
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਨਾਲ ਤਣਾਅ ਦੇ ਚੱਲਦਿਆਂ ਅਮਰੀਕਾ ਦੇ ਹਥਿਆਰ ਖਤਮ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆ ’ਚ ਸਭ ਤੋਂ ਵੱਧ ਅਤੇ ਜ਼ਰੂਰਤ ਤੋਂ ਵੀ ਜ਼ਿਆਦਾ ਹਥਿਆਰ ਹਨ। ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ ਕਿ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਇਰਾਨ ਨਾਲ ਲਗਾਤਾਰ ਟਕਰਾਅ ਕਰਕੇ ਅਮਰੀਕਾ ਦੇ ਪੈਟਰੀਅਟ ਇੰਟਰ ਸੈਪਟਰ ਮਿਜ਼ਾਈਲਾਂ ਦਾ ਭੰਡਾਰ ਘੱਟ ਰਿਹਾ ਹੈ। ਇਸੇ ਦੌਰਾਨ ਟਰੰਪ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਕਈ ਏ.ਆਈ. ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਵਿਚ ਇਰਾਨ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕੇਂਦਰ ਖਾਰਗ ਟਾਪੂ ’ਤੇ ਹਵਾਈ ਹਮਲੇ ਨੂੰ ਦਿਖਾਇਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਲਿਖਿਆ ਕਿ, ‘ਸਟਰਾਈਕ ਔਨ ਖਾਰਗ’। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਪਿਛਲੇ ਸਮੇਂ ਤੋਂ ਜੰਗ ਚੱਲ ਰਹੀ ਹੈ, ਜਿਸ ਨਾਲ ਨੇੜਲੇ ਦੇਸ਼ਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।

