
ਗ੍ਰਹਿ ਮੰਤਰੀ ਟੋਨੀ ਬਰਕ ਦਾ ਨਸਲੀ ਮਾਮਲਿਆਂ ਪ੍ਰਤੀ ਸਖਤ ਰੁਖ਼
ਸਿਡਨੀ/ਬਿਊਰੋ ਨਿਊਜ਼
ਆਸਟਰੇਲੀਆ ਵਿਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਵਿਰੁੱਧ ਵਧ ਰਹੇ ਨਸਲੀ ਦੁਰਵਿਵਹਾਰ ਅਤੇ ਧਮਕੀਆਂ ਦੇ ਮਾਮਲਿਆਂ ਮਗਰੋਂ ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਖਤ ਰੁਖ਼ ਅਖਤਿਆਰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਰਵਾਸੀ ਕਰਮਚਾਰੀ ਨਾਲ ਉਸਦੀ ਨਸਲ ਜਾਂ ਮੂਲ ਦੇ ਅਧਾਰ ’ਤੇ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਹੋਰ ਮਜ਼ਬੂਤ ਪ੍ਰਬੰਧ ਕਰ ਰਹੀ ਹੈ। ਆਸਟਰੇਲੀਆ ਦੀ ਸਰਕਾਰ ਨੇ ਐਲਾਨ ਕੀਤਾ ਕਿ ਪਰਵਾਸੀ ਮਜ਼ਦੂਰਾਂ ਲਈ ਸਹਾਇਤਾ ਕੇਂਦਰਾਂ ਦਾ ਵਿਸਥਾਰ ਕੀਤਾ ਜਾਵੇਗਾ। ਅਜਿਹੇ ਮਾਲਕਾਂ ਖਿਲਾਫ ਵੀ ਕਾਰਵਾਈ ਹੋਵੇਗੀ, ਜੋ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੇ ਕਰਮਚਾਰੀਆਂ ਨੂੰ ਵੀਜ਼ਾ ਰੱਦ ਕਰਨ ਦੀ ਧਮਕੀ ਦਿੰਦੇ ਹਨ। ਟੋਨੀ ਬਰਕ ਨੇ ਕਿਹਾ ਕਿ ਹਰ ਕਰਮਚਾਰੀ ਨੂੰ ਡਰ ਤੋਂ ਬਿਨਾ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਇਸੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਤਿੱਖੀ ਬਹਿਸ ਵੀ ਛਿੜ ਗਈ ਹੈ। ਕਈ ਵਿਅਕਤੀਆਂ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨਸਲੀ ਨਫਰਤ ਖਿਲਾਫ ਸਖਤ ਕਦਮ ਲਾਜ਼ਮੀ ਹਨ। ਕੁਝ ਲੋਕਾਂ ਨੇ ਸਰਕਾਰ ਦੇ ਫੈਸਲੇ ’ਤੇ ਟਿੱਪਣੀਆਂ ਵਿਚ ਭਾਰਤੀ ਮੂਲ ਦੇ ਡਰਾਈਵਰਾਂ ਦੇ ਡਰਾਈਵਿੰਗ ਮਿਆਰਾਂ ਅਤੇ ਸੜਕ ਸੁਰੱਖਿਆ ਬਾਰੇ ਚਿੰਤਾ ਵੀ ਪ੍ਰਗਟਾਈ ਹੈ।

