0.6 C
Toronto
Saturday, March 14, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਵਿਦੇਸ਼ ਤੋਂ ਦੇਸੀ ਘਿਓ ਲਿਜਾਣ ਦੀ ਮਨਾਹੀ

ਕੈਨੇਡਾ ‘ਚ ਵਿਦੇਸ਼ ਤੋਂ ਦੇਸੀ ਘਿਓ ਲਿਜਾਣ ਦੀ ਮਨਾਹੀ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ ਲਗਾਤਾਰਤਾ ਨਾਲ ਪੁੱਜਦੇ ਰਹਿੰਦੇ ਹਨ ਅਤੇ ਉਹ ਆਪਣੇ ਦੇਸ਼ਾਂ ਤੋਂ ਮਨਪਸੰਦ ਦੀਆਂ ਵਸਤਾਂ ਨਾਲ ਲੈ ਕੇ ਜਾਂਦੇ ਹਨ ਜਿਸ ‘ਚ ਮਸਾਲੇ, ਦੇਸੀ ਦਵਾਈਆਂ, ਮਠਿਆਈਆਂ ਅਤੇ ਰੋਜ਼ਾਨਾ ਜੀਵਨ ‘ਚ ਵਰਤੋਂ ਦੀਆਂ ਹੋਰ ਅਨੇਕ ਪ੍ਰਕਾਰ ਦੀਆਂ ਵਸਤਾਂ ਹੋ ਸਕਦੀਆਂ ਹਨ। ਪਿਛਲੇ ਦਿਨੀਂ ਗੁਜਰਾਤ ਤੋਂ ਗਏ ਇਕ ਮੁਸਾਫਿਰ ਤੋਂ ਗਾਂ ਦੀਆਂ ਸੁਕਾਈਆਂ ਹੋਈਆਂ ਚਾਰ ਕਿੱਲੋ ਆਂਦਰਾਂ ਫੜ ਹੋਈਆਂ ਸਨ ਜੋ ਉਸ ਨੇ ਕਿਸੇ ਦੇਸੀ ਦਵਾਈ ‘ਚ ਪਾਉਣ ਵਾਸਤੇ ਅਟੈਚੀ ਵਿਚ ਪੈਕ ਕੀਤੀਆਂ ਹੋਈਆਂ ਸਨ। ਅਜਿਹਾ ਲੋਕਾਂ ਦੀ ਆਪਣੀ ਅਣਗਹਿਲੀ ਕਰਕੇ ਵਾਪਰਦਾ ਹੈ ਕਿਉਂਕਿ ਸਾਮਾਨ ਪੈਕ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਅਟੈਚੀਆਂ ਅਤੇ ਬੈਗਾਂ ਵਿਚ ਜੋ ਪੈਕ ਕੀਤਾ ਜਾ ਰਿਹਾ ਹੈ ਕੀ ਉਹ ਲਿਜਾਇਆ ਵੀ ਜਾ ਸਕਦਾ ਹੈ ਜਾਂ ਨਹੀਂ। ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਅਫ਼ਸਰਾਂ ਵਲੋਂ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ ਲੋਕਾਂ ਤੋਂ ਅਕਸਰ ਇਕ ਵਸਤ ਸਾਂਝੇ ਰੂਪ ‘ਚ ਜ਼ਬਤ ਕੀਤੀ ਜਾਂਦੀ ਹੈ। ਉਹ ਹੈ ਦੇਸੀ ਘਿਓ ਆਮ ਤੌਰ ‘ਤੇ ਬੀਬੀਆਂ ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਰਹਿੰਦੇ ਆਪਣੇ ਜੀਆਂ ਵਾਸਤੇ ਘਰਾਂ ‘ਚ ਸੱਧਰਾਂ ਨਾਲ ਦੇਸੀ ਘਿਓ ਜੋੜਨਾ ਸ਼ੁਰੂ ਕਰ ਦਿੰਦੀਆਂ। ਕੈਨੇਡਾ ‘ਚ ਉੱਤਮ ਕਿਸਮ ਦੇ ਮੱਖਣ ਅਤੇ ਉਸ ਮੱਖਣ ਤੋਂ ਬਣਦੇ ਬਿਹਤਰੀਨ ਘਿਓ ਦੀ ਘਾਟ ਨਹੀਂ ਹੈ। ਅਜਿਹੇ ‘ਚ ਵਿਦੇਸ਼ ਤੋਂ ਮੱਖਣ ਅਤੇ ਘਿਓ ਲਿਜਾਣ ਦੀ ਸਖ਼ਤ ਮਨਾਹੀ ਹੈ। ਜਿਹੜੇ ਮੁਸਾਫਿਰ ਅਫ਼ਸਰਾਂ ਨੂੰ ਦੱਸੇ ਤੋਂ ਬਿਨਾਂ ਅਟੈਚੀਆਂ ‘ਚ ਘਿਓ ਅਤੇ ਹੋਰ ਮਨਾਹੀ ਵਾਲਾ ਸਾਮਾਨ ਹਵਾਈ ਅੱਡੇ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਤੋਂ ਸਾਮਾਨ ਜ਼ਬਤ ਤਾਂ ਕੀਤਾ ਹੀ ਜਾਂਦਾ ਹੈ ਪਰ ਨਾਲ ਵੱਡਾ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਜੇਕਰ ਮਨਾਹੀ ਵਾਲੇ ਸਾਮਾਨ ਬਾਰੇ ਅਫ਼ਸਰਾਂ ਨੂੰ ਦੱਸ ਦਿੱਤਾ ਜਾਵੇ ਤਾਂ ਜੁਰਮਾਨਾ ਨਹੀਂ ਲੱਗਦਾ ਪਰ ਸਾਮਾਨ ਲਿਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਉਹ ਕੂੜੇ ‘ਚ ਸੁੱਟ ਦਿੱਤਾ ਜਾਂਦਾ ਹੈ।

RELATED ARTICLES
POPULAR POSTS