ਕੈਸਲਬਰੁੱਕ ਸੈਕੰਡਰੀ ਸਕੂਲ ‘ਚ ਪੰਜਾਬੀ ਵਿਦਿਆਰਥੀਆਂ ਦੇ ਗੁੱਟਾਂ ਦੀਆਂ ਲੜਾਈਆਂ ਦਾ ਰੁਝਾਨ ਵਧਿਆ-ਪ੍ਰਿੰਸੀਪਲ
‘ਮਾਪੇ ਆਪਣੇ ਬੱਚਿਆਂ ਨੂੰ ਖਾਣਾ (ਲੰਚ) ਖਰੀਦਣ ਵਾਸਤੇ ਨਕਦੀ ਨਹੀਂ, ਘਰੋਂ ਖਾਣਾ ਦੇ ਕੇ ਸਕੂਲ ਭੇਜਣ’
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਵਾਰਡ 9 ਅਤੇ 10 ਦੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ ਦਿਨ ਸ਼ਹਿਰ ਦੇ ਪੂਰਬ ‘ਚ ਸਥਿਤ ਕੈਸਲਬਰੁੱਕ ਸੈਕੰਡਰੀ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਪ੍ਰਿੰਸੀਪਲ ਮਾਰਸੀਆ ਮੈਕਕ੍ਰਡੀ-ਫੈਗਨ ਅਤੇ ਸੁਪਰਡੈਂਟ ਮੈਰੀ ਜੈਮੀਟ ਨਾਲ ਵਿਸਥਾਰਤ ਮੁਲਾਕਾਤ ਕੀਤੀ ਅਤੇ ਗੰਭੀਰ ਮੁੱਦਿਆਂ ਉਪਰ ਵਿਚਾਰਾਂ ਕੀਤੀਆਂ। ਇਸ ਵੱਡੇ ਸਕੂਲ ਵਿੱਚ 1950 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ, ਅਤੇ ਓਥੇ 101 ਫੁੱਲ-ਟਾਈਮ ਅਧਿਆਪਕ ਹਨ। ਪ੍ਰਿੰਸੀਪਲ ਮਾਰਸੀਆ ਮੈਕਕ੍ਰਡੀ-ਫੈਗਨ ਨੇ ਦੱਸਿਆ ਕਿ ਸਕੂਲ ਵਿੱਚ ਲੱਗਭੱਗ 75 ਫੀਸਦੀ ਵਿਦਿਆਰਥੀ ਦੱਖਣੀ ਏਸ਼ੀਆਈ ਮੂਲ ਦੇ ਹਨ, ਸੌਖਾ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ 75 ਫੀਸਦ ਵਿਦਿਆਰਥੀ ਤੇ ਵਿਦਿਆਰਥਣਾਂ ਪੰਜਾਬੀ ਭਾਈਚਾਰੇ ਦੇ ਹਨ।
ਇਸ ਸਕੂਲ ਵਿੱਚ ਤਕਰੀਬਨ 60 ਪ੍ਰਤੀਸ਼ਤ ਮੁੰਡੇ ਪੜ੍ਹਦੇ ਹਨ। ਬਰੈਂਪਟਨ ਦੇ ਵਾਰਡ 9 ‘ਚ ਸਥਿਤ ਹੈਰਲਡ ਬਰੈੱਥਵੇਟ ਸੈਕੰਡਰੀ ਸਕੂਲ ਵਾਂਗ, ਏਸ ਸਕੂਲ ਵਿੱਚ ਵੀ ਕੁੜੀਆਂ ਘੱਟ ਗਿਣਤੀ ਵਿੱਚ ਹਨ।
ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਸਕੂਲ ਦੀ ਪਾਰਕਿੰਗ ਵਿੱਚ ਅਸਧਾਰਨ ਮਾਹੌਲ ਅਤੇ ਸਰਗਰਮੀਆਂ ਦੇਖੀਆਂ ਗਈਆਂ (ਜਿਵੇਂ ਕੁਝ ਮੁੰਡੇ ਤੇ ਕੁੜੀਆਂ ਸਵੇਰੇ 10.30 ਵਜੇ ਕਾਰਾਂ ਵਿੱਚ ਬੈਠੇ, ਵਾਹਨਾਂ ਨਾਲ ਭਰੀ ਪਾਰਕਿੰਗ, ਗਲਤ ਜਗ੍ਹਾ ਪਾਰਕਿੰਗ, ਆਦਿਕ)। ਇਸ ਬਾਰੇ ਧਿਆਨ ਦਿਵਾਉਣ ਮਗਰੋਂ ਪ੍ਰਿੰਸੀਪਲ ਨੇ ਪਾਰਕਿੰਗ ਦੀ ਨਿਗਰਾਨੀ ਕਰਨ ਲਈ ਸਹਿਮਤੀ ਦਿੱਤੀ। ਉਨ੍ਹਾਂ ਨੇ ਸਕੂਲ ਦੇ ਅੰਦਰ ਅਤੇ ਬਾਹਰ ਵਿਦਿਆਰਥੀਆਂ ਦੀਆਂ ਸਰਗਰਮੀਆਂ ਉਪਰ ਨਜ਼ਰ ਰੱਖਣ ਲਈ ਦੋ ਮਾਨੀਟਰ (ਚੌਂਕੀਦਾਰ) ਰੱਖ ਲਏ ਹਨ ਅਤੇ ਦੋ ਹੋਰ ਰੱਖਣੇ ਹਨ। ਪ੍ਰਿੰਸੀਪਲ ਮੈਕਕ੍ਰਡੀ-ਫੈਗਨ ਅਤੇ ਐਜੂਕੇਸ਼ਨ ਸੁਪਰਡੈਂਟ ਜੈਮੀਟ ਨਾਲ ਉੱਚ-ਪੱਧਰੀ ਮੀਟਿੰਗ ਦੌਰਾਨ ਸਕੂਲ ਵਿੱਚ 18 ਨਵੰਬਰ, 2022 ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ‘ਤੇ ਚਰਚਾ ਹੋਈ।
ਪ੍ਰਿੰਸੀਪਲ ਨੇ ਦੱਸਿਆ ਕਿ ਉਸ ਘਟਨਾ ਵਿੱਚ ਜ਼ਖਮੀ ਹੋਇਆ ਵਿਦਿਆਰਥੀ ਹੁਣ ਠੀਕ ਹੈ, ਅਤੇ ਹੁਣ ਉਹ ਸਕੂਲ ਵਿੱਚ ਆ ਰਿਹਾ ਹੈ। ਗੋਲੀ ਚਲਾਉਣ ਵਾਲੇ (ਵਿਦਿਆਰਥੀ) ਨੂੰ ਪੀਲ ਸਕੂਲ ਬੋਰਡ ਵਿੱਚੋਂ ਕੱਢ ਦਿੱਤਾ ਗਿਆ ਹੈ। ਇਹ ਦੋਵੇਂ ਮੁੰਡੇ ਪੰਜਾਬੀ ਮੂਲ ਦੇ ਕੈਨੇਡੀਅਨ ਹਨ। ਇਸ ਬਾਰੇ ਕਿ ਇੱਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਨੂੰ ਗੋਲੀ ਕਿਉਂ ਮਾਰੀ, ਤਾਂ ਪ੍ਰਿੰਸੀਪਲ ਨੇ ਕਿਹਾ ਕਿ ਮਾਮੂਲੀ ਗੱਲ ਸੀ। ਇਕ ਮੁੰਡੇ ਨੇ ਦੂਜੇ ਨੂੰ ਧੱਕਾ ਮਾਰਿਆ ਉਪਰੰਤ ਬਹਿਸ ਹੋਈ ਅਤੇ ਪਿਸਤੌਲਧਾਰੀ ਮੁੰਡੇ ਨੇ ਗੋਲੀ ਚਲਾ ਦਿੱਤੀ। ਸਿੱਟੇ ਸਾਡੇ ਸਾਹਮਣੇ ਹਨ।
ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਜਦੋਂ ਪੁਲਿਸ ਕਿਸੇ ਵਿਦਿਆਰਥੀ ਖਿਲਾਫ (ਗੈਰਕਾਨੂੰਨੀ ਕਾਰਵਾਈਆਂ ਲਈ) ਕਾਰਵਾਈ ਕਰਕੇ ਪਾਬੰਦੀਆਂ ਲਾ ਦਵੇ, ਤਾਂ ਸਕੂਲ ਦੇ ਪ੍ਰਬੰਧਕਾਂ ਕੋਲ ਪੁਲਿਸ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ, ਜਿਸ ਦਾ ਭਾਵ ਹੈ ਕਿ ਵਿਦਿਆਰਥੀ ਨੂੰ ਸਕੂਲ ਵਿੱਚ ਜਾਣ ਤੋਂ ਰੋਕਣਾ ਪੈਂਦਾ ਹੈ।
ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਝਗੜਿਆਂ ਦੀ ਸਥਿਤੀ ਹੁਣ ਕੁਝ ਹੱਦ ਤੱਕ ਸ਼ਾਂਤ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਮੱਸਿਆਵਾਂ ਪੈਦਾ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ 10 ਪ੍ਰਤੀਸ਼ਤ ਤੋਂ ਵੱਧ ਨਹੀਂ ਹਨ ਜਦ ਕਿ ਸਕੂਲ ਵਿੱਚ ਕੁੱਲ (1950+) ਤੋਂ ਵੱਧ ਵਿਦਿਆਰਥੀ ਅਤੇ ਵਿਦਿਆਰਥਣਾਂ ਹਨ। ਸਕੂਲ ‘ਚ ਗੁੰਡਾਗਰਦੀ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਚੁੱਕੀ ਹੈ। ਇਹ ਵੀ ਕਿ ਸਕੂਲ ਦੇ ਪ੍ਰਬੰਧਕ ਵਿਦਿਆਰਥੀਆਂ ਅਤੇ ਮਾਪਿਆਂ ਦੇ ਵਿਵਹਾਰ ਬਾਰੇ ਮਸਲਿਆਂ ਨੂੰ ਬੇਹਤਰ ਢੰਗ ਨਾਲ ਸਮਝਣ ਲਈ (ਪੰਜਾਬੀ) ਭਾਈਚਾਰੇ ਦੇ ਸਮਾਜਿਕ ਮਾਹਿਰਾਂ ਦੀ ਸਲਾਹ ਵੀ ਲੈਂਦੇ ਹਨ। ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਭੂਰੇ (ਪੰਜਾਬੀ) ਅਤੇ ਕਾਲੇ (ਜਮੈਕਨ) ਵਿਦਿਆਰਥੀਆਂ ਵਿਚਕਾਰ ਲੜਾਈਆਂ ਦਾ ਰੁਝਾਨ ਕੁਝ ਸਮਾਂ ਚੱਲਦਾ ਰਿਹਾ ਹੈ, ਪਰ ਹੁਣ ਇਹ ਰੁਝਾਨ ਪੰਜਾਬੀ ਵਿਦਿਆਰਥੀਆਂ ਦੇ ਗੁੱਟਾਂ ਦੀਆਂ ਲੜਾਈਆਂ ਵਿੱਚ ਬਦਲ ਚੁੱਕਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪ੍ਰਿੰਸੀਪਲ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਲੰਬੇ ਅਰਸੇ ਤੋਂ ਲੜਕੀਆਂ ਦੇ ਲੜਾਈ-ਝਗੜਿਆਂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਪ੍ਰਿੰਸੀਪਲ ਨੇ ਪੁਸ਼ਟੀ ਕੀਤੀ ਕਿ ਮਾਪੇ ਆਪ ਹੀ ਆਪਣੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਨਕਦੀ, ਕ੍ਰੈਡਿਟ/ਡੈਬਿਟ ਕਾਰਡ, ਫ਼ੋਨ, ਮਹਿੰਗੇ ਵਾਹਨ ਅਤੇ ਹੋਰ ਆਲੀਸ਼ਾਨ ਵਸਤਾਂ ਪ੍ਰਦਾਨ ਕਰਦੇ ਹਨ। ਜਦਕਿ, ਪੀਲ ਦੇ ਸਕੂਲਾਂ ਵਿੱਚ ਪੜ੍ਹਨ ਲਈ ਵਿਦਿਆਰਥੀਆਂ ਕੋਲ਼ ਇਹ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਹੁਣ ਤੱਕ ਸਕੂਲਾਂ ਵਿੱਚ ਕੀਤੀਆਂ ਮੀਟਿੰਗਾਂ ਤੋਂ ਸਪੱਸ਼ਟ ਹੋਇਆ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਖਾਣਾ ਖਰੀਦਣ ਵਾਸਤੇ ਪੈਸੇ ਦੇ ਕੇ ਸਕੂਲ ਭੇਜਣ ਦਿ ਬਜਾਏ ਘਰੋਂ ਖਾਣਾ ਦੇ ਕੇ ਸਕੂਲ ਭੇਜਣ ਤਾਂ ਕਿ ਬੱਚੇ ਕੋਲ਼ ਸਕੂਲ ਤੋਂ ਬਾਹਰ ਜਾਣ (ਕੈਸ਼ ਨਾਲ਼ ਡਰੱਗ, ਸਿਗਰਟਾਂ ਜਾਂ ਭੰਗ ਖਰੀਦਣ) ਦਾ ਬਹਾਨਾ ਨਾ ਹੋਵੇ।
ਯਾਦ ਰਹੇ ਕਿ ਕੈਨੇਡਾ ਦੇ ਸਕੂਲਾਂ ਵਿੱਚ ਅਸਲੀ ਜਾਂ ਨਕਲੀ ਬੰਦੂਕਾਂ/ਚਾਕੂ/ਹਥਿਆਰ ਲਿਜਾਣ ਦੀ ਇਜਾਜ਼ਤ ਨਹੀਂ ਹੈ।
ਪ੍ਰਿੰਸੀਪਲ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜਦੋਂ ਕਿਸੇ ਬੱਚੇ ਨੂੰ ਸਸਪੈਂਡ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਮਾਪਿਆਂ ਦਾ ਪ੍ਰੇਸ਼ਾਨ ਹੋਣਾ ਸੁਭਾਵਿਕ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਮਾਪੇ (ਆਦਤ ਅਨੁਸਾਰ) ਆਪਣੇ ਸਸਪੈਂਡ ਬੱਚਿਆਂ ਦਾ ਪੱਖ ਪੂਰਦੇ ਹਨ ਅਤੇ ਟੀਚਰਾਂ, ਪਿੰਸੀਪਲਾਂ ਨਾਲ਼ ਖਹਿਬੜਦੇ ਹਨ। ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਹ ਸਮਝਣਾ ਲੈਣਾ ਚਾਹੀਦਾ ਹੈ ਕਿ ਸਕੂਲ ਤੋਂ ਸਸਪੈਂਸ਼ਨ (ਜਾਂ ਕੱਢਿਆ ਜਾਣਾ) ਵਿਦਿਆਰਥੀ ਦੇ (ਖਤਰਨਾਕ) ਵਤੀਰੇ ਦਾ ਨਤੀਜਾ ਹੁੰਦਾ ਹੈ।