17 C
Toronto
Wednesday, June 3, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਮਜ਼ਬੂਤ ਕਰਨ ਲਈ ਫੈੱਡਰਲ ਸਰਕਾਰ ਕਈ ਨਵੇਂ...

ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਮਜ਼ਬੂਤ ਕਰਨ ਲਈ ਫੈੱਡਰਲ ਸਰਕਾਰ ਕਈ ਨਵੇਂ ਕਦਮ ਉਠਾ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਟੈਰਿਫ਼ਾਂ ਦੀਆਂ ਨਿੱਤ ਨਵੀਆਂ ਧਮਕੀਆਂ ਦੇ ਮੱਦੇਨਜ਼ਰ ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਬਚਾਉਣ ਅਤੇ ਇਸ ਨੂੰ ਮਜ਼ਬੂਤ ਕਰਨ ਲਈ ਫੈੱਡਰਲ ਸਰਕਾਰ ਵੱਲੋਂ ਕਈ ਨਵੇਂ ਕਦਮ ਉਠਾਏ ਜਾ ਰਹੇ ਹਨ। ਇਸਦੇ ਬਾਰੇ ਇੰਕਸ਼ਾਫ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਹਫ਼ਤੇ ਹੈਮਿਲਟਨ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ ਗਿਆ। ਕੈਨੇਡਾ ਦੇ ਕਾਮਿਆਂ ਲਈ ਇਹ ਸ਼ੁਭ-ਖ਼ਬਰ ਹੈ।

ਫੈੱਡਰਲ ਸਰਕਾਰ ਵੱਲੋਂ ਲਏ ਗਏ ਇਨ੍ਹਾਂ ਫ਼ੈਸਲਿਆਂ ਨਾਲ ਕੈਨੇਡਾ ਦੀ ਸਟੀਲ ਮਾਰਕੀਟ ਵਿੱਚ ਸਥਿਰਤਾ ਆਏਗੀ, ਨੌਕਰੀਆਂ ਬਚਣਗੀਆਂ ਅਤੇ ਕੈਨੇਡਾ ਵਿੱਚ ਤਿਆਰ ਕੀਤੀ ਜਾ ਰਹੀ ਸਟੀਲ ਨੈਸ਼ਨਲ ਇਨਫ਼ਰਾਸਟਰੱਕਚਰ ਅਤੇ ਹਾਊਸਿੰਗ ਪ੍ਰਾਜੈੱਕਟਾਂ ਵਿੱਚ ਪਹਿਲ ਦੇਣ ਨੂੰ ਯਕੀਨੀ ਬਣਾਏਗੀ। ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਵਿੱਚ ਵਪਾਰ ਵਿੱਚ ਬੇਲੋੜੇ ਨਵੇਂ ਟੈਰਿਫਾਂ ਤੋਂ ਬਚਾਅ ਕਰਨਾ, ਵਰਕਰਾਂ ਦੀ ਸਿਖਲਾਈ ਲਈ ਵੱਡੀ ਰਕਮ ਦਾ ਨਿਵੇਸ਼ ਕਰਨਾ ਅਤੇ ਸਟੀਲ ਨਾਲ ਸਬੰਧਿਤ ਬਿਜ਼ਨੈੱਸਾਂ ਦੀ ਸਹਾਇਤਾ ਕਰਨਾ ਸ਼ਾਮਲ ਹੈ।

ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਮੈਨੂਫੈਕਚਰਿੰਗ ਅਤੇ ਉਸਾਰੀ ਨਾਲ ਜੁੜੀ ਇੰਡਸਟਰੀ ਦਾ ਘਰ ਹੈ ਜੋ ਸਥਿਰਤਾ ਅਤੇ ਮੁਕਾਬਲੇਬਾਜ਼ੀ ਵਾਲੀ ਸਟੀਲ ਇੰਡਸਟਰੀ ਨਾਲ ਸਿੱਧੇ ਤੌਰ ‘ਤੇ ਨਿਰਭਰ ਕਰਦੀ ਹੈ। ਫ਼ੈੱਡਰਲ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਚੁੱਕੇ ਗਏ ਇਹ ਸਾਰਥਿਕ ਕਦਮ ਸਥਾਨਕ ਨੌਕਰੀਆਂ ਨੂੰ ਬਚਾਉਣਗੇ ਅਤੇ ਛੋਟੇ ਬਿਜ਼ਨੈੱਸਾਂ ਦੀ ਸਹਾਇਤਾ ਕਰਨਗੇ ਅਤੇ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਬਰੈਂਪਟਨ ਦੇ ਵਰਕਰ ਕੈਨੇਡਾ ਦੀ ਬਣੀ ਹੋਈ ਸਟੀਲ ਨਾਲ ਕੈਨੇਡਾ ਦੇ ਉਜਲੇ ਭਵਿੱਖ ਦੀ ਉਸਾਰੀ ਕਰਨਗੇ। ਇਸ ਫ਼ੈੱਡਰਲ ਯੋਜਨਾ ਦੇ ਮੁੱਖ ਪਹਿਲੂ ਹੇਠ ਲਿਖੇ ਹਨ :

* ਕੈਨੇਡੀਅਨ ਸਟੀਲ ਨੂੰ ਬਚਾਉਣ ਲਈ ਨਵੇਂ ਟੈਰਿਫ਼ : ਨਾਨ-ਫ਼ਰੀ ਟਰੇਡ ਐਗਰੀਮੈਂਟ ਵਾਲੇ ਦੇਸ਼ਾਂ ਲਈ ਟੈਰਿਫ਼ ਰੇਟ ਦਾ ਕੋਟਾ ਕੱਸਿਆ ਜਾਏਗਾ ਅਤੇ ਚੀਨ ਤੋਂ ਬਰਾਮਦ ਹੋਣ ਵਾਲੀ ਸਟੀਲ ਉੱਪਰ 25% ਟੈਰਿਫ਼ ਲਗਾਇਆ ਜਾਏਗਾ।

* ਵਰਕਰਾਂ ਲਈ ਸਹਾਇਤਾ : ਸਟੀਲ ਵਰਕਰਾਂ ਦੀ ਸਿਖਲਾਈ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ 10,000 ਸਟੀਲ ਕਾਮਿਆਂ ਲਈ 70 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕੀਤੀ ਜਾਏਗੀ।

* ਖੋਜ ਲਈ ਨਿਵੇਸ਼ : ਸਟੀਲ ਦੇ ਖ਼ੇਤਰ ਵਿੱਚ ਆਧੁਨਿਕ ਖੋਜ ਅਤੇ ਇਸ ਦੇ ਪਸਾਰ ਲਈ ਸਟੀਲ ਕੰਪਨੀਆਂ ਨੂੰ ‘ਸਟਰੈਟਜਿਕ ਆਈਨੋਵੇਸ਼ਨ ਫ਼ੰਡ’ ਤਹਿਤ ਇੱਕ ਬਿਲੀਅਨ ਡਾਲਰ ਰਾਸ਼ੀ ਪ੍ਰਦਾਨ ਕੀਤੀ ਜਾਏਗੀ।

* ਐੱਸ.ਐੱਮ.ਈਜ਼. ਲਈ ਸਹਾਇਤਾ : ਸਟੀਲ ਇੰਡਸਟਰੀ ਦੇ ਨਾਲ ਜੁੜੇ ਹੋਏ ਛੋਟੇ ਬਿਜ਼ਨੈੱਸਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਬਿਜ਼ਨੈੱਸ ਡਿਵੈੱਲਪਮੈਂਟ ਬੈਂਕ ਆਫ਼ ਕੈਨੇਡਾ ਅਤੇ ਰੀਜਨਲ ਡਿਵੈੱਲਪਮੈਂਟ ਏਜੰਸੀਆਂ ਤੱਕ ਉਨ੍ਹਾਂ ਦੀ ਪਹੁੰਚ ਵਧਾਈ ਜਾਏਗੀ।

RELATED ARTICLES
POPULAR POSTS