Breaking News
Home / ਦੁਨੀਆ / ਕਰੋਨਾ ਵੈਕਸੀਨ ਵਿਚ ਅਮੀਰਾਂ ਨੂੰ ਨਾ ਮਿਲੇ ਪਹਿਲ

ਕਰੋਨਾ ਵੈਕਸੀਨ ਵਿਚ ਅਮੀਰਾਂ ਨੂੰ ਨਾ ਮਿਲੇ ਪਹਿਲ

ਅਮੀਰਾਂ ਨੂੰ ਪਹਿਲ ਦੇ ਕੇ ਗਰੀਬਾਂ ਨੂੰ ਪਿੱਛੇ ਨਾ ਛੱਡਿਆ ਜਾਵੇ : ਪੋਪ
ਵੈਟੀਕਨ ਸਿਟੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਤੋਂ ਬਚਾਅ ਦੀ ਵੈਕਸੀਨ ਦੀ ਉਪਲਬਧਤਾ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ। ਇਸ ਵਿਚ ਅਮੀਰਾਂ ਨੂੰ ਪਹਿਲ ਦੇ ਕੇ ਗ਼ਰੀਬਾਂ ਨੂੰ ਪਿੱਛੇ ਨਾ ਛੱਡਿਆ ਜਾਵੇ। ਇਹ ਗੱਲ ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਨੇ ਕਹੀ। ਉਹ ਸ਼ਰਧਾਲੂਆਂ ਦੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਪੋਪ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਇਕ ਤ੍ਰਾਸਦੀ ਹੈ। ਇਸ ਤੋਂ ਤਾਂ ਹੀ ਛੁਟਕਾਰਾ ਮਿਲ ਸਕਦਾ ਹੈ ਜਦੋਂ ਬਿਨਾ ਭੇਦਭਾਵ ਦੇ ਕੋਸ਼ਿਸ਼ ਕੀਤੀ ਜਾਵੇ। ਇਸ ਲਈ ਸਾਨੂੰ ਸਿਹਤ ਤੇ ਚੰਗੇ ਤੌਰ-ਤਰੀਕੇ ਅਪਣਾਉਣੇ ਹੋਣਗੇ।
ਮਹਾਮਾਰੀ ਫੈਲਣ ਤੋਂ ਬਾਅਦ ਪੋਪ ਨੇ ਕਿਹਾ ਸੀ ਕਿ ਅਸੀਂ ਉਦੋਂ ਤੱਕ ਆਮ ਹਾਲਾਤ ਵਿਚ ਨਹੀਂ ਆ ਸਕਦੇ ਜਦੋਂ ਤੱਕ ਸਹੀ ਮਾਇਨਿਆਂ ਵਿਚ ਸਮਾਜਿਕ ਨਿਆਂ ਨਹੀਂ ਮਿਲਦਾ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣਾ ਬੰਦ ਨਹੀਂ ਹੁੰਦਾ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿੰਨਾ ਦੁਖੀ ਕਰਨ ਵਾਲਾ ਹੋਵੇਗਾ ਜੇ ਵੈਕਸੀਨ ਸਭ ਤੋਂ ਪਹਿਲਾਂ ਅਮੀਰਾਂ ਨੂੰ ਮਿਲੇ। ਇਹ ਬਹੁਤ ਵੱਡਾ ਘਪਲਾ ਹੋਵੇਗਾ ਜੇ ਸਰਕਾਰੀ ਮਦਦ ਸਿਰਫ ਸਨਅਤਾਂ ਨੂੰ ਦੇ ਦਿੱਤੀ ਜਾਵੇ ਤੇ ਗ਼ਰੀਬਾਂ ਤੇ ਵਾਤਾਵਰਨ ਦੀ ਸਹਾਇਤਾ ਦੀ ਅਣਦੇਖੀ ਕਰ ਦਿੱਤੀ ਜਾਵੇ।
ਪੋਪ ਨੇ ਕਿਹਾ ਕਿ ਮਹਾਮਾਰੀ ਨੇ ਦੁਨੀਆ ਦੇ ਗ਼ਰੀਬਾਂ ਲਈ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਹੈ। ਇਸ ਨਾਲ ਗ਼ੈਰ-ਬਰਾਬਰੀ ਹੋਰ ਵਧੇਗੀ। ਵਾਇਰਸ ਨੇ ਸਾਰਿਆਂ ਨੂੰ ਆਪਣੀ ਲਪੇਟ ਵਿਚ ਲਿਆ ਹੈ। ਉਸ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਿਚ ਕੋਈ ਵਿਤਕਰਾ ਨਹੀਂ ਕੀਤਾ। ਉਹ ਬਰਬਾਦੀ, ਗ਼ਰੀਬੀ ਤੇ ਗ਼ੈਰ-ਬਰਾਬਰੀ ਪੈਦਾ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਹ ਸਾਰੀਆਂ ਸਮੱਸਿਆਵਾਂ ਹੋਰ ਵਧਣਗੀਆਂ। ਮਹਾਮਾਰੀ ਦੌਰਾਨ ਬਹੁਤ ਸਾਰੇ ਗ਼ਰੀਬਾਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਨਹੀਂ ਦਿੱਤੀ ਗਈ। ਇਸ ਕਾਰਨ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਦਾ ਰੁਜ਼ਗਾਰ ਗੁਆ ਦਿੱਤਾ। ਦੁਨੀਆ ਦੇ ਵੱਡੇ ਹਿੱਸੇ ਵਿਚ ਗ਼ਰੀਬਾਂ ਨੂੰ ਚੰਗੀ ਸਿਹਤ ਸੇਵਾ ਵੀ ਨਹੀਂ ਮਿਲ ਰਹੀ। ਛੋਟੇ ਜਿਹੇ ਵਾਇਰਸ ਨੇ ਪੂਰੀ ਦੁਨੀਆ ਦੀ ਆਰਥਿਕ ਤੇ ਸਮਾਜਿਕ ਵਿਵਸਥਾ ਨੂੰ ਗੋਡਿਆਂ ਭਾਰ ਲਿਆ ਦਿੱਤਾ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …