ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਅੱਜ ਕੱਲ੍ਹ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਇਹ ਅਗਸਤ ਦੇ ਅਖ਼ੀਰ ਤੱਕ ਚੱਲਣਗੀਆਂ। ਨਵੇਂ ਸੈਸ਼ਨ ਲਈ ਸਕੂਲ ਹੁਣ ਸਤੰਬਰ ਦੇ ਪਹਿਲੇ ਹਫ਼ਤੇ ਹੀ ਖੁੱਲ੍ਹਣਗੇ। ਦੋ ਮਹੀਨੇ ਤੋਂ ਵਧੀਕ ਛੁੱਟੀਆਂ ਦੇ ਇਸ ਲੰਮੇ ਸਮੇਂ ਨੂੰ ਸਾਰਥਿਕ ਢੰਗ ਨਾਲ ਵਰਤੋਂ ਵਿੱਚ ਲਿਆਉਣ ਲਈ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵੱਲੋਂ ਵਿਦਿਆਰਥੀਆਂ ਲਈ 4 ਜੁਲਾਈ ਤੋਂ ‘ਸਮਰ-ਕੈਂਪ’ ਦਾ ਆਯੋਜਨ ਕੀਤਾ ਗਿਆ ਹੈ ਜੋ 28 ਅਗਸਤ ਤੀਕ ਚੱਲੇਗਾ। ਇਸ ‘ਸਮਰ-ਕੈਂਪ’ ਵਿੱਚ ਮੈਥ, ਸਾਇੰਸ, ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਦੀ ਪੜ੍ਹਾਈ ਦੇ ਨਾਲ-ਨਾਲ ਕੀਰਤਨ/ਸੰਗੀਤ, ਆਰਟ/ਕਰਾਫ਼ਟ, ਡਾਂਸ, ਭੰਗੜਾ, ਗਿੱਧਾ ਆਦਿ ਦੀ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ‘ਆਊਟ-ਡੋਰ’ ਗੇਮਾਂ ਲਈ ਲੱਗਭੱਗ ਡੇਢ ਘੰਟੇ ਦਾ ਵੀ ਸਮਾਂ ਰੱਖਿਆ ਗਿਆ ਹੈ ਜਿਸ ਵਿੱਚ ਵਿਦਿਆਰਥੀ ਪਾਰਕ/ਖੇਡ-ਮੈਦਾਨ ਵਿੱਚ ਜਾ ਕੇ ਵੱਖ-ਵੱਖ ਗੇਮਾਂ ਖੇਡਦੇ ਹਨ। ਕੈਂਪ ਦਾ ਸਮਾਂ ਸਵੇਰੇ 9.00 ਵਜੇ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਸ਼ਾਮ 4.00 ਵਜੇ ਤੀਕ ਚੱਲਦਾ ਹੈ। ਇਸ ਦੌਰਾਨ ਦੁਪਹਿਰੇ ਅੱਧੇ ਘੰਟੇ ਦੀ ਲੰਚ-ਬਰੇਕ ਅਤੇ ਆਰਾਮ ਕਰਨ ਦਾ ਸਮਾਂ ਵੀ ਹੁੰਦਾ ਹੈ ਜਿਸ ਵਿੱਚ ਉਹ ਟੀ.ਵੀ. ਵੀ ਵੇਖਦੇ ਹਨ। ਘੰਟੇ ਕੁ ਲਈ ਇਨ-ਡੋਰ ਗੇਮਾਂ ਵੀ ਚੱਲਦੀਆਂ ਹਨ।
‘ਸਮਰ-ਕੈਂਪ’ ਦੌਰਾਨ ਬੱਚਿਆਂ ਨੂੰ 8 ਜੁਲਾਈ ਨੂੰ ‘ਫੈਂਟਸੀ-ਫ਼ੇਅਰ’ ਵਿਖਾਉਣ ਲਈ ਵੁੱਡਬਾਈਨ ਸੈਂਟਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਇਨ-ਡੋਰ ਗੇਮਾਂ ਖੇਡੀਆਂ ਅਤੇ ਕਈ ਕਿਸਮ ਦੇ ਝੂਲਿਆਂ ‘ਤੇ ਝੂਟੇ ਲੈ ਕੇ ਖ਼ੂਬ ਅਨੰਦ ਮਾਣਿਆਂ। 30 ਵਿਦਿਆਰਥੀਆਂ ਦੇ ਇਸ ਗਰੁੱਪ ਨਾਲ ਛੇ ਅਧਿਆਪਕਾਵਾਂ ਨੇ ਉਨ੍ਹਾਂ ਦੀ ਅਗਵਾਈ ਕੀਤੀ। ਏਸੇ ਤਰ੍ਹਾਂ ਇਨ੍ਹਾਂ ਵਿਦਿਆਰਥੀਆਂ ਨੂੰ 12 ਜੁਲਾਈ ਨੂੰ ਫਿਰ ‘ਸੌਕਰ ਸੈਂਟਰ ਵਾਟਰ ਸਪਲੈਸ਼’ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਪਾਣੀ ਵਾਲੀਆਂ ਖੇਡਾਂ ਖੇਡ ਕੇ ਖ਼ੂਬ ਫਨ ਕੀਤਾ। ਇਸ ‘ਸਮਰ-ਕੈਂਪ’ ਲਈ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅਗਲੇ ਦਿਨਾਂ ਵਿੱਚ ਬੱਚਿਆਂ ਨੂੰ 29 ਜੁਲਾਈ ਨੂੰ ‘ਐਕੁਏਰੀਅਮ’ ਅਤੇ 12 ਅਗਸਤ ਨੂੰ ‘ਸਾਇੰਸ ਸੈਂਟਰ, 23 ਅਗਸਤ ਨੂੰ ‘ਵੰਡਰਲੈਂਡ’ ਅਤੇ 26 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਪਿਕਨਿਕ ਲਈ ਲਿਜਾਇਆ ਜਾਵੇਗਾ।
ਕੁਲ ਮਿਲਾ ਕੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਇਸ ‘ਸਮਰ-ਕੈਂਪ’ ਵਿੱਚ ਬੱਚਿਆਂ ਦੀ ਹਹੇਕ ਕਿਸਮ ਦੀ ਦਿਲਚਸਪੀ ਦੇ ਖੇਤਰ ਦਾ ਖਿਆਲ ਰੱਖਿਆ ਗਿਆ ਹੈ ਅਤੇ ਬੜੇ ਵਧੀਆ ਤਰੀਕੇ ਨਾਲ ਇਨ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਲਈ ਸਮੇਂ ਦੀ ਵੰਡ ਕੀਤੀ ਗਈ ਹੈ। ਬੱਚਿਆਂ ਦੇ ਛੁੱਟੀਆਂ ਦੇ ਇਸ ਸਮੇਂ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਉਣ ਲਈ ਇਸ ਨੂੰ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …