Breaking News
Home / ਹਫ਼ਤਾਵਾਰੀ ਫੇਰੀ / ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ

ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ

ਨਵੀਂ ਦਿੱਲੀ : ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁੱਲ ਆਲਮ ਨੂੰ ਦਿੱਤੇ ਸਦੀਵੀਂ ਸੰਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਨੂੰ 26 ਜਨਵਰੀ ਨੂੰ ਨਵੀਂ ਦਿੱਲੀ ਵਿਚ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਸਰਕਾਰ ਦੀ ਝਾਕੀ ਦੇ ਵਿਸ਼ੇ ਵਜੋਂ ਰੂਪਮਾਨ ਕੀਤਾ ਜਾਵੇਗਾ। ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗਣਤੰਤਰ ਦਿਵਸ-2020 ਮੌਕੇ ਪੰਜਾਬ ਰਾਜ ਦੀ ਝਾਕੀ ਨੂੰ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਨਾਲ-ਨਾਲ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲੇ ਸਮਾਗਮਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਗੁਰੂ ਸਾਹਿਬ ਦੇ ਮਾਨਵੀ ਸਿਧਾਂਤਾਂ ‘ਤੇ ਆਧਾਰਿਤ ਫ਼ਲਸਫ਼ੇ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਕਿਰਤ ਕਰੋ’ ਦਾ ਸਿਧਾਂਤ ਇਮਾਨਦਾਰ ਸਾਧਨਾਂ ਰਾਹੀਂ ਰੋਜ਼ੀ-ਰੋਟੀ ਕਮਾਉਣ ਦਾ ਸੰਦੇਸ਼ ਦਿੰਦਾ ਹੈ ਜਦੋਂਕਿ ‘ਨਾਮ ਜਪੋ’ ਦੇ ਸਿਧਾਂਤ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਨਿਰੰਤਰ ਜਾਪ ਕਰਨ ਲਈ ਪ੍ਰੇਰਿਆ ਗਿਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਤੀਜੇ ਸਿਧਾਂਤ ‘ਵੰਡ ਛਕੋ’ ਰਾਹੀਂ ਲੋਕਾਈ ਨੂੰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਆਪਣੀ ਮਿਹਨਤ ਦੇ ਫਲ ਨੂੰ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ। ਬੁਲਾਰੇ ਨੇ ਦੱਸਿਆ ਕਿ ਝਾਕੀ ਵਿੱਚ ਟਰੈਕਟਰ ਵਾਲੇ ਹਿੱਸੇ ‘ਤੇ ਵਿਸ਼ਾਲ ਅਤੇ ਵਿਲੱਖਣ ਹੱਥ ‘ਇੱਕ ਅਕਾਲ ਪੁਰਖ’ ਦੇ ਫ਼ਲਸਫ਼ੇ ਨੂੰ ਦਰਸਾਉਂਦਾ ਹੈ। ਟਰੇਲਰ ਉੱਪਰ ਸਿੱਖ ਧਰਮ ਦੇ ਤਿੰਨ ਬੁਨਿਆਦੀ ਸਿਧਾਂਤ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਦ੍ਰਿਸ਼ਮਾਨ ਕੀਤੇ ਗਏ ਹਨ। ਟਰੇਲਰ ਦੀ ਸ਼ੁਰੂਆਤ ਵਿੱਚ ਦਰਸਾਇਆ ‘ਕਿਰਤ ਕਰੋ’ ਦਾ ਸੰਦੇਸ਼ ਵਿਅਕਤੀ, ਪਰਿਵਾਰ ਅਤੇ ਸਮਾਜ ਦੀ ਭਲਾਈ ਅਤੇ ਸੁਧਾਰ ਲਈ ਅਕਾਲ-ਪੁਰਖ ਵੱਲੋਂ ਬਖ਼ਸ਼ਿਸ ਕੀਤੇ ਹੁਨਰ, ਕਾਬਲੀਅਤ, ਪ੍ਰਤਿਭਾ ਅਤੇ ਸਖ਼ਤ ਮਿਹਨਤ ਜਿਹੀਆਂ ਰਹਿਮਤਾਂ ਰਾਹੀਂ ਕਿਸੇ ਵਿਅਕਤੀ ਵੱਲੋਂ ਇਮਾਨਦਾਰ, ਪਾਵਨ ਅਤੇ ਸਮਰਪਿਤ ਜ਼ਿੰਦਗੀ ਜਿਊਣ ਨਾਲ ਸਬੰਧਤ ਹੈ। ਇਸ ਤੋਂ ਬਾਅਦ ਵਿਚਕਾਰਲੇ ਹਿੱਸੇ ਵਿਚ ‘ਨਾਮ ਜਪੋ’ ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ। ਸਿੱਖ ਧਰਮ ਵਿੱਚ ਇਸ ਦਾ ਭਾਵ ਧਿਆਨ ਲਾਉਣਾ, ਅਕਾਲ ਪੁਰਖ ਦੀ ਉਸਤਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਮਰਨ ਕਰਨਾ ਅਤੇ ਪਰਮਾਤਮਾ ਵੱਲੋਂ ਮਨੁੱਖ ਨੂੰ ਬਖ਼ਸ਼ੀਆਂ ਗਈਆਂ ਰਹਿਮਤਾਂ ਲਈ ਸ਼ੁਕਰਾਨਾ ਕਰਦਿਆਂ ਅਕਾਲ ਪੁਰਖ ਦਾ ਜਾਪ ਕਰਨਾ ਹੈ।
ਇਸ ਪਿੱਛੋਂ ‘ਵੰਡ ਛਕੋ’ ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ, ਜੋ ਸਾਡੇ ਕੋਲ ਉਪਲਬਧ ਪਦਾਰਥਾਂ ਨੂੰ ਸਮਾਜ ਵਿੱਚ ਵੰਡ ਕੇ ਛਕਣ ਦਾ ਸੰਦੇਸ਼ ਦਿੰਦਾ ਹੈ। ਟਰੇਲਰ ਦੇ ਅਖ਼ੀਰ ਵਿੱਚ ਪਰਮਾਤਮਾ ਦੇ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਨੂੰ ਦਰਸਾਇਆ ਗਿਆ ਹੈ, ਜਿਸ ਤੋਂ ਗੁਰੂ ਜੀ ਦੇ ਇਲਾਹੀ ਸੰਦੇਸ਼ ਦੀ ਅਹਿਮੀਅਤ ਅਤੇ ਅੰਦਰੂਨੀ ਮੁੱਲਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …