Breaking News
Home / ਹਫ਼ਤਾਵਾਰੀ ਫੇਰੀ / ਸੁਖਪਾਲ ਸਿੰਘ ਖਹਿਰਾ ਕਾਂਗਰਸ ‘ਚ ਸ਼ਾਮਲ

ਸੁਖਪਾਲ ਸਿੰਘ ਖਹਿਰਾ ਕਾਂਗਰਸ ‘ਚ ਸ਼ਾਮਲ

‘ਆਪ’ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ ਸਣੇ ਖਹਿਰਾ ਨੇ ਕੈਪਟਨ ਦੇ ਘਰ ਜਾ ਕੇ ਮੁੜ ਫੜਿਆ ‘ਹੱਥ’
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਸਣੇ ਤਿੰਨ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਰਿਹਾਇਸ਼ ‘ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਦੇ ਮੌੜ ਤੋਂ ਬਾਗੀ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਭਦੌੜ ਤੋਂ ਪਿਰਮਲ ਸਿੰਘ ਧੌਲਾ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ। ਕੈਪਟਨ ਨੇ ਦੱਸਿਆ ਕਿ ਤਿੰਨ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਕਰਨ ਲਈ ਏਆਈਸੀਸੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਕਾਂਗਰਸ ਪਾਰਟੀ ਵਿਚ ਆਪਣੇ ਸਾਥੀਆਂ ਨਾਲ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਕਾਂਗਰਸ ਪਾਰਟੀ ਦੇ ਕੰਮਾਂ ਦਾ ਜ਼ਿਕਰ ਕੀਤਾ ਉੱਥੇ ਹੀ ਆਮ ਆਦਮੀ ਪਾਰਟੀ ਸਮੇਤ ਭਾਜਪਾ ਅਤੇ ਅਕਾਲੀ ਦਲ ‘ਤੇ ਕਈ ਸਵਾਲ ਚੁੱਕੇ। ਖਹਿਰਾ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਨੂੰ ਚੁਣਨਾ ਉਨ੍ਹਾਂ ਦੀ ਗ਼ਲਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਪਲੇਟਫ਼ਾਰਮ ਚੁਣਨਾ ਜ਼ਰੂਰੀ ਸੀ ਕਿਉਂਕਿ ਅਲੱਗ-ਥਲੱਗ ਰਹਿ ਕੇ ਮੁੱਦੇ ਨਹੀਂ ਸੁਲਝਾਏ ਜਾ ਸਕਦੇ ਸੀ।
ਖਹਿਰਾ ਨੇ ਕੈਪਟਨ ਦੇ ਗਾਏ ਸੋਹਲੇ
ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਕਾਂਗਰਸ ਵਿਚ ਵਾਪਸੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੂਰਦਰਸ਼ੀ ਸਿਆਸਤਦਾਨ ਆਖਦਿਆਂ ਜੰਮ ਕੇ ਸ਼ਲਾਘਾ ਕੀਤੀ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੀ ਸਭ ਤੋਂ ਵੱਡੀ ਸਿਆਸੀ ਗ਼ਲਤੀ ਸੀ ਅਤੇ ਉਨ੍ਹਾਂ ਕੇਜਰੀਵਾਲ ਨੂੰ ਪੰਜਾਬ ਵਿਰੋਧੀ ਵੀ ਗਰਦਾਨ ਦਿੱਤਾ। ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨਾਲੋਂ 100 ਗੁਣਾ ਚੰਗੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤ ਵਿੱਚ ਬਹੁਤ ਚੰਗੇ ਫ਼ੈਸਲੇ ਲਏ ਹਨ।

ਮੈਂ ਆਪਣੇ ਸਟੈਂਡ ‘ਤੇ ਅੱਜ ਵੀ ਹਾਂ ਕਾਇਮ : ਨਵਜੋਤ ਸਿੱਧੂ
ਪੰਜਾਬ ਕਾਂਗਰਸ ਵਿਚ ਪੈਦਾ ਹੋਏ ਕਲੇਸ਼ ਨੂੰ ਖਤਮ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਸਾਹਮਣੇ ਨਵਜੋਤ ਸਿੱਧੂ ਵੀ ਪੇਸ਼ ਹੋਏ। ਸਿੱਧੂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਸਟੈਂਡ ‘ਤੇ ਅੱਜ ਵੀ ਕਾਇਮ ਹਾਂ, ਇਸ ਵਿੱਚ ਕੋਈ ਬਦਲਾਅ ਨਹੀਂ ਆਇਆ। ਸਿੱਧੂ ਨੇ ਕਿਹਾ ਕਿ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਜਿੱਤ ਹੋਵੇਗੀ। ਪੰਜਾਬ ਵਿਰੋਧੀ ਤਾਕਤਾਂ ਨੂੰ ਨਮੋਸ਼ੀ ਝੱਲਣੀ ਪਵੇਗੀ।
ਮਸਲਾ ਹੱਲ ਨਾ ਹੋਇਆ ਤਾਂ ਚੋਣਾਂ ‘ਚ ਹੋਵੇਗਾਵੱਡਾ ਨੁਕਸਾਨ : ਪਰਗਟ ਸਿੰਘ
ਪੰਜਾਬ ਕਾਂਗਰਸ ਦਾ ਮਸਲਾ ਹੱਲ ਕਰਨ ਲਈ ਬਣਾਈ ਗਈ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਮੇਰੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਲੜਾਈ ਨਹੀਂ ਹੈ। ਮੇਰੀ ਲੜਾਈ ਮੁੱਦਿਆਂ ‘ਤੇ ਹੈ। ਉਨ੍ਹਾਂ ਕਿਹਾ ਮੇਰਾ ਸਟੈਂਡ ਜੋ ਪਹਿਲੇ ਸੀ ਉਹ ਅੱਜ ਵੀ ਕਾਇਮ ਹੈ। ਉਨ੍ਹਾਂ ਕਿਹਾ ਕਿ ਮੈਂ 2019 ਵਿਚ ਹੀ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੰਮ ਤਾਂ ਕੀਤੇ ਹਨ ਪਰ ਜੋ ਫ਼ੈਸਲੇ ਮੁੱਖ ਮੰਤਰੀ ਲੈਵਲ ਦੇ ਸਨ ਉਨ੍ਹਾਂ ਉੱਪਰ ਕੋਈ ਕੰਮ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮਸਲੇ ਜਲਦੀ ਹੱਲ ਨਹੀਂ ਹੋਏ ਤਾਂ 2022 ਦੀਆਂ ਚੋਣਾਂ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …