ਕਿਹਾ, ਅਸੀਂ ਯੂਪੀ ’ਚ ਚੋਣਾਂ ਜਿੱਤੇ ਤਾਂ ਤੀਰਥ ਯੋਜਨਾ ’ਚ ਅਯੁੱਧਿਆ ਨੂੰ ਵੀ ਕਰਾਂਗੇ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅਯੁੱਧਿਆ ਪਹੁੰਚ ਕੇ ਰਾਮ ਮੰਦਰ ਦੇ ਦਰਸ਼ਨ ਕੀਤੇ ਅਤੇ ਸੰਤਾਂ ਮਹੰਤਾਂ ਕੋਲੋਂ ਅਸ਼ੀਰਵਾਦ ਵੀ ਲਿਆ। ਕੇਜਰੀਵਾਲ ਨੇ ਭਗਵਾਨ ਰਾਮ ਦੇ ਦਰਬਾਰ ਵਿਚ ਪੂਜਾ ਵੀ ਕੀਤੀ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਯੂਪੀ ਵਿਚ ਚੋਣਾਂ ਜਿੱਤਦੀ ਹੈ ਤਾਂ ਦਿੱਲੀ ਦੀ ਤੀਰਥ ਯੋਜਨਾ ਵਿਚ ਅਯੁੱਧਿਆ ਨੂੰ ਵੀ ਸ਼ਾਮਲ ਕਰਾਂਗੇ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਭਗਵਾਨ ਰਾਮ ਜੀ ਦੇ ਦਰਸ਼ਨ ਕਰਨ ਸ਼ੁਭਾਗ ਪ੍ਰਾਪਤ ਹੋਇਆ ਅਤੇ ਉਹ ਚਾਹੁੰਦੇ ਹਨ ਕਿ ਇਹ ਸੁਭਾਗ ਸਾਰਿਆਂ ਨੂੰ ਮਿਲੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉਤਰ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਸਾਰੇ ਵਾਸੀਆਂ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨ ਕਰਵਾਉਣ ਲਈ ਮੁਫਤ ਸਹੂਲਤ ਦੀ ਵਿਵਸਥਾ ਕਰਾਂਗੇ। ਧਿਆਨ ਰਹੇ ਕਿ ਯੂਪੀ ਵਿਚ ਪੰਜਾਬ ਦੇ ਨਾਲ ਹੀ 2022 ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਆਪੋ ਆਪਣੇ ਮੁਤਾਬਕ ਵਾਅਦੇ ਕਰ ਰਹੀਆਂ ਹਨ।