Breaking News
Home / ਸੰਪਾਦਕੀ / ਨਹੀਂ ਰੁਕ ਰਿਹਾ ਇਜ਼ਰਾਈਲ-ਹਮਾਸ ਯੁੱਧ

ਨਹੀਂ ਰੁਕ ਰਿਹਾ ਇਜ਼ਰਾਈਲ-ਹਮਾਸ ਯੁੱਧ

ਲਗਭਗ 7 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਵਿਚ ਛੋਟੀ ਜਿਹੀ ਗਾਜ਼ਾ ਪੱਟੀ, ਜਿਸ ਵਿਚ 23 ਲੱਖ ਦੇ ਲਗਭਗ ਲੋਕ ਰਹਿੰਦੇ ਹਨ, ਦੀ ਵੱਡੀ ਪੱਧਰ ‘ਤੇ ਤਬਾਹੀ ਹੋ ਚੁੱਕੀ ਹੈ। 7 ਅਕਤੂਬਰ, 2023 ਨੂੰ ਗਾਜ਼ਾ ਪੱਟੀ ‘ਤੇ ਪ੍ਰਸ਼ਾਸਨ ਚਲਾ ਰਹੇ ਇਸਲਾਮਿਕ ਸੰਗਠਨ ਹਮਾਸ ਦੇ ਲੜਾਕਿਆਂ ਨੇ ਇਜ਼ਰਾਈਲ ਵਿਚ ਘੁਸ ਕੇ ਜਿਥੇ 1200 ਦੇ ਲਗਭਗ ਲੋਕਾਂ ਨੂੰ ਮਾਰ ਦਿੱਤਾ ਸੀ, ਉਥੇ 250 ਤੋਂ ਵਧੇਰੇ ਲੋਕਾਂ ਨੂੰ ਬੰਦੀ ਬਣਾ ਕੇ ਉਹ ਗਾਜ਼ਾ ਪੱਟੀ ਵਿਚ ਲੈ ਗਏ ਸਨ। ਇਸ ਹਮਲੇ ਦਾ ਬਦਲਾ ਲੈਣ ਲਈ ਇਜ਼ਰਾਈਲ ਨੇ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਐਲਾਨ ਕਰ ਦਿੱਤਾ ਸੀ। ਉਸ ਨੇ ਗਾਜ਼ਾ ਪੱਟੀ ਦੇ ਉੱਤਰੀ ਅਤੇ ਕੇਂਦਰੀ ਹਿੱਸੇ ‘ਤੇ ਬੰਬਾਰੀ ਕਰ ਕੇ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਅਤੇ ਉਸ ਦੀਆਂ ਫ਼ੌਜਾਂ ਨੇ ਇਨ੍ਹਾਂ ਇਲਾਕਿਆਂ ‘ਤੇ ਕਬਜ਼ਾ ਵੀ ਕਰ ਲਿਆ ਸੀ। ਹੁਣ ਤੱਕ ਇਸ ਜੰਗ ਵਿਚ 34 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। ਇਸ ਤਬਾਹੀ ਤੋਂ ਬਾਅਦ ਇਥੇ ਰਹਿੰਦੇ 14 ਲੱਖ ਤੋਂ ਵਧੇਰੇ ਫਲਿਸਤੀਨੀ ਬਚ-ਬਚਾ ਕੇ ਦੱਖਣੀ ਹਿੱਸੇ ਵਿਚ ਆ ਗਏ ਸਨ ਅਤੇ ਰਾਫ਼ਾਹ ਸ਼ਹਿਰ ਦੇ ਨੇੜੇ ਉਨ੍ਹਾਂ ਨੇ ਪਨਾਹ ਲਈ ਹੋਈ ਸੀ। ਇਹ ਹਿੱਸਾ ਮਿਸਰ ਦੀ ਸਰਹੱਦ ਨਾਲ ਲੱਗਦਾ ਹੈ। ਹੁਣ ਇਜ਼ਰਾਈਲ ਇਸ ਦੇ ਬਚਦੇ ਹਿੱਸੇ ‘ਤੇ ਵੀ ਫ਼ੌਜੀ ਹਮਲਾ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਨੇ ਇਕ ਤਰ੍ਹਾਂ ਨਾਲ ਇਸ ਦੱਖਣੀ ਹਿੱਸੇ ‘ਤੇ ਬੰਬਾਂ ਨਾਲ ਇਕ ਹਮਲਾ ਕਰ ਕੇ ਇਸ ਸੰਬੰਧੀ ਆਪਣਾ ਇਰਾਦਾ ਵੀ ਸਪੱਸ਼ਟ ਕਰ ਦਿੱਤਾ ਹੈ। ਪਹਿਲੇ ਹਮਲੇ ਵਿਚ 22 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ। ਹੁਣ ਅਮਰੀਕਾ ਸਮੇਤ ਬਹੁਤੇ ਪੱਛਮੀ ਮੁਲਕਾਂ ਨੇ ਇਜ਼ਰਾਈਲ ਨੂੰ ਰਾਫ਼ਾਹ ‘ਤੇ ਹੋਰ ਹਮਲੇ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ, ਕਿਉਂਕਿ ਅਜਿਹਾ ਕਰਨ ‘ਤੇ ਇਹ ਹਮਲੇ ਲੋਕਾਂ ਦੇ ਕਤਲੇਆਮ ਵਿਚ ਬਦਲ ਜਾਣਗੇ।
ਦੂਜੇ ਪਾਸੇ ਮਿਸਰ ਅਤੇ ਕਤਰ ਲਗਾਤਾਰ ਇਹ ਯਤਨ ਕਰਦੇ ਆ ਰਹੇ ਹਨ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਕੋਈ ਸਮਝੌਤਾ ਕਰਵਾ ਸਕਣ। ਇਨ੍ਹਾਂ ਯਤਨਾਂ ਵਿਚ ਸਾਊਦੀ ਅਰਬ ਵੀ ਸ਼ਾਮਿਲ ਹੈ। ਅਮਰੀਕਾ ਦੇ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਵੀ ਕੋਈ ਰਾਹ ਲੱਭਣ ਲਈ ਇਸ ਖੇਤਰ ਦੇ 7 ਦੌਰੇ ਕਰ ਚੁੱਕੇ ਹਨ। ਉਨ੍ਹਾਂ ਦਾ ਮੰਤਵ ਜਿਥੇ ਇਜ਼ਰਾਈਲੀ ਬੰਧਕਾਂ ਨੂੰ ਛੁਡਵਾਉਣਾ ਹੈ, ਉਥੇ ਗਾਜ਼ਾ ਵਿਚ ਲੜਾਈ ਨੂੰ ਖ਼ਤਮ ਕਰਨਾ ਵੀ ਹੈ। ਦੂਸਰੇ ਪਾਸੇ ਦੁਨੀਆ ਭਰ ਵਿਚ ਹੋ ਰਹੇ ਇਸ ਮਨੁੱਖੀ ਘਾਣ ਵਿਰੁੱਧ ਸਖ਼ਤ ਪ੍ਰਤੀਕਰਮ ਹੋ ਰਿਹਾ ਹੈ। ਅਮਰੀਕਾ ਵਿਚ ਵੀ ਨਿੱਤ ਦਿਨ ਇਸ ਲੜਾਈ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਸ਼ਾਮਿਲ ਹਨ।
ਜਿੱਥੇ ਇਜ਼ਰਾਈਲ ਹਮਾਸ ਗੁਰੀਲਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਹਮਲੇ ਕਰ ਰਿਹਾ ਹੈ, ਉਥੇ ਉਹ ਹਰ ਹੀਲੇ ਆਪਣੇ ਬੰਧਕਾਂ ਨੂੰ ਛੁਡਵਾਉਣ ਦੇ ਯਤਨਾਂ ਵਿਚ ਵੀ ਤੇਜ਼ੀ ਲਿਆ ਰਿਹਾ ਹੈ। ਇਜ਼ਰਾਈਲ ਦੀ ਇਹ ਕੋਸਸ਼ਿ ਰਹੀ ਹੈ ਕਿ ਉਹ ਡਰਾ ਕੇ ਫਲਿਸਤੀਨੀਆਂ ਨੂੰ ਆਪਣੇ ਦਬਾਅ ਹੇਠ ਰੱਖੇ ਪਰ ਹਮਾਸ ਅਤੇ ਬਹੁਤੇ ਅਰਬ ਦੇਸ਼ ਫਲਿਸਤੀਨੀਆਂ ਲਈ ਇਸ ਖਿੱਤੇ ਵਿਚ ਵੱਖਰਾ ਆਜ਼ਾਦ ਦੇਸ਼ ਚਾਹੁੰਦੇ ਹਨ। ਉੱਧਰ ਦੂਸਰੇ ਪਾਸੇ ਇਜ਼ਰਾਈਲ ਦਾ ਕੱਟੜ ਦੁਸ਼ਮਣ ਈਰਾਨ ਅਰਬ ਧਰਤੀ ਤੋਂ ਯਾਹੂਦੀਆਂ ਦੇ ਇਸ ਦੇਸ਼ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੁੰਦਾ ਹੈ। ਹੁਣ ਇਹ ਯਕੀਨੀ ਜਾਪਣ ਲੱਗਾ ਹੈ ਕਿ ਜੇਕਰ ਇਸ ਲੜਾਈ ਨੂੰ ਬੰਦ ਨਾ ਕਰਵਾਇਆ ਜਾ ਸਕਿਆ ਤਾਂ ਜਿਥੇ ਹੋ ਰਿਹਾ ਮਨੁੱਖੀ ਘਾਣ ਹੋਰ ਵਧੇਗਾ, ਉਥੇ ਇਸ ਖਿੱਤੇ ਵਿਚ ਕੋਈ ਵੱਡੀ ਜੰਗ ਵੀ ਛਿੜ ਸਕਦੀ ਹੈ, ਜੋ ਵੱਡੀ ਤਬਾਹੀ ਦਾ ਸੰਦੇਸ਼ ਲੈ ਕੇ ਆਵੇਗੀ। ਪਹਿਲਾਂ ਹੀ ਰੂਸ ਅਤੇ ਯੂਕਰੇਨ ਦੀ ਜੰਗ ਨੇ ਦੁਨੀਆ ਭਰ ‘ਤੇ ਅਸਰ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਸਾਗਰ ਵਿਚ ਵੀ ਚੀਨ ਵਲੋਂ ਅਪਣਾਏ ਹਮਲਾਵਰ ਰੁਖ਼ ਕਾਰਨ ਇਕ ਵੱਡੀ ਜੰਗ ਛਿੜਣ ਦਾ ਖ਼ਤਰਾ ਬਣਿਆ ਨਜ਼ਰ ਆ ਰਿਹਾ ਹੈ।
ਅੱਜ ਸੰਯੁਕਤ ਰਾਸ਼ਟਰ ਅਤੇ ਦੁਨੀਆ ਭਰ ਦੇ ਮੁਲਕਾਂ ਸਾਹਮਣੇ ਇਹ ਗੰਭੀਰ ਚੁਣੌਤੀ ਆ ਖੜ੍ਹੀ ਹੋਈ ਹੈ ਕਿ ਇਜ਼ਰਾਈਲ-ਹਮਾਸ ਜੰਗ ਨੂੰ ਵੀ ਰੋਕਿਆ ਜਾਵੇ ਅਤੇ ਫਲਿਸਤੀਨੀਆਂ ਲਈ ਇਕ ਵੱਖਰਾ ਆਜ਼ਾਦ ਦੇਸ਼ ਵੀ ਬਣੇ, ਜਿਸ ਨਾਲ ਕਿ ਦਹਾਕਿਆਂ ਤੋਂ ਇਸ ਖਿੱਤੇ ਵਿਚ ਬਣੇ ਆ ਰਹੇ ਟਕਰਾਅ ਨੂੰ ਘਟਾਇਆ ਜਾ ਸਕੇ। ਅੱਜ ਸਭ ਤੋਂ ਪਹਿਲੀ ਲੋੜ ਇਜ਼ਰਾਈਲ ਦੇ ਹਮਲਿਆਂ ਨੂੰ ਬੰਦ ਕਰਵਾ ਕੇ ਹੋ ਰਹੇ ਮਨੁੱਖੀ ਘਾਣ ਨੂੰ ਰੋਕਣ ਦੀ ਹੈ।

Check Also

ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ

ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ …