ਪੰਜਾਬੀ ਫਿਲਮਾਂ ਦੀ ਸ਼ੂਟਿੰਗ ਲਈ ਇਨਫਰਾਸਟਰੱਚਰ ਪੰਜਾਬ ਵਿਚ ਹੀ ਮੁਹੱਈਆ ਕਰਵਾਉਣ ਦੀ ਗੱਲ ਕਹੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੇ ਕੈਬਨਿਟ ਸਹਿਯੋਗੀਆਂ ਦੇ ਨਾਲ ਨਵੀਂ ਆਈ ਪੰਜਾਬੀ ਫਿਲਮ ‘ਕੈਰੀ ਔਨ ਜੱਟਾ-3’ ਦੇਖਣ ਲਈ ਜਲੰਧਰ ਦੇ ਇਕ ਸਿਨੇਮਾ ’ਚ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਆਗੂਆਂ ਦਾ ਫਿਲਮ ਦੇ ਹੀਰੋ ਤੇ ਨਿਰਮਾਤਾ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਸਣੇ ਫਿਲਮ ਦੀ ਸਾਰੀ ਸਟਾਰ ਕਾਸਟ ਨੇ ਸਵਾਗਤ ਕੀਤਾ। ਇਸ ਮੌਕੇ ਭਗਵੰਤ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਸਨ। ਫਿਲਮ ‘ਕੈਰੀ ਔਨ ਜੱਟਾ-3’ ਨੂੰ ਦੇਖਣ ਤੋ ਬਾਅਦ ਸੀਐਮ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਿਲਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਹੁਣ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਲਈ ਕਲਾਕਾਰਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਲਈ ਸਾਰਾ ਇਨਫਰਾਸਟਰੱਚਰ ਪੰਜਾਬ ਵਿਚ ਹੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਕਲਾਕਾਰਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ।