ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਲੋਂ ਮੋਦੀ ਦੀ ਤਾਰੀਫ਼
ਐਡੀਸਨ (ਨਿਊਜਰਸੀ)/ਬਿਊਰੋ ਨਿਊਜ਼ : ਭਾਰਤ ਨੂੰ ਇਕ ਅਹਿਮ ਰਣਨੀਤਿਕ ਸਹਿਯੋਗੀ ਕਰਾਰ ਦਿੰਦਿਆਂ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਭਾਰਤ ਤੇ ਅਮਰੀਕਾ ਪੱਕੇ ਦੋਸਤ ਬਣ ਜਾਣਗੇ ਅਤੇ ਉਨਾਂ ਦਾ ਆਪਸ ਵਿੱਚ ਰਲ ਕੇ ਸ਼ਾਨਦਾਰ ਭਵਿੱਖ ਹੋਵੇਗਾ। ਉਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ਼ ਕੀਤੀ। ਟਰੰਪ ਨੇ ਰਿਪਬਲਿਕਨ ਹਿੰਦੂ ਕੁਲੀਸ਼ਨ ਵੱਲੋਂ ਕਰਵਾਏ ਚੈਰਿਟੀ ਸਮਾਗਮ ਵਿੱਚ ਭਾਰਤੀ-ਅਮਰੀਕੀਆਂ ਨੂੰ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਅਮਰੀਕਾ ਦਾ ਸਹਿਯੋਗੀ ਹੈ। ਟਰੰਪ ਪ੍ਰਸ਼ਾਸਨ ਤਹਿਤ ਇਹ ਦੋਵੇਂ ਦੇਸ਼ ਹੋਰ ਨੇੜੇ ਆ ਜਾਣਗੇ ਤੇ ਉਹ ਪੱਕੇ ਮਿੱਤਰ ਬਣ ਜਾਣਗੇ। ਅਮਰੀਕਾ ਭਾਰਤ ਨਾਲ ਬਹੁਤ ਵਪਾਰ ਕਰੇਗਾ ਤੇ ਦੋਵਾਂ ਦਾ ਭਵਿੱਖ ਸ਼ਾਨਦਾਰ ਹੋਣ ਵਾਲਾ ਹੈ। ਟਰੰਪ ਨੇ ਆਰਥਿਕ ਸੁਧਾਰਾਂ ਤੇ ਨੌਕਰਸ਼ਾਹੀ ਵਿੱਚ ਸੁਧਾਰਾਂ ਨਾਲ ਭਾਰਤ ਨੂੰ ਤੇਜ਼ ਵਿਕਾਸ ਦੇ ਮਾਰਗ ਉਪਰ ਲਿਆਉਣ ਲਈ ਮੋਦੀ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਜਿਹਾ ਅਮਰੀਕਾ ਵਿੱਚ ਵੀ ਜ਼ਰੂਰੀ ਹੈ। ਉਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਨ ਦੀ ਉਡੀਕ ਕਰ ਰਿਹਾ ਹਾਂ। ਉਨਾਂ ਨੇ ਅਰਥਵਿਵਸਥਾ ਤੇ ਨੌਕਰਸ਼ਾਹੀ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਇਕ ਸ਼ਾਨਦਾਰ ਵਿਅਕਤੀ ਹਨ। ਮੈਂ ਉਨਾਂ ਦੀ ਪ੍ਰਸ਼ੰਸਾ ਕਰਦਾ ਹਾਂ। ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਇਸ ਚੋਣ ਮੁਹਿੰਮ ਦੌਰਾਨ ਭਾਰਤੀ-ਅਮਰੀਕੀਆਂ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਕਸ਼ਮੀਰੀ ਪੰਡਤਾਂ ਤੇ ਅੱਤਵਾਦ ਤੋਂ ਪੀੜਤ ਬੰਗਲਾਦੇਸ਼ੀ ਹਿੰਦੂਆਂ ਵੱਲੋਂ ਕਰਵਾਏ ਸਮਾਗਮ ਵਿੱਚ ਟਰੰਪ ਨੇ ਕਿਹਾ ਕਿ ਉਹ ਹਿੰਦੂਆਂ ਤੇ ਭਾਰਤ ਦੇ ਪ੍ਰਸ਼ੰਸਕ ਹਨ। ਜੇ ਉਹ ਚੁਣੇ ਗਏ ਤਾਂ ਭਾਰਤੀਆਂ ਤੇ ਹਿੰਦੂਆਂ ਨੂੰ ਸੱਚਾ ਦੋਸਤ ਮਿਲ ਜਾਵੇਗਾ। ਉਨਾਂ ਨੂੰ ਭਾਰਤ ਉਪਰ ਭਰੋਸਾ ਹੈ। ਉਨਾਂ ਕਿਹਾ ਉਹ 19 ਮਹੀਨੇ ਪਹਿਲਾਂ ਭਾਰਤ ਗਏ ਸਨ ਤੇ ਵਾਰ ਵਾਰ ਉਥੇ ਜਾਣ ਦੇ ਇੱਛੁਕ ਹਨ।
ਹਿਲੇਰੀ ਉਪਰ ਡਰੱਗ ਲੈਣ ਦਾ ਦੋਸ਼
ਵਾਸ਼ਿੰਗਟਨ: ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨਾਂ ਦੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਡਰੱਗ ਲੈਂਦੀ ਹੈ। ਉਨਾਂ ਅਗਲੇ ਹਫ਼ਤੇ ਹੋਣ ਵਾਲੀ ਆਖ਼ਰੀ ਬਹਿਸ ਤੋਂ ਪਹਿਲਾਂ ਕਲਿੰਟਨ ਨੂੰ ਡਰੱਗ ਟੈਸਟ ਕਰਵਾਉਣ ਦੀ ਚੁਣੌਤੀ ਦਿੱਤੀ ਹੈ। ਉਨਾਂ ਨੇ ਹਿਲੇਰੀ ਦੇ ਸਟੈਮਨੇ ਉਪਰ ਕਿੰਤੂ ਕਰਦਿਆਂ ਕਿਹਾ ਕਿ ਉਹ ਲੰਘੇ ਐਤਵਾਰ ਬਹਿਸ ਤੋਂ ਪਹਿਲਾਂ ਕਾਫ਼ੀ ਜੋਸ਼ ‘ਚ ਸੀ ਪਰ ਬਹਿਸ ਦੇ ਅਖੀਰ ਤੱਕ ਉਹ ਨਿਢਾਲ ਨਜ਼ਰ ਆ ਰਹੀ ਸੀ। ਆਪਣੇ ਇਸ ਦਾਅਵੇ ਲਈ ਉਨ੍ਹਾਂ ਕੋਈ ਸਬੂਤ ਪੇਸ਼ ਨਹੀਂ ਕੀਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …