ਮੈਂ ਇਕੱਲੀ ਕਦੇ ਟਰੰਪ ਨੂੰ ਨਹੀਂ ਮਿਲੀ : ਨਿੱਕੀ ਹੇਲੀ
ਵਾਸ਼ਿੰਗਟਨ : ਭਾਰਤੀ-ਅਮਰੀਕਨ ਨਿੱਕੀ ਹੇਲੀ, ਜੋ ਯੂਐਨ ਲਈ ਅਮਰੀਕਾ ਦੀ ਸੀਨੀਅਰ ਸਫੀਰ ਹੈ, ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਸ ਦੇ ਪ੍ਰੇਮ ਸਬੰਧਾਂ ਬਾਰੇ ਅਫ਼ਵਾਹਾਂ ਨੂੰ ‘ਬੇਹੱਦ ਅਪਮਾਨਜਨਕ’ ਅਤੇ ‘ਘਿਨਾਉਣੀਆਂ’ ਦੱਸਿਆ ਹੈ। ਉਨ੍ਹਾਂ ਨੇ ਕਿਹਾ, ‘ਇਹ ਰੱਤੀ ਭਰ ਵੀ ਸੱਚ ਨਹੀਂ ਹੈ।’ ਦੱਸਣਯੋਗ ਹੈ ਕਿ ਨਿੱਕੀ ਹੇਲੀ ਕਿਸੇ ਵੀ ਰਾਸ਼ਟਰਪਤੀ ਪ੍ਰਸ਼ਾਸਨ ਵਿੱਚ ਕੈਬਨਿਟ ਰੈਂਕ ਦੀ ਪਹਿਲੀ ਭਾਰਤੀ-ਅਮਰੀਕਨ ਅਧਿਕਾਰੀ ਹੈ। ਨਿੱਕੀ ਨੇ ਕਿਹਾ, ‘ਮੈਂ ਇਕ ਵਾਰ ਰਾਸ਼ਟਰਪਤੀ ਦੇ ਜਹਾਜ਼ ਏਅਰ ਫੋਰਸ ਵਨ ਵਿੱਚ ਗਈ ਸੀ ਅਤੇ ਉਦੋਂ ਜਹਾਜ਼ ਵਿੱਚ ਹੋਰ ਕਈ ਲੋਕ ਮੌਜੂਦ ਸਨ।’ ਨਿਊਯਾਰਕ ਦੇ ਲੇਖਕ ਮਾਈਕਲ ਵੋਲਫ ਦੀ ਕਿਤਾਬ ‘ਫਾਇਰ ਐਂਡ ਫਿਊਰੀ’ ਵਿੱਚ ਉਸ ਖ਼ਿਲਾਫ਼ ਲਾਏ ਦੋਸ਼ਾਂ ਦਾ ਜ਼ਿਕਰ ਕਰਦਿਆਂ ਨਿੱਕੀ ਨੇ ਕਿਹਾ, ‘ਉਹ ਕਹਿੰਦਾ ਹੈ ਕਿ ਆਪਣੇ ਰਾਜਸੀ ਭਵਿੱਖ ਲਈ ਮੈਂ ਓਵਲ ਵਿੱਚ ਰਾਸ਼ਟਰਪਤੀ ਨਾਲ ਬਹੁਤ ਜ਼ਿਆਦਾ ਗੱਲਾਂ ਕਰ ਰਹੀ ਹਾਂ। ਮੈਂ ਕਦੇ ਵੀ ਰਾਸ਼ਟਰਪਤੀ ਨਾਲ ਆਪਣੇ ਭਵਿੱਖ ਬਾਰੇ ਗੱਲਬਾਤ ਨਹੀਂ ਕੀਤੀ ਅਤੇ ਮੈਂ ਕਦੇ ਵੀ ਉਨ੍ਹਾਂ ਨੂੰ ਇਕੱਲੀ ਨਹੀਂ ਮਿਲੀ। ਪਰ ਇਹ ਵੱਡਾ ਮੁੱਦਾ ਬਣਦਾ ਹੈ ਕਿ ਸਾਨੂੰ ਹਮੇਸ਼ਾ ਚੇਤੰਨ ਰਹਿਣ ਦੀ ਲੋੜ ਹੈ। ਮੈਂ ਆਪਣੀ ਜ਼ਿੰਦਗੀ ਦੇ ਹਰੇਕ ਮੋੜ ਉਤੇ ਦੇਖਿਆ ਹੈ ਕਿ ਜੇਕਰ ਤੁਸੀਂ ਸਹੀ ਗੱਲ ਕਰਦੇ ਹੋ ਅਤੇ ਤੁਸੀਂ ਉਸ ਲਈ ਦ੍ਰਿੜ੍ਹ ਵੀ ਹੋ ਅਤੇ ਤੁਸੀਂ ਉਹ ਕੁੱਝ ਕਹਿੰਦੇ ਹੋ, ਜਿਸ ਵਿੱਚ ਤੁਹਾਨੂੰ ਵਿਸ਼ਵਾਸ ਹੈ ਤਾਂ ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜੋ ਵਿਰੋਧ ਕਰਦੇ ਹਨ ਪਰ ਉਹ ਇਸ ਨਾਲ ਨਜਿੱਠਣ ਲਈ ਚੋਭਾਂ ਲਾਉਂਦੇ ਹਨ ਅਤੇ ਝੂਠ ਫੈਲਾਉਂਦੇ ਹਨ।’ ਇਕ ਦਹਾਕੇ ਤੋਂ ਸਿਆਸਤ ਵਿੱਚ ਸਰਗਰਮ ਅਤੇ ਦੱਖਣੀ ਕੈਰੋਲਿਨਾ ਦੀ ਸਾਬਕਾ ਗਵਰਨਰ 46 ਸਾਲਾ ਨਿੱਕੀ ਹੇਲੀ ਨੂੰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।
Check Also
ਪਾਕਿਸਤਾਨ ਦੇ ਸ਼ਹਿਰ ਲਾਹੌਰ ਅਤੇ ਮੁਲਤਾਨ ’ਚ ਲੱਗਿਆ ਲਾਕਡਾਊਨ
ਵਧੇ ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਸਰਕਾਰ ਨੇ ਲਿਆ ਫੈਸਲਾ ਅਟਾਰੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਪਿਛਲੇ …