3.6 C
Toronto
Thursday, November 6, 2025
spot_img
Homeਪੰਜਾਬਸਿੱਖ ਕਤਲੇਆਮ ਤੇ ਗੁਜਰਾਤ ਦੰਗਿਆਂ 'ਚ ਵੱਡਾ ਫਰਕ : ਨਰੇਸ਼ ਗੁਜਰਾਲ

ਸਿੱਖ ਕਤਲੇਆਮ ਤੇ ਗੁਜਰਾਤ ਦੰਗਿਆਂ ‘ਚ ਵੱਡਾ ਫਰਕ : ਨਰੇਸ਼ ਗੁਜਰਾਲ

’84 ਕਤਲੇਆਮ ਮੌਕੇ ਪੁਲਿਸ ਨੇ ਭੀੜ ਦਾ ਦਿੱਤਾ ਸੀ ਸਾਥ
ਜਲੰਧਰ/ਬਿਊਰੋ ਨਿਊਜ਼
ਰਾਜ ਸਭਾ ਮੈਂਬਰ ਤੇ ਐੱਨਡੀਏ ਦੇ ਬੁਲਾਰੇ ਨਰੇਸ਼ ਗੁਜਰਾਲ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਅਤੇ 2002 ਦੇ ਗੁਜਰਾਤ ਦੰਗਿਆਂ ਵਿਚ ਵੱਡਾ ਫ਼ਰਕ ਹੈ। ’84 ਦੇ ਕਤਲੇਆਮ ਦੀ ਤੁਲਨਾ ਗੁਜਰਾਤ ਦੰਗਿਆਂ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਜਲੰਧਰ ‘ਚ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਗੁਜਰਾਤ ਦੰਗਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਠਹਿਰਾ ਕੇ ਆਪਣਾ ਖਹਿੜਾ ਨਹੀਂ ਛੁਡਾ ਸਕਦੀ।
ਗੁਜਰਾਲ ਨੇ ਦਾਅਵਾ ਕੀਤਾ ਕਿ ਗੁਜਰਾਤ ਵਿਚ ਪੁਲਿਸ ਨੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਹੁਕਮਾਂ ‘ਤੇ ਦੰਗੇ ਰੋਕਣ ਦੇ ਯਤਨ ਕੀਤੇ ਅਤੇ 300 ਤੋਂ ਵੱਧ ਵਿਅਕਤੀ ਪੁਲਿਸ ਦੀ ਗੋਲੀਬਾਰੀ ਵਿਚ ਮਾਰੇ ਗਏ ਜਦਕਿ ਦਿੱਲੀ ਵਿਚ ਪੁਲਿਸ ਵੱਲੋਂ ਇਕ ਵੀ ਗੋਲੀ ਨਹੀਂ ਚਲਾਈ ਗਈ ਉਲਟਾ ਪੁਲਿਸ ਮੂਕ ਦਰਸ਼ਕ ਬਣੀ ਰਹੀ ਸੀ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਮਰਨ ਵਾਲਿਆਂ ਵਿਚ 790 ਮੁਸਲਿਮ ਸ਼ਾਮਲ ਸਨ ਜਦਕਿ 254 ਦੰਗਾਕਾਰੀ ਵੀ ਮਾਰੇ ਗਏ ਸਭ, ਜਿਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਦੁਖਾਂਤਾਂ ਵਿਚ ਕਿੰਨੀ ਅਸਮਾਨਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਨ ਵੇਲੇ ਇਕ ਵੀ ਦੋਸ਼ੀ ਜ਼ਖ਼ਮੀ ਤਕ ਨਹੀਂ ਹੋਇਆ ਕਿਉਂਕਿ ਪੁਲਿਸ ਕਥਿਤ ਤੌਰ ‘ਤੇ ਭੀੜ ਦਾ ਸਾਥ ਦੇ ਰਹੀ ਸੀ। ਇਸੇ ਲਈ ਪੁਲਿਸ ਨੇ ਭੀੜਂ ‘ਤੇ ਇਕ ਵੀ ਗੋਲੀ ਨਹੀਂ ਸੀ ਚਲਾਈ।
ਗੁਜਰਾਲ ਨੇ ਕਿਹਾ ਕਿ ਜੇ ਕਾਂਗਰਸ ਮੋਦੀ ਜੋ ਕਿ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ, ਨੂੰ ਗੁਜਰਾਤ ਦੰਗਿਆਂ ਲਈ ਦੋਸ਼ੀ ਮੰਨਦੀ ਹੈ ਤਾਂ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ, ਜਿਹੜੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਨੂੰ ਵੀ ’84 ਦੇ ਕਤਲੇਆਮ ਲਈ ਦੋਸ਼ੀ ਮੰਨਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਜੋ ਹੋਇਆ ਉਹ ਦੰਗੇ ਸਨ ਜਦੋਂਕਿ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਤਿੰਨ ਦਿਨ ਤਕ ਫ਼ੌਜ ਨਹੀਂ ਸੱਦੀ ਤੇ ਕਤਲੇਆਮ ਨੂੰ ਸਿਖਰ ਤਕ ਜਾਣ ਦਿੱਤਾ।
ਗੁਜਰਾਲ ਨੇ ਯਾਦ ਕੀਤਾ ਕਿ ਉਨ੍ਹਾਂ ਦੇ ਪਿਤਾ ਮਰਹੂਮ ਆਈ.ਕੇ.ਗੁਜਰਾਲ, ਜਨਰਲ ਜਗਜੀਤ ਸਿੰਘ ਅਰੋੜਾ ਅਤੇ ਏਅਰ ਮਾਰਸ਼ਲ ਅਰਜੁਨ ਸਿੰਘ ਵਾਰ-ਵਾਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਗ੍ਰਹਿ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਕੋਲ ਗਏ ਤੇ ਸਿੱਖ ਕਤਲੇਆਮ ਰੁਕਵਾਉਣ ਲਈ ਫ਼ੌਜ ਸੱਦਣ ਦੀ ਮੰਗ ਕੀਤੀ ਪਰ ਦੋਹਾਂ ਨੇ ਬੇਬਸੀ ਜ਼ਾਹਰ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਸਿੱਧੇ ਹੁਕਮ ਹਨ ਕਿ ਫ਼ੌਜ ਨਹੀਂ ਸੱਦੀ ਜਾਵੇਗੀ। ਗੁਜਰਾਲ ਨੇ ਕਿਹਾ ਕਿ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਜਿਨ੍ਹਾਂ ਨੇ ਖ਼ੁਦ ਇਕ ਦਿਨ ਪਹਿਲਾਂ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਸੀ, ਨੇ ਉਨ੍ਹਾਂ ਦੇ ਪਿਤਾ ਅਤੇ ਜਨਰਲ ਅਰੋੜਾ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਹੇ ਅਤੇ ਇਸ ਬਾਰੇ ਗਿਆਨੀ ਜ਼ੈਲ ਸਿੰਘ ਦੀ ਧੀ ਨੇ ਵੀ ਆਪਣੀ ਕਿਤਾਬ ਵਿਚ ਜ਼ਿਕਰ ਕੀਤਾ ਹੈ।

RELATED ARTICLES
POPULAR POSTS