ਪੰਨੂ ਦੀ ਅੰਮਿ੍ਰਤਸਰ ਅਤੇ ਚੰਡੀਗੜ੍ਹ ਸਥਿਤ ਪ੍ਰਾਪਰਟੀ ਨੂੰ ਕੀਤਾ ਗਿਆ ਜਬਤ

ਚੰਡੀਗੜ੍ਹ/ਬਿਊਰੋ ਨਿਊਜ਼ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਦੀ ਪ੍ਰਾਪਰਟੀ ਨੂੰ ਜਬਤ ਕਰ ਲਿਆ ਹੈ। ਐਨਆਈਏ ਨੇ ਅੰਮਿ੍ਰਤਸਰ ਦੇ ਪਿੰਡ ਖਾਨਕੋਟ ਸਥਿਤ ਪੰਨੂ ਦੀ 46 ਕਨਾਲ ਪ੍ਰਾਪਰਟੀ ਨੂੰ ਜਬਤ ਕਰ ਲਿਆ। ਖਾਨਕੋਟ ਗੁਰਪਤਵੰਤ ਪੰਨੂ ਦਾ ਜੱਦੀ ਪਿੰਡ ਹੈ ਅਤੇ ਜਬਤ ਕੀਤੀ 46 ਕਨਾਲ ਜ਼ਮੀਨ ਵਾਈਯੋਗ ਹੈ। ਇਸ ਦੇ ਨਾਲ ਹੀ ਪੰਨੂ ਦੇ ਚੰਡੀਗੜ੍ਹ ਦੇ ਸੈਕਟਰ 15 ਸੀ ਸਥਿਤ ਘਰ ਨੂੰ ਵੀ ਐਨਆਈਏ ਨੇ ਜਬਤ ਕਰ ਲਿਆ ਹੈ। ਐਨਆਈਏ ਅਤੇ ਅਦਾਲਤੀ ਹੁਕਮਾਂ ਅਨੁਸਾਰ ਚੰਡੀਗੜ੍ਹ ਸਥਿਤ ਘਰ ਦੇ ਹਰ ਇਕ ਨੋਟਿਸ ਲਗਾ ਦਿੱਤਾ ਗਿਆ ਹੈ, ਜਿਸ ’ਤੇ ਲਿਖਿਆ ਗਿਆ ਹੈ ਕਿ ਕਾਨੂੰਨੀ ਤੌਰ ’ਤੇ ਗੁਰਪਤਵੰਤ ਸਿੰਘ ਪੰਨੂ ਹੁਣ ਇਸ ਪ੍ਰਾਪਰਟੀ ਦਾ ਮਾਲਕ ਨਹੀਂ ਰਿਹਾ ਅਤੇ ਇਹ ਪ੍ਰਾਪਰਟੀ ਹੁਣ ਸਰਕਾਰ ਦੀ ਹੋ ਗਈ ਹੈ। ਉਧਰ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰ ਸਿੰਘਪੁਰਾ ਸਥਿਤ ਹਰਦੀਪ ਸਿੰਘ ਨਿੱਝਰ ਦੇ ਬੰਦ ਪਏ ਘਰ ਵੀ ਅੱਜ ਐਨਆਈਏ ਦੀ ਟੀਮ ਪਹੁੰਚੀ। ਟੀਮ ਵੱਲੋਂ ਨਿੱਝਰ ਦੇ ਘਰ ਦੇ ਬਾਹਰ ਵੀ ਇਕ ਨੋਟਿਸ ਚਿਪਕਾਇਆ ਗਿਆ ਹੈ। ਇਹ ਨੋਟਿਸ ਮੋਹਾਲੀ ਦੀ ਸੀਬੀਆਈ ਕਮ ਐਨਆਈਏ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਚੱਲ ਸੰਪਤੀ ਨੂੰ ਜਬਤ ਕਰਨ ਲਈ ਐਨਆਈਏ ਵੱਲੋਂ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਮਾਮਲੇ ’ਚ ਹਰਦੀਪ ਸਿੰਘ ਨਿੱਝਰ ਦਾ ਕੋਈ ਵੀ ਨਜ਼ਦੀਕੀ 11 ਅਕਤੂਬਰ ਨੂੰ ਮੋਹਾਲੀ ਕੋਰਟ ਵਿਚ ਆ ਕੇ ਆਪਣਾ ਪੱਖ ਰੱਖ ਸਕਦਾ ਹੈ। ਜੇਕਰ ਕੋਈ ਵਿਅਕਤੀ ਕੋਰਟ ’ਚ ਪੇਸ਼ ਨਹੀਂ ਹੁੰਦਾ ਤਾਂ ਹਰਦੀਪ ਸਿੰਘ ਨਿੱਝਰ ਦੀ ਇਸ ਪ੍ਰਾਪਰਟੀ ਨੂੰ ਜਬਤ ਕਰ ਲਿਆ ਜਾਵੇਗਾ।