7.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਫਰੀਲੈਂਡ ਨੇ ਅਹੁਦੇ ਦੀ ਚੁੱਕੀ ਸਹੁੰ

ਫਰੀਲੈਂਡ ਨੇ ਅਹੁਦੇ ਦੀ ਚੁੱਕੀ ਸਹੁੰ

ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵਿੱਚ ਹੋ ਰਹੇ ਫੇਰਬਦਲ ਦੌਰਾਨ ਕ੍ਰਿਸਟੀਆ ਫਰੀਲੈਂਡ ਨੇ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਵਜੋਂ ਸੰਹੁ ਚੁੱਕੀ। ਇਹ ਅਹਿਮ ਅਹੁਦਾ ਸਾਂਭਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਸ ਨੂੰ ਕੈਬਨਿਟ ਦਾ ਸਰਬਉੱਚ ਅਹੁਦਾ ਵੀ ਮੰਨਿਆ ਜਾਂਦਾ ਹੈ। ਫਰੀਲੈਂਡ, ਬਿੱਲ ਮੌਰਨਿਊ ਦੀ ਥਾਂ ਲਵੇਗੀ। ਬਿੱਲ ਮੌਰਨਿਊ ਵੱਲੋਂ ਵੁਈ ਚੈਰਿਟੀ ਵਿਵਾਦ ਦੇ ਚੱਲਦਿਆ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਫਰੀਲੈਂਡ ਡਿਪਟੀ ਪ੍ਰਧਾਨ ਮੰਤਰੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਵੀ ਜਾਰੀ ਰੱਖੇਗੀ। ਪਰ ਨਿਊ ਬਰੰਜ਼ਵਿੱਕ ਤੋਂ ਐਮਪੀ ਡੌਮੀਨੀਕ ਲੀਬਲੈਂਕ ਫਰੀਲੈਂਡ ਤੋਂ ਅੰਤਰਰਾਜੀ ਮਾਮਲਿਆ ਵਾਲੇ ਅਹੁਦੇ ਦਾ ਚਾਰਜ ਲੈ ਲੈਣਗੇ। ਇਸ ਸੰਹੁ ਚੁੱਕ ਪ੍ਰੋਗਰਾਮ ਵਿੱਚ ਟਰੂਡੋ ਦੇ ਨਾਲ ਨਾਲ ਉਨਾਂ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਨੇ ਵੀ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵੱਲੋਂ ਸੋਸ਼ਲ ਡਿਸਟੈਂਸਿੰਗ ਤਾਂ ਬਰਕਰਾਰ ਰੱਖੀ ਹੀ ਗਈ ਸਗੋਂ ਇਸ ਦੇ ਨਾਲ ਨਾਲ ਮਾਸਕ ਵੀ ਪਾਏ ਗਏ। ਸਿਰਫ ਸੰਹੁ ਚੁੱਕਣ ਸਮੇਂ ਮਾਸਕ ਹਟਾਏ ਗਏ। ਪੁਰਾਣੀ ਰਵਾਇਤ ਮੁਤਾਬਕ ਟਰੂਡੋ ਵੱਲੋਂ ਜਫੀ ਪਾਏ ਜਾਣ ਦੀ ਥਾਂ ਪ੍ਰਧਾਨ ਮੰਤਰੀ ਨੇ ਫਰੀਲੈਂਡ ਤੇ ਲੀਬਲੈਂਕ ਨਾਲ ਕੂਹਣੀ ਮਿਲਾਈ।
ਵਿੱਤ ਮੰਤਰੀ ਵਜੋਂ ਫਰੀਲੈਂਡ ਨੂੰ ਹੁਣ ਕੈਨੇਡਾ ਨੂੰ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਸੱਭ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਬਾਹਰ ਕਰਨ ਲਈ ਜ਼ੋਰ ਲਾਉਣਾ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰ ਵੱਲੋਂ ਅਜੇ ਤੱਕ 2020 ਦਾ ਬਜਟ ਵੀ ਪੇਸ਼ ਨਹੀਂ ਕੀਤਾ ਗਿਆ। ਅਜਿਹਾ ਇਸ ਲਈ ਕਿਉਂਕਿ ਮਾਰਚ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਸਮੇਂ ਮਹਾਂਮਾਰੀ ਨੇ ਘੇਰਾ ਪਾ ਲਿਆ ਸੀ ਤੇ ਬਜਟ ਪੇਸ਼ ਕਰਨ ਦੀ ਕਵਾਇਦ ਵਿੱਚੇ ਹੀ ਰਹਿ ਗਈ ਸੀ।

RELATED ARTICLES
POPULAR POSTS