
350 ਆਂਗਣਬਾੜੀ ਕੇਂਦਰ ਵੀ ਹੋਣਗੇ ਅਪਗਰੇਡ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਸੂਬੇ ਵਿਚ ਚੱਲ ਰਹੇ ਪਲੇਅ ਸਕੂਲਾਂ ਦੇ ਲਈ ਗਾਈਡ ਲਾਈਨਾਂ ਤਿਆਰ ਕੀਤੀਆਂ ਗਈਆਂ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਗਾਈਡ ਲਾਈਨ ਮੁਤਾਬਕ ਪੰਜਾਬ ਵਿਚ ਬਿਨਾ ਰਜਿਸਟ੍ਰੇਸ਼ਨ ਤੋਂ ਪਲੇਅ ਸੈਂਟਰ ਨਹੀਂ ਚੱਲ ਸਕਣਗੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ 350 ਆਂਗਣਬਾੜੀ ਕੇਂਦਰਾਂ ਨੂੰ ਵੀ ਅਪਗਰੇਡ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਇਹ ਪ੍ਰੋਜੈਕਟ 31 ਜਨਵਰੀ 2025 ਤੱਕ ਮੁਕੰਮਲ ਹੋ ਜਾਵੇਗਾ। ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਪਗਰੇਡ ਕੀਤੇ ਗਏ ਕੇਂਦਰਾਂ ਵਿਚ ਬੱਚਿਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਮਨਰੇਗਾ ਦੇ ਤਹਿਤ 1 ਹਜ਼ਾਰ ਆਂਗਣਬਾੜੀ ਕੇਂਦਰਾਂ ਦਾ ਨਿਰਮਾਣ ਕਰਨਾ ਹੈ ਅਤੇ ਹਰੇਕ ਆਂਗਣਬਾੜੀ ਕੇਂਦਰ ਨੂੰ 12 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਨ੍ਹਾਂ ਕੇਂਦਰਾਂ ਵਿਚ ਬੱਚਿਆਂ ਅਤੇ ਮਾਵਾਂ ਦੇ ਲਈ ਸਹੀ ਫਲੋਰਿੰਗ, ਪੇਂਟਿੰਗ, ਬਿਜਲੀ ਅਤੇ ਲੱਕੜੀ ਦੇ ਕੰਮ ਦੀ ਵਿਵਸਥਾ ਕੀਤੀ ਜਾਵੇਗੀ।