ਅਧਿਆਪਕ ਚੰਗਾ ਸਕੂਲ ਬਣਾਉਣ ‘ਚ ਨਿਭਾਉਂਦੇ ਹਨ ਅਹਿਮ ਭੂਮਿਕਾ : ਰਾਮਨਾਥ ਕੋਵਿੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਦੇਸ਼ ਦੇ 47 ਅਧਿਆਪਕਾਂ ਨੂੰ ਕੌਮੀ ਪੁਰਸਕਾਰਾਂ ਨਾਲ ਨਿਵਾਜਿਆ। ਪੜ੍ਹਾਉਣ ਦੇ ਨਵੇਂ ਤਰੀਕੇ ਅਪਣਾਉਣ ਵਿਚ ਯੋਗਦਾਨ ਦੇਣ ਲਈ ਇਨ੍ਹਾਂ ਅਧਿਆਪਕਾਂ ਨੂੰ ਇਹ ਪੁਰਸਕਾਰ ਦਿੱਤੇ ਗਏ ਹਨ।
ਵਰਚੁਅਲ ਪੁਰਸਕਾਰ ਸਮਾਗਮ ਦੌਰਾਨ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਖੂਬਸੂਰਤ ਇਮਾਰਤਾਂ, ਮਹਿੰਗੇ ਸਾਜ਼ੋ-ਸਾਮਾਨ ਜਾਂ ਸਹੂਲਤਾਂ ਨਾਲ ਸਕੂਲ ਚੰਗੇ ਨਹੀਂ ਬਣਦੇ ਸਗੋਂ ਅਧਿਆਪਕ ਚੰਗਾ ਸਕੂਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਹੀ ਵਿਦਿਆਰਥੀਆਂ ਦੇ ਗਿਆਨ ਵਿਚ ਵਾਧੇ ਦੇ ਨਾਲ-ਨਾਲ ਉਨ੍ਹਾਂ ਦਾ ਕਿਰਦਾਰ ਬਣਾਉਂਦੇ ਹਨ। ਕਰੋਨਾ ਮਹਾਮਾਰੀ ਦੌਰਾਨ ਡਿਜੀਟਲ ਤਕਨਾਲੋਜੀ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਨੇ ਅਧਿਆਪਕਾਂ ਵੱਲੋਂ ਨਵੀਂ ਤਕਨਾਲੋਜੀ ਅਪਣਾਉਣ ਦੇ ਹੁਨਰ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨਵੀਂ ਤਕਨਾਲੋਜੀ ਦਾ ਲਾਭ ਆਦਿਵਾਸੀ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਵੀ ਦੇਣ ਦੀ ਵਕਾਲਤ ਕੀਤੀ। ਨਵੀਂ ਸਿੱਖਿਆ ਨੀਤੀ ਬਾਰੇ ਗੱਲ ਕਰਦਿਆਂ ਕੋਵਿੰਦ ਨੇ ਕਿਹਾ ਕਿ ਇਸ ਨਾਲ ਬੱਚੇ ਭਵਿੱਖ ਦੀਆਂ ਲੋੜਾਂ ਮੁਤਾਬਕ ਤਿਆਰ ਹੋਣਗੇ।
ਫਰੀਦਕੋਟ ਦੇ ਰਜਿੰਦਰ ਕੁਮਾਰ ਸਨਮਾਨਿਤઠ
ਫਰੀਦਕੋਟ ਦੇ ਜੈਤੋ ਸਬ-ਡਵੀਜ਼ਨ ਦੇ ਪਿੰਡ ਬਾੜਾ ਭਾਈਕਾ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਜਿੰਦਰ ਕੁਮਾਰ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਜਿੰਦਰ ਕੁਮਾਰ ਨੂੰ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲਣ ਅਤੇ ਵਿਦਿਆਰਥੀਆਂ ਨੂੰ ਘੱਟ ਲਾਗਤ ਦੇ ਨਾਲ ਆਨਲਾਈਨ ਅਤੇ ਆਡੀਓ-ਵੀਡੀਓ ਪਾਠ ਤਿਆਰ ਕਰਨ ਦੇ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਇਹ ਪੁਰਸਕਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਰਜਿੰਦਰ ਕੁਮਾਰ ਦੀ ਪਤਨੀ ਹਰਿੰਦਰ ਕੌਰ ਨੂੰ ਰਾਜ ਪੱਧਰ ‘ਤੇ ਬਿਹਤਰੀਨ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ ਹੈ। ਅਧਿਆਪਕ ਦਿਵਸ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ ਮਨਾਇਆ ਜਾਂਦਾ ਹੈ।ઠ
ਸਾਡੇ ਅਧਿਆਪਕ ਸਾਡੇ ਹੀਰੋ : ਮੋਦੀઠ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਆਪਕ ਦਿਵਸ ਮੌਕੇ ਸਾਬਕਾ ਰਾਸ਼ਟਰਪਤੀ ਐਸ. ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੇ ਅਧਿਆਪਕ ਸਾਡੇ ਹੀਰੋ ਹਨ। ਉਨ੍ਹਾਂ ਲੋਕਾਂ ਦੇ ਮਨ ਨੂੰ ਆਕਾਰ ਦੇਣ ਤੇ ਰਾਸ਼ਟਰ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਅਧਿਆਪਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜਣ ਲਈ ਸਾਡੇ ਅਧਿਆਪਕਾਂ ਤੋਂ ਬਿਹਤਰ ਕੌਣ ਹੋ ਸਕਦਾ ਹੈ।