
ਐਨ.ਆਰ.ਆਈਜ਼ ਨੇ ਵੀ ਕੀਤੀ ਮੱਦਦ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪਹਿਲਕਦਮੀ ਕਰਦੇ ਹੋਏ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਜਨਕ ਰਾਜ ਦੇ ਪਰਿਵਾਰ ਦੀ ਮੱਦਦ ਲਈ ਕਦਮ ਚੁੱਕਿਆ ਹੈ। ਪਿਛਲੇ ਦਿਨੀਂ ਟਿਕਰੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਕਾਰ ਨੂੰ ਅੱਗ ਲੱਗ ਜਾਣ ਕਾਰਨ ਟਰੈਕਟਰ ਮਕੈਨਿਕ ਜਨਕ ਰਾਜ ਵਾਸੀ ਧਨੌਲਾ ਦੀ ਜਾਨ ਚਲੇ ਗਈ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਸੋਸ਼ਲ ਮੀਡੀਆ ਉੱਤੇ ਫ਼ੰਡ ਇਕੱਠਾ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ 72 ਘੰਟਿਆਂ ਅੰਦਰ ਹੀ 10 ਲੱਖ ਰੁਪਏ ਇਕੱਠੇ ਹੋ ਗਏ। ਵਿਰੋਧੀ ਧਿਰ ਦੀ ਉਪ ਨੇਤਾ ਅਤੇ ‘ਆਪ’ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਪੀੜਿਤ ਪਰਿਵਾਰ ਨਾਲ ਘਰ ਪਹੁੰਚ ਕੇ ਹਮਦਰਦੀ ਪ੍ਰਗਟਾਈ ਸੀ। ਸਰਬਜੀਤ ਕੌਰ ਮਾਣੂੰਕੇ ਅਤੇ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਦਿੱਲੀ-ਪੰਜਾਬ ਤੋਂ ਲੈ ਕੇ ‘ਆਪ’ ਨਾਲ ਜੁੜੇ ਹੋਏ ਐਨਆਰਆਈਜ਼ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਹੈ।