ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਪ੍ਰਧਾਨ ਮੰਤਰੀ ਅਤੇ ਚੋਟੀ ਦੇ ਅਰਥ ਸ਼ਾਸਤਰੀ ਡਾ.ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਦੀ ਜਵਾਹਰਲਾਲ ਨਹਿਰੂ ਚੇਅਰ ਦੇ ਵਿਜ਼ਟਿੰਗ ਪ੍ਰੋਫੈਸਰ ਦਾ ਕਾਰਜਭਾਰ ਸੰਭਾਲਣਗੇ। ਉਨ੍ਹਾਂ ਨੂੰ ਸੰਸਦੀ ਕਮੇਟੀ ਤੋਂ ਮਨਜ਼ੂਰੀ ਮਿਲ ਗਈ ਹੈ। ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਨੇ ਡਾ. ਮਨਮੋਹਨ ਸਿੰਘ ਨੂੰ ਅਹੁਦੇ ਦੀ ਪੇਸ਼ਕਸ਼ ਸਤੰਬਰ ਵਿੱਚ ਕਰ ਦਿੱਤੀ ਸੀ ਪਰ ਉਨ੍ਹਾਂ ਲਾਭ ਵਾਲੇ ਅਹੁਦੇ ਸਬੰਧੀ ਖ਼ਦਸ਼ਿਆਂ ਨੂੰ ਦੂਰ ਕਰਨ ਤੋਂ ਬਾਅਦ ਹੀ ਇਹ ਅਹੁਦਾ ਪ੍ਰਵਾਨ ઠਕੀਤਾ। ਡਾ. ਮਨਮੋਹਨ ਸਿੰਘ ਰਾਜ ਸਭਾ ਮੈਂਬਰ ਹਨ ਅਤੇ ਉਹ ਸੰਸਦੀ ਕਮੇਟੀ ਤੋਂ ਇਹ ਪਤਾ ਕਰਾਉਣ ਦੀ ਇੱਛਾ ਰੱਖਦੇ ਸਨ ਕਿ ਕਿਧਰੇ ਉਨ੍ਹਾਂ ਦੀ ਬਤੌਰ ਵਿਜ਼ਟਿੰਗ ਪ੍ਰੋਫੈਸਰ ਵਜੋਂ ਨਿਯੁਕਤੀ ਲਾਭ ਵਾਲੇ ਅਹੁਦੇ ਦੇ ਘੇਰੇ ਵਿੱਚ ਤਾਂ ਨਹੀਂ ਮੰਨੀ ਜਾਵੇਗੀ। ਸੰਸਦੀ ਕਮੇਟੀ ਨੇ ਉਨ੍ਹਾਂ ਨੂੰ ਵਿਜ਼ਟਿੰਗ ਪ੍ਰੋਫੈਸਰ ਵਜੋਂ ਕੀਤੀ ਪੇਸ਼ਕਸ਼ ਅਤੇ ਵਿੱਤੀ ਲਾਭ ਬਾਰੇ ਵੀ ਯੂਨੀਵਰਸਿਟੀ ਤੋਂ ਜਾਣਕਾਰੀ ਮੰਗੀ ਸੀ। ਯੂਨੀਵਰਸਿਟੀ ਵੱਲੋਂ ਡਾ. ਮਨਮੋਹਨ ਸਿੰਘ ਨੂੰ ਇਕ ਲੈਕਚਰ ਵਾਸਤੇ ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ। ਕੈਂਪਸ ਦੇ ਗੈਸਟ ਹਾਊਸ ਵਿੱਚ ਰਹਿਣ ਦੀ ਸਹੂਲਤ ਅਤੇ ਆਉਣ-ਜਾਣ ਵਾਸਤੇ ਹਵਾਈ ਜਹਾਜ਼ ਦੀ ਟਿਕਟ ਦਿੱਤੀ ਜਾਵੇਗੀ।ਡਾ. ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ 1954 ਵਿੱਚ ਅਰਥ ਸ਼ਾਸਤਰ ਦੀ ਐਮਏ ਕੀਤੀ ਸੀ ਅਤੇ ਤਿੰਨ ਸਾਲ ਬਾਅਦ ਹੀ 1957 ਵਿੱਚ ਉਹ ਇਸੇ ਵਿਭਾਗ ਵਿੱਚ ਸੀਨੀਅਰ ਲੈਕਚਰਾਰ ਲੱਗ ਗਏ। ਸਾਲ 1963 ਵਿੱਚ ਉਹ ਪ੍ਰੋਫੈਸਰ ਬਣ ਗਏ ਅਤੇ ਬਾਅਦ ਵਿੱਚ ਦਿੱਲੀ ਚਲੇ ਗਏ। ਯੂਨੀਵਰਸਿਟੀ ਦੇ ਬੁਲਾਰੇ ਮੁਤਾਬਕ ਡਾ. ਮਨਮੋਹਨ ਸਿੰਘ ਦੀ ਪਹਿਲੀ ਫੇਰੀ ਲਈ ਤਰੀਕ ਮੰਗ ਲਈ ਗਈ ਹੈ। ਯੂਨੀਵਰਸਿਟੀ ਵੱਲੋਂ ਰਾਬਿੰਦਰ ਨਾਥ ਟੈਗੋਰ ਚੇਅਰ ਦੇ ਪ੍ਰੋਫੈਸਰ ਦੇ ਅਹੁਦੇ ਦੀ ਪੇਸ਼ਕਸ਼ ਫਿਲਮ ਜਗਤ ਦੀ ਉੱਘੀ ਹਸਤੀ ਗੁਲਜ਼ਾਰ ਨੂੰ ਕੀਤੀ ਗਈ ਸੀ। ਗੁਲਜ਼ਾਰ ਦੀ ਪਹਿਲੀ ਕੈਂਪਸ ਫੇਰੀ ਵੇਲੇ ਸਰੋਤਿਆਂ ਦਾ ਬੇਹਿਸਾਬ ਇਕੱਠ ਸੀ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …