ਮਾਮਲਾ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੇ ਏਆਈਜੀ ਅਸ਼ੀਸ਼ ਕਪੂਰ ਨੂੰ ਅੱਜ ਪੰਜਾਬ ਵਿਜੀਲੈਂਸ ਨੇ ਗਿ੍ਰਫ਼ਤਾਰ ਕਰ ਲਿਆ। ਵਿਜੀਲੈਂਸ ਅਧਿਕਾਰੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਐਫ ਆਈ ਆਰ ਨੰਬਰ 117 ਤਹਿਤ ਅਤੇ ਪੂਨਮ ਰਾਜਨ ਦੀ ਸ਼ਿਕਾਇਤ ’ਤੇ ਅਸ਼ੀਸ਼ ਕਪੂਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੂਨਮ ਰਾਜਨ ਨੇ ਕਪੂਰ ਖਿਲਾਫ਼ ਜਬਰ ਜਨਾਹ ਦੇ ਦੋਸ਼ ਵੀ ਲਗਾਏ ਸਨ। ਜ਼ਿਕਰਯੋਗ ਹੈ ਕਿ ਏਆਈਜੀ ਅਸ਼ੀਸ਼ ਕਪੂਰ ਬਹੁ ਕਰੋੜੀ ਸਿੰਚਾਈ ਘੁਟਾਲੇ ਦੇ ਇਨਵੈਸਟੀਗੇਸ਼ਨ ਅਫ਼ਸਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ’ਤੇ ਸਿੰਚਾਈ ਘੋਟਾਲੇ ਦੇ ਆਰੋਪ ਵੀ ਲੱਗੇ ਹਨ। ਉਨ੍ਹਾਂ ’ਤੇ ਇਹ ਵੀ ਆਰੋਪ ਹਨ ਕਿ ਉਸ ਨੇ ਸਿੰਚਾਈ ਵਿਭਾਗ ਦੇ ਕਈ ਅਧਿਕਾਰੀਆਂ ਤੋਂ ਪੈਸੇ ਲੈ ਕੇ ਉਨ੍ਹਾਂ ਦੇ ਨਾਂਅ ਬੇਗੁਨਾਹਾਂ ਦੀ ਸੂਚੀ ਵਿਚ ਪਾਏ ਸਨ ਅਤੇ ਕਈਆਂ ਨੂੰ ਗੁਨਾਹਗਾਰ ਦੱਸਿਆ ਸੀ। ਜਿਸ ਦੇ ਚਲਦਿਆਂ ਲੰਘੇ ਅਗਸਤ ਮਹੀਨੇ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਦੀ ਮੋਹਾਲੀ ਦੇ ਸੈਕਟਰ 88 ਸਥਿਤ ਰਿਹਾਇਸ਼ ’ਤੇ ਛਾਪਾ ਵੀ ਮਾਰਿਆ ਸੀ ਅਤੇ ਉਨ੍ਹਾਂ ਦੀ ਪ੍ਰਾਪਰਟੀ ਵੀ ਵਿਜੀਲੈਂਸ ਵੱਲੋਂ ਨਾਪੀ ਗਈ ਸੀ।