ਓਟਵਾ/ਬਿਊਰੋ ਨਿਊਜ਼ : ਪਾਸਪੋਰਟ ਆਫਿਸਿਜ਼ ਨੂੰ ਅਜੇ ਵੀ ਅਰਜ਼ੀਆਂ ਦੀ ਵੱਡੀ ਗਿਣਤੀ ਨਾਲ ਸਿੱਝਣਾ ਪੈ ਰਿਹਾ ਹੈ। ਸਬੰਧਤ ਮੰਤਰੀ ਦਾ ਕਹਿਣਾ ਹੈ ਕਿ ਐਨੇ ਲੰਮੇਂ ਉਡੀਕ ਸਮੇਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਕਰੀਨਾ ਗੋਲਡ ਦਾ ਕਹਿਣਾ ਹੈ ਕਿ ਇਨ੍ਹਾਂ ਉਡੀਕ ਸਮਿਆਂ ਨੂੰ ਖਤਮ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ ਪਰ ਉਹ ਅਜੇ ਇਹ ਨਹੀਂ ਆਖ ਸਕਦੇ ਕਿ ਹਾਲਾਤ ਕਦੋਂ ਆਮ ਵਰਗੇ ਹੋਣਗੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ 72 ਫੀਸਦੀ ਕੈਨੇਡੀਅਨ ਭਾਵੇਂ ਕਿਸੇ ਵੀ ਰੂਪ ਵਿੱਚ ਪਾਸਪੋਰਟ ਅਪਲਾਈ ਕਰਦੇ ਹਨ ਉਨ੍ਹਾਂ ਨੂੰ 40 ਕੰਮ ਵਾਲੇ ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਦਾ ਪਾਸਪੋਰਟ ਮਿਲ ਜਾਵੇਗਾ ਜਦਕਿ 96 ਫੀਸਦੀ ਲੋਕਾਂ, ਜਿਨ੍ਹਾਂ ਨੇ ਨਿਜੀ ਤੌਰ ਉੱਤੇ ਆਪਣੀ ਅਰਜ਼ੀ ਜਮ੍ਹਾਂ ਕਰਵਾਈ ਹੋਵੇਗੀ, ਨੂੰ 10 ਕੰਮ ਵਾਲੇ ਦਿਨਾਂ ਵਿੱਚ ਪਾਸਪੋਰਟ ਮਿਲ ਜਾਵੇਗਾ। ਸਰਕਾਰ ਆਪਣੀ ਵੈੱਬਸਾਈਟ ਪਾਸਪੋਰਟ ਆਫਿਸ ਵਿੱਚ ਕੀਤੀ ਗਈ ਵਿਜਿਟ ਦੇ ਅੰਦਾਜਨ ਉਡੀਕ ਦੇ ਸਮੇਂ ਨੂੰ ਵੀ ਅਪਡੇਟ ਕਰੇਗੀ ਤਾਂ ਕਿ ਲੋਕ ਉਸ ਹਿਸਾਬ ਨਾਲ ਪਲੈਨ ਕਰ ਸਕਣ। ਗੋਲਡ ਨੇ ਆਖਿਆ ਕਿ ਉਨ੍ਹਾਂ ਦਾ ਵਿਭਾਗ ਹੋਰ ਤਬਦੀਲੀਆਂ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ। ਇਸ ਵਿੱਚ ਅਰਜ਼ੀਆਂ ਨੂੰ ਆਨਲਾਈਨ ਕਰਨ ਦੀ ਪ੍ਰਕਿਰਿਆ ਵੀ ਸਾਮਲ ਹੋਵੇਗੀ।
ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਡਿਪਾਰਟਮੈਂਟ ਇਮੀਗ੍ਰੇਸ਼ਨ, ਰਫਿਊਜੀਰ ਤੇ ਸਿਟੀਜਨਸ਼ਿਪ ਕੈਨੇਡਾ ਨਾਲ ਰਲ ਕੇ ਵੀ ਕੰਮ ਕਰ ਰਿਹਾ ਹੈ ਤਾਂ ਕਿ ਵਿਚਲਾ ਰਾਹ ਕੱਢਿਆ ਜਾ ਸਕੇ ਜਿਸ ਨਾਲ ਲੋਕਾਂ ਨੂੰ ਸਿਟੀਜਨਸ਼ਿਪ ਦੇਣ ਸਮੇਂ ਹੀ ਪਾਸਪੋਰਟ ਵੀ ਦੇ ਦਿੱਤੇ ਜਾਇਆ ਕਰਨ ਤਾਂ ਕਿ ਉਨ੍ਹਾਂ ਨੂੰ ਇਸ ਲਈ ਵੱਖਰੀ ਅਰਜ਼ੀ ਨਾ ਦੇਣੀ ਪਵੇ।