀ ਹੰਢਾਵੋਂ ਕੱਲ ਤਾਂ ਲੋਕਾਂ ਨੇ ਮੁੱਖ ਮੋੜ ਹੀ ਲੈਣਾ ਹੈ। ਬੇਇਨਸਾਫੀ , ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਲੋਕਤੰਤਰ ਵਿੱਚ ਅੱਗ ਬਬੂਲੇ ਵਾਂਗ ਨੱਚਦੇ ਹਨ। ਪਰ ਇਕਦਮ ਅਗਲੇ 5 ਸਾਲ ਲਈ ਲੋਕਾਂ ਦੀ ਕਚਹਿਰੀ ਵਿੱਚ ਲੰਬਿਤ ਪੈ ਜਾਂਦੇ ਹਨ। ਸਾਡੀ ਅਗਿਆਨਤਾ ਦਾ ਰਾਜਨੀਤਕ ਵਰਗ ਸਹਿਜੇ ਹੀ ਅੰਦਾਜ਼ਾ ਲਾ ਲੈਂਦਾ ਹੈ। ਇਸੇ ਲਈ ਇਹ ਨੌਬਤ ਆਉਂਦੀ ਹੈ।
ਆਮ ਲੋਕਾਂ ਨੂੰ ਵੋਟਾਂ ਸਮੇਂ ਹੀ ਲੋਕਤੰਤਰ ਦਾ ਪਤਾ ਚੱਲਦਾ ਹੈ। ਰਾਜਨੀਤੀਵਾਨਾਂ ਨੂੰ ਸਵਾਲ ਪੁੱਛਣ ਵਿੱਚ ਡਰਦੇ ਰਹਿੰਦੇ ਹਨ। ਇਸ ਪਿੱਛੇ ਸਾਡੀ ਗੈਰਜਾਗਰੂਕਤਾ ਅਤੇ ਅਗਿਆਨਤਾ ਦਾ ਹਨੇਰਾ ਹੁੰਦਾ ਹੈ। ਲੋਕਤੰਤਰ ਫ਼ਰਜ਼ਾਂ ਦੀ ਪਾਲਣਾ ਦਾ ਸੁਨੇਹਾ ਦਿੰਦਾ ਹੈ, ਪਰ ਫ਼ਰਜ਼ ਲੋਕਾਂ ਦੇ ਪੱਲੇ ਅਤੇ ਹੱਕ ਰਖਵਾਲਿਆਂ ਦੇ ਪੱਲੇ ਪੈ ਜਾਂਦੇ ਹਨ। ਲੋਕਾਂ ਦੇ ਹੱਕ, ਜਿੱਤਣ ਵਾਲੀ ਜਮਾਤ ਕੋਲ ਗਿਰਵੀ ਹੋ ਜਾਂਦੇ ਹਨ। ਜਨਤਾ ਅਨੈਤਿਕਤਾ, ਬੇਇਨਸਾਫੀ ਅਤੇ ਸ਼ੋਸਣ ਨੂੰ ਪਿੰਡੇ ਹੰਢਾਉਣ ‘ਤੇ ਲਈ ਮਜਬੂਰ ਹੋ ਕੇ ਲਾਚਾਰ ਹੋ ਜਾਂਦੀ ਹੈ। ਸਭ ਕੁਝ ਅਣਸੁਲਝੇ ਅਤੇ ਅਣਕਿਆਸੇ ਸਵਾਲਾਂ ਵਿੱਚ ਘਸਮੰਡਿਆ ਜਾਂਦਾ ਹੈ। ਜਨਤਾ ਨੂੰ ਘਟਨਾਵਾਂ ਸਦਾ ਯਾਦ ਰੱਖਣੀਆਂ ਚਾਹੀਦੀਆਂ ਹਨ, ਤਾਂ ਜ਼ੋ ਦੁਹਰਾਓ ਨਾ ਹੋਵੇ। ਪਰ ਇਸ ਲਈ ਸਾਡੀ ਅਣਸੋਝੀ ਅਤੇ ਅਗਿਆਨਤਾ ਲੋਕਤੰਤਰ ਦੇ ਰਖਵਾਲਿਆਂ ਲਈ ਸਹਾਈ ਹੋ ਜਾਂਦੀ ਹੈ।
ਬਹੁਤੇ ਰਖਵਾਲੇ ਸੱਚ ਬੋਲਣ ਤੋਂ ਪਾਸਾ ਵੱਟਦੇ ਹਨ। ਸਾਡੀ ਭੇਡ – ਚਾਲ ਦਾ ਸਹਾਰਾ ਲੈਂਦੇ ਹਨ। ਮੌਕੇ ਦੇ ਹਾਲਾਤ ਅਨੁਸਾਰ ਸ਼ਰਾਬ, ਪੈਸਾ ਅਤੇ ਲਾਲਚ ਵੰਡ ਕੇ ਲੋਕਾਂ ਦੀ ਲਾਚਾਰੀ ਦਾ ਫਾਇਦਾ ਉਠਾਇਆ ਜਾਂਦਾ ਹੈ। ਜਨਤਾ ਦੀ ਇਸ ਲਾਚਾਰੀ ਨੂੰ ਪੈਦਾ ਹੋਣ ਦੇ ਕਾਰਨਾਂ ਦੀ ਪੜ੍ਹਤਾਲ ਕਰਕੇ ਜਗਿਆਸਾ ਪੈਦਾ ਕਰਨੀ ਚਾਹੀਦੀ ਹੈ। ਇਸਦਾ ਸਿੱਟਾ ਇਹ ਨਿਕਲਦਾ ਹੈ ਕਿ ਲੋਕਤੰਤਰ ਵਿੱਚ ਲੋਕਾਂ ਦੀ ਨਜਾਕਤ ਪਹਿਚਾਣ ਕੇ ਰਾਜਨੀਤਿਕ ਵਰਗ ਸਭ ਕੁਝ ਸਿੱਖ ਲੈਦਾ ਹੈ, ਜਦੋਂ ਕਿ ਲੋਕ ਸਿੱਖਣ ਤੋਂ ਦਰਕਿਨਾਰ ਹੋ ਕੇ ਅਣਸੁਲਝੇ ਸਵਾਲਾਂ ਵਿੱਚ ਗੁਆਚ ਜਾਂਦੇ ਹਨ।
ਲੋਕਤੰਤਰ ਵਿੱਚ ਸਰਕਾਰ ਤੇ ਹਰ ਇੱਕ ਮਾਣ ਕਰਦਾ ਹੈ ਕਿ ਉਸਦੀ ਭਾਗੀਦਾਰੀ ਹੈ, ਪਰ ਜਦੋਂ ਲੋਕਤੰਤਰੀ ਰਖਵਾਲੇ ਆਸ ਤੋਂ ਉਲਟ ਸੁਨੇਹੇ ਦੇਣ ਲੱਗਦੇ ਹਨ, ਤਾਂ ਕਿਸਮਤਵਾਦੀ ਬਣਨਾ ਜਨਤਾ ਦਾ ਧਰਵਾਸ ਹੋ ਕੇ ਰਹਿ ਜਾਂਦਾ ਹੈ। ਡਬਲਿਊ ਚੈਨਿੰਗ ਕਹਿੰਦਾ ਹੈ, ਸਰਕਾਰ ਦਾ ਕੰਮ ਲੋਕਾਂ ਨੂੰ ਅਜਿਹੇ ਮੌਕੇ ਮੁਹੱਈਆ ਕਰਵਾਉਣਾ ਹੈ, ਜੋ ਉਨ੍ਹਾਂ ਦੀ ਖੁਸ਼ੀ ਦਾ ਸਬੱਬ ਬਣਨਾ ਇਹ ਤੱਥ ਲੋਕਤੰਤਰੀ ਸਰਕਾਰ ‘ਤੇ ਢੁਕਦਾ ਹੈ ਕਿਉਂਕਿ ਲੋਕਾਂ ਨੇ ਲੋਕਤੰਤਰਿਕ ਤੌਰ ‘ਤੇ ਵੋਟ ਆਪਣੀ ਖੁਸ਼ੀ ਲਈ ਦਿੱਤੀ ਹੁੰਦੀ ਹੈ। ਕੁਰਸੀ ਤੋਂ ਬਾਅਦ ਭੁੱਲ ਭੁੱਲਈਆ ਸ਼ੁਰੂ ਹੋ ਜਾਂਦਾ ਹੈ। ਲੋਕਾਂ ਦੇ ਮਸਲੇ ਮੁੱਦੇ ਮਿਣਸ ਦਿੱਤੇ ਜਾਂਦੇ ਹਨ। ਕਾਰਣ ਇਹ ਹੁੰਦਾ ਹੈ ਕਿ ਰਖਵਾਲੇ ਸਮਝ ਲੈਂਦੇ ਹਨ ਕਿ ਲੋਕ ਬਦਲਾਓ ਚਾਹੁੰਦੇ ਹਨ। ਪੰਜ ਸਾਲਾਂ ਬਾਅਦ ਲੋਕਾਂ ਨੇ ਸਾਨੂੰ ਵੀ ਮਿਣਸ ਦੇਣਾ ਹੁੰਦਾ ਹੈ। ਇਸ ਲਈ ਬਹੁਤਾ ਕੁਝ ਅਣਕਿਆਸਿਆ ਅਤੇ ਅਣਸੁਲਝਿਆ ਰਹਿ ਜਾਂਦਾ ਹੈ। ਮਿਣਸ ਦੇਣ ਦੀ ਪ੍ਰਕ੍ਰਿਰਿਆ ਵਿੱਚ ਸਭ ਕੁਝ ਫਸ ਜਾਂਦਾ ਹੈ। ਨੁਕਸਾਨ ਇਹ ਹੁੰਦਾ ਹੈ ਰਖਵਾਲੇ ਆਪਣਾ ਡੰਗ ਟਪਾਉਂਦੇ ਹਨ। ਲੋਕਾਂ ਦੀ ਸਿਹਤ ਸਿੱਖਿਆ ਵੱਲ ਤਵੱਜੋਂ ਨਹੀਂ ਦਿੰਦੇ। ਬਿਹਾਮ ਯੰਗ ਦਾ ਸੁਨੇਹਾ ਹੈ, ਜਿਸ ਅਨੁਸਾਰ ਲੋਕ ਤੰਤਰ ਦੀ ਆਵਾਜ਼ ਅਜਿਹੀ ਬਣਨੀ ਚਾਹੀਦੀ ਹੈ, ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੋ ਦੌਲਤ ਅਤੇ ਸ਼ੋਹਰਤ ਨਾਲੋਂ ਲੋਕਾਂ ਦੀ ਭਲਾਈ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਤਰਜੀਹ ਦੇਵੇ। ਇਸ ਕਥਨ ਦੇ ਨੁਕਤੇ ਵਿੱਚ ਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਪ੍ਰਤੀਤ ਹੁੰਦਾ ਹੈ ਕਿ ਅਜੇ ਬਹੁਤ ਕੁਝ ਅਣਸੁਲਝਿਆ ਸੁਲਝਣ ਦੀ ਉਡੀਕ ਲਾਈ ਬੈਠਾ ਹੈ।
ਲੋਕਤੰਤਰ ਵਿੱਚ ਸਮੇਂ ਦੀ ਮੰਗ ਹੈ ਕਿ ਚੋਣ ਵਾਅਦੇ ਕਾਨੂੰਨੀ ਦਾਇਰੇ ਵਿੱਚ ਆਉਣ ਜੇ ਉਨ੍ਹਾਂ ‘ਤੇ ਲਾਗੂ ਹੋਣ ਲਈ ਆਨਾਕਾਨੀ ਹੋਵੇ ਤਾਂ ਸਖਤ ਕਾਨੂੰਨੀ ਕਾਰਵਾਈ ਦੇ ਭਾਗੀ ਬਨਣ। ਇਸ ਨਾਲ ਲੋਕਤੰਤਰ ਦਾ ਸਹੀ ਅਨੰਦ ਮਾਨਣ ਦੇ ਨਾਲ – ਨਾਲ ਸ਼ੋਹਰਤ ਅਤੇ ਦੌਲਤ ਨੂੰ ਵਿਰਾਮ ਲੱਗੇਗਾ। ਇਸ ਵਿੱਚੋਂ ਹੀ ‘ਰਾਜ ਨਹੀਂ ਸੇਵਾ’ ਦਾ ਅਸਲੀ ਮਕਸਦ ਉਪਜੇਗਾ। ਇਸ ਤਰ੍ਹਾਂ ਨਾਲ ਰਾਜ ਨਹੀਂ ਸੇਵਾ ਦਾ ਪ੍ਰਚਾਰ ਰਾਜਨੀਤਿਕ ਵਰਗ ਨੂੰ ਪੈਸੇ ਖਰਚ ਕੇ ਕਰਨ ਦੀ ਬਜਾਏ ਲੋਕ ਖੁਦ ਹੀ ਕਰਨਗੇ। ਲੋਕਾਂ ਵਿੱਚ ਵੀ ਹਿਸਾਬ ਕਿਤਾਬ ਲੈਣ ਦੀ ਜੁਰਅਤ ਪੈਦਾ ਹੋਵੇ ਤਾਂ ਜ਼ੋ ਭਵਿੱਖ ਆਸਮੁਖੀ ਖੁਸ਼ਹਾਲੀ ਦੇ ਸੁਨੇਹੇ ਛੱਡੇ। ਅੱਜ ਸਮੇਂ ਦੀ ਮੰਗ ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਲੋਕਾਂ ਤੱਕ ਪਹੁੰਚਾਉਣ ਦੀ ਹੈ ਤਾਂ ਜੋ ਲੋਕਤੰਤਰ ਵਿੱਚ ਮੁੱਦੇ ਅਤੇ ਸਵਾਲ ਅਣਸੁਲਝੇ ਨਾ ਰਹਿਣ ਬਲਕਿ ਲੋਕਤੰਤਰ ਆਪਣੇ ਉਦੇਸ਼ ਦੀ ਪੂਰਤੀ ਕਰਨ ਦੇ ਨਾਲ-ਨਾਲ ਹਕੀਕਤ ਵਿੱਚ ਲੋਕਾਂ ਕੋਲ ਸਮੇਂ ‘ਤੇ ਕੰਮ ਆਉਣ ਵਾਲਾ ਹਥਿਆਰ ਬਣੇ। ਵੋਟਾਂ ਸਮੇਂ ਆਪਣੇ ਵੋਟ ਦੀ ਸਹੀ ਵਰਤੋਂ ਕਰਨ ਨਾਲ ਲੋੜੀਂਦੇ ਨਤੀਜੇ ‘ਤੇ ਪਹੁੰਚਿਆ ਜਾ ਸਕਦਾ ਹੈ । ਕਿਸਾਨ ਅੰਦੋਲਨ ਸਮੇਂ ਇੱਕਮੱਤ ਹੋ ਕੇ ਜਿੱਤਣਾ ਲੋਕਤੰਤਰ ਦੀ ਸਹੀ ਪਰਿਭਾਸ਼ਾ ਸਾਬਤ ਹੋਈ। ਇਹ ਚੋਣਾਂ ਪੰਜਾਬ ਦੇ ਭਵਿੱਖ ਲਈ ਸ਼ੁੱਭ ਸੰਕੇਤ ਦੇਣ ਦੀ ਆਸ ਕਿਸਾਨੀ ਅੰਦੋਲਨ ਨੇ ਪੈਦਾ ਕੀਤੀ ਹੈ ਅਤੇ ਲੋਕਤੰਤਰ ਨੂੰ ਮਜ਼ਬੂਤੀ ਦਿੱਤੀ ਹੈ। ਲੋਕਤੰਤਰ ਵਿੱਚ ਲੋਕਾਂ ਦੀ ਗੱਲ ਮੰਨ ਕੇ ਸਰਕਾਰਾਂ ਨੂੰ ਆਪਣੇ ਹੀ ਲੋਕਾਂ ਦੇ ਹਿੱਤਾਂ ਅੱਗੇ ਝੁਕਣਾ ਪੈਂਦਾ ਹੈ । ਜਿਸ ਨਾਲ ਸਰਕਾਰਾਂ ਦਾ ਮਾਨ ਸਨਮਾਨ ਅਤੇ ਕੱਦ ਉੱਚਾ ਹੁੰਦਾ ਹੈ।
ੲੲੲ

 

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …