Breaking News
Home / ਹਫ਼ਤਾਵਾਰੀ ਫੇਰੀ / ਲਾਪਤਾ ਪਾਵਨ ਸਰੂਪ

ਲਾਪਤਾ ਪਾਵਨ ਸਰੂਪ

ਸਿੰਘ ਸਾਹਿਬਾਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਖਤ ਕਾਰਵਾਈ ਕਰਨ ਦੇ ਦਿੱਤੇ ਸਨ ਹੁਕਮ
ਸ਼੍ਰੋਮਣੀ ਕਮੇਟੀ ਨੇ ਦਰਜਨ ਦੇ ਕਰੀਬ ਕਰਮਚਾਰੀਆਂ ਖਿਲਾਫ਼ ਕਰ ਦਿੱਤੀ ਸਖਤ ਕਾਰਵਾਈ
ਬਾਦਲਾਂ ਦੇ ਚਹੇਤੇ ਕੋਹਲੀ ਐਂਡ ਐਸੋਸੀਏਟਸ ਦੀਆਂ ਸੇਵਾਵਾਂ ਖ਼ਤਮ, ਸਾਢੇ 7 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
ਅੰਮ੍ਰਿਤਸਰ/ਤਲਵਿੰਦਰ ਸਿੰਘ ਬੁੱਟਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਬਹੁਚਰਚਿਤ ਮਾਮਲੇ ਵਿਚ ਦੋਸ਼ੀ ਪਾਏ ਗਏ ਬਾਦਲ ਪਰਿਵਾਰ ਦੇ ਖਾਸਮ-ਖਾਸ ਚਾਰਟਰਡ ਅਕਾਊਂਟੈਂਟ ਐਸ.ਐਸ ਕੋਹਲੀ ਦੀਆਂ ਸੇਵਾਵਾਂ ਖ਼ਤਮ ਕਰਦਿਆਂ ਉਸ ਨੂੰ ਸਾਢੇ 7 ਕਰੋੜ ਰੁਪਏ ਜ਼ੁਰਮਾਨਾ ਲਾਇਆ ਹੈ ਅਤੇ ਜ਼ੁਰਮਾਨੇ ਦਾ 75 ਫ਼ੀਸਦੀ ਉਸ ਦੀ ਤਨਖ਼ਾਹ ਵਿਚੋਂ ਲੈਣ ਬਾਰੇ ਫੈਸਲਾ ਕੀਤਾ ਹੈ। ਇਸ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਤੋਂ ਲੈ ਕੇ ਕਲਰਕ ਰੈਂਕ ਤੱਕ ਦੇ ਇਕ ਦਰਜਨ ਦੇ ਕਰੀਬ ਕਰਮਚਾਰੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਅਮਲ ਵਿਚ ਲਿਆਂਦੀ ਹੈ, ਜਿਸ ਤਰ੍ਹਾਂ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਵਿਚ ਪਹਿਲਾਂ ਕਦੇ ਨਹੀ।
267 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਡਾ. ਈਸ਼ਰ ਸਿੰਘ ਐਡਵੋਕੇਟ ਦੀ ਅਗਵਾਈ ਵਿਚ ਬਣਾਏ ਗਏ ਜਾਂਚ ਕਮਿਸ਼ਨ ਦੀ ਰਿਪੋਰਟ ‘ਤੇ ਗੰਭੀਰਤਾ ਨਾਲ ਵਿਚਾਰ ਮਗਰੋਂ ਰਿਪੋਰਟ ਵਿਚ ਦੋਸ਼ੀ ਪਾਏ ਗਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਕਰਮਚਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਕਮਿਸ਼ਨ ਦੀ ਰਿਪੋਰਟ ਦਾ ਭੇਜਿਆ ਗਿਆ ਸੀਲਬੰਦ ਲਿਫ਼ਾਫ਼ਾ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਤ੍ਰਿੰਗ ਕਮੇਟੀ ਦੇ ਸਾਹਮਣੇ ਖੋਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ਵਿਖੇ ਹੋਈ ਇਕੱਤਰਤਾ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪੜਤਾਲੀਆ ਜਾਂਚ ਕਮਿਸ਼ਨ ਦੇ ਮੁਖੀ ਡਾ. ਈਸ਼ਰ ਸਿੰਘ ਐਡਵੋਕੇਟ, ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਐਡਵੋਕੇਟ ਅਤੇ ਬੀਬੀ ਹਰਲੀਨ ਕੌਰ ਸੀ.ਏ. ਦਾ ਡੂੰਘਾਈ ਨਾਲ ਜਾਂਚ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਜਾਂਚ ਰਿਪੋਰਟ ਪ੍ਰਵਾਨ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ।
ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਇਸ ਗੱਲ ‘ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚ ਕੰਮ ਕਰਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨਿੱਜੀ ਲਾਲਸਾ, ਬੇਈਮਾਨੀ ਤੇ ਮਿਲੀਭੁਗਤ ਨਾਲ ਸਮੁੱਚੀ ਸੰਸਥਾ ਅਤੇ ਸਿੱਖ ਕੌਮ ਨੂੰ ਵੱਡੀ ਨਮੋਸ਼ੀ ਦੇ ਸਾਹਮਣੇ ਕੀਤਾ, ਜਿਸ ਕਾਰਨ ਡੂੰਘੀ ਮਾਨਸਿਕ ਪੀੜਾ ਵਿੱਚੋਂ ਲੰਘਣਾ ਪਿਆ। ਉਨਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬੇਹੱਦ ਅਫ਼ਸੋਸ ਹੈ ਕਿ ਜਿਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਅਤੇ ਵੰਡਣ ਦੀ ਸੇਵਾ ਦੀਆਂ ਵੱਡੀਆਂ ਜ਼ੁੰਮੇਵਾਰੀਆਂ ਸੌਂਪੀਆਂ ਗਈਆਂ, ਉਨਾਂ ਨੇ ਇਸ ਜ਼ੁੰਮੇਵਾਰੀ ਵਿਚ ਵੱਡੀਆਂ ਕੁਤਾਹੀਆਂ ਹੀ ਨਹੀਂ ਕੀਤੀਆਂ, ਸਗੋਂ ਅਮਾਨਤ ਵਿਚ ਖਿਆਨਤ ਕੀਤੀ ਹੈ। ਇਸ ਨੂੰ ਕਿਸੇ ਵੀ ਤਰਾਂ ਮੁਆਫ਼ ਨਹੀਂ ਕੀਤਾ ਜਾ ਸਕਦਾ।
ਭਾਈ ਲੌਂਗੋਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਂਚ ਕਮਿਸ਼ਨ ਵੱਲੋਂ ਪੇਸ਼ ਕੀਤੀ ਰਿਪੋਰਟ ਉੱਪਰ ਕੀਤੀ ਕਾਰਵਾਈ ਦੇ ਵੇਰਵੇ ਜਾਰੀ ਕਰਦੇ ਹੋਏ ਪ੍ਰਗਟਾਵਾ ਕੀਤਾ ਕਿ ਸਾਰੇ ਮਾਮਲੇ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਸੀ, ਅਸਲੀਅਤ ਵਿਚ ਕੁਝ ਬੇਈਮਾਨ ਕਰਮਚਾਰੀਆਂ ਨੇ ਵਾਰ-ਵਾਰ ਰਿਕਾਰਡ ਅਤੇ ਲੈਜ਼ਰ ਵਿਚ ਛੇੜ-ਛਾੜ, ਜਾਅਲੀ ਰਸੀਦਾਂ ਕੱਟਣ, ਸੰਗਤਾਂ ਕੋਲੋਂ ਪੈਸੇ ਲੈ ਕੇ ਆਪਣੀਆਂ ਜੇਬਾਂ ਵਿਚ ਪਾਉਣ ਅਤੇ ਫੜੇ ਜਾਣ ਤੋਂ ਬਾਅਦ ਗਲਤੀ ਸਵੀਕਾਰ ਕਰਨ ਦੀ ਥਾਂ ਅਤਿ ਗੰਭੀਰ ਮਾਮਲੇ ਨੂੰ ਗਲਤ ਰੰਗ ਵਿਚ ਪੇਸ਼ ਕਰਕੇ ਆਪਣੇ ਕੁਕਰਮਾਂ ਉੱਪਰ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਪਰੰਤੂ ਅੱਜ ਪੂਰਨ ਸਚਾਈ ਸੰਗਤਾਂ ਦੇ ਸਾਹਮਣੇ ਪੇਸ਼ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਹੈ, ਇਸ ਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬਾਨ ਦੀ ਸੁਚੱਜੀ ਦੇਖਭਾਲ, ਸਿੱਖ ਰਹਿਤ ਮਰਯਾਦਾ ਨੂੰ ਲਾਗੂ ਕਰਨ ਅਤੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪੁੱਜਦਾ ਕਰਨਾ ਹੈ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸ਼੍ਰੋਮਣੀ ਕਮੇਟੀ ਦਾ ਹਰ ਮੈਂਬਰ, ਅਧਿਕਾਰੀ, ਕਰਮਚਾਰੀ ਅਤੇ ਸੰਸਥਾ ਨਾਲ ਜੁੜਿਆ ਹਰ ਵਿਅਕਤੀ ਆਪਣੇ ਫ਼ਰਜ਼ਾਂ ਅਤੇ ਅਧਿਕਾਰਾਂ ਦੀ ਪਛਾਣ ਕਰੇ। ਮੌਜੂਦਾ ਮਸਲੇ ਨੇ ਸਾਨੂੰ ਸਾਰਿਆਂ ਨੂੰ ਸਵੈ-ਪੜਚੋਲ ਕਰਨ ਅਤੇ ਫ਼ਰਜ਼ਾਂ ਤੇ ਅਧਿਕਾਰਾਂ ਪ੍ਰਤੀ ਚੇਤੰਨ ਹੋਣ ਵਾਸਤੇ ਝੰਜੋੜਿਆ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਸੰਸਥਾ ਵਿਚ ਕਿਸੇ ਵੀ ਤਰਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਰੂ ਸਾਹਿਬਾਨ ਅਤੇ ਗੁਰੂ-ਘਰ ਦੀ ਸੇਵਾ ਵਿਚ ਕੁਤਾਹੀ ਕਰਨ ਵਾਲੇ ਹਰ ਵਿਅਕਤੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਪ੍ਰਵਾਨ ਕਰਨ ਮਗਰੋਂ ਸਖ਼ਤ ਫੈਸਲਾ ਲਿਆ ਗਿਆ ਹੈ, ਜਿਸ ਅਨੁਸਾਰ :-
ੲ ਕੰਵਲਜੀਤ ਸਿੰਘ ਸੀ.ਜੀ.ਐੱਲ. ਸਹਾਇਕ ਸੁਪਰਵਾਈਜ਼ਰ ਜੋ ਪਹਿਲਾਂ ਸੇਵਾਮੁਕਤ ਹੋ ਚੁੱਕਾ ਹੈ, ਦੇ ਫੰਡ ਰੀਲੀਜ਼ ਕਰਨ ‘ਤੇ ਰੋਕ ਲਗਾਈ ਜਾਂਦੀ ਹੈ, ਤਾਂ ਜੋ ਬਣਦੀ ਰਿਕਵਰੀ ਕੀਤੀ ਜਾ ਸਕੇ। ਉਸ ‘ਤੇ ਰਿਕਾਰਡ ਵਿਚ ਹੇਰਾ-ਫੇਰੀ, ਖੁਰਦ-ਬੁਰਦ ਕਰਨ ਅਤੇ ਧੋਖਾਧੜੀ ਦਾ ਫੌਜਦਾਰੀ ਪਰਚਾ ਵੀ ਦਰਜ਼ ਕਰਵਾਇਆ ਜਾਵੇਗਾ।
ੲ ਬਾਜ ਸਿੰਘ ਕਲਰਕ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਇਸ ਦੇ ਖਿਲਾਫ਼ ਸ. ਕੰਵਲਜੀਤ ਸਿੰਘ ਦੇ ਨਾਲ ਹੀ ਫੌਜਦਾਰੀ ਪਰਚਾ ਦਰਜ਼ ਕਰਵਾਇਆ ਜਾਵੇਗਾ।
ੲ ਗੁਰਬਚਨ ਸਿੰਘ ਮੀਤ ਸਕੱਤਰ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਇਸ ਉੱਪਰ ਵੀ ਫੌਜਦਾਰੀ ਪਰਚਾ ਦਰਜ਼ ਕਰਵਾਇਆ ਜਾਵੇਗਾ।
ੲ ਦਲਬੀਰ ਸਿੰਘ ਹੈਲਪਰ ਨੂੰ ਸਰਵਿਸ ਤੋਂ ਤੁਰੰਤ ਡਿਸਮਿਸ ਕਰਦਿਆਂ ਇਸ ਉਪਰ ਵੀ ਉਪਰੋਕਤ ਤਿੰਨਾਂ ਸਮੇਤ ਫੌਜਦਾਰੀ ਪਰਚਾ ਦਰਜ਼ ਕਰਵਾਇਆ ਜਾਵੇਗਾ।
ੲ ਕੁਲਵੰਤ ਸਿੰਘ ਜਿਲਦਸਾਜ਼ ਤੇ ਸ. ਜਸਪ੍ਰੀਤ ਸਿੰਘ ਜਿਲਦਸਾਜ਼ ਦਾ ਜਿਲਦਾਂ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਅਤੇ ਇਨਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ।
ੲ ਸਤਿੰਦਰ ਸਿੰਘ ਮੀਤ ਸਕੱਤਰ ਫਾਇਨਾਂਸ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ੲ ਨਿਸ਼ਾਨ ਸਿੰਘ ਮੀਤ ਸਕੱਤਰ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਇਸ ‘ਤੇ ਵੀ ਅਗਲੇਰੀ ਵਿਭਾਗੀ ਕਰਵਾਈ ਕੀਤੀ ਜਾਵੇਗੀ।
ੲ ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਰਵਾਈ ਕੀਤੀ ਜਾਵੇਗੀ।
ੲ ਗੁਰਮੁੱਖ ਸਿੰਘ ਸੁਪਰਵਾਈਜ਼ਰ ਪਬਲੀਕੇਸ਼ਨ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਰਵਾਈ ਕੀਤੀ ਜਾਵੇਗੀ।
ੲ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਜੋ ਅਹੁਦੇ ਦੀਆਂ ਜ਼ੁੰਮੇਵਾਰੀਆਂ ਨਿਭਾਉਣ ਵਿਚ ਅਸਮਰੱਥ ਰਹੇ ਦਾ ਹੇਠਲੇ ਕਰਮਚਾਰੀਆਂ ਵੱਲੋਂ ਰਿਕਾਰਡ ਵਿਚ ਤੋੜ-ਮਰੋੜ ਕਰਨ ਬਾਰੇ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ ਮੁਲਾਜ਼ਮਾਂ ਨਾਲ ਮਿਲੀਭੁਗਤ ਦਾ ਸੰਕੇਤ ਦਿੰਦਾ ਹੈ। ਸੰਸਥਾ ਦਾ ਮੁੱਖ ਪ੍ਰਸ਼ਾਸਕ ਹੋਣ ਕਰਕੇ ਇਹ ਜ਼ੁੰਮੇਵਾਰ ਹੈ ਅਤੇ ਇਸ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ੲ ਸਤਿੰਦਰ ਸਿੰਘ ਕੋਹਲੀ ਚਾਰਟਰਡ ਅਕਾਊਂਟੈਂਟ ਐਸ.ਐਸ. ਕੋਹਲੀ ਐਂਡ ਐਸੋਸੀਏਟਸ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਵੱਲੋਂ ਇਸ ਖਿਲਾਫ਼ ਦਿੱਤੀ ਰਿਪੋਰਟ ਅਨੁਸਾਰ ਇਸ ਪਾਸੋਂ 75 ਫੀਸਦੀ ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ੲ ਜੁਝਾਰ ਸਿੰਘ ਸਹਾਇਕ ਅਕਾਊਂਟੈਂਟ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ।
ੲ ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਂਦੀਆਂ ਹਨ।
ੲ ਪਰਮਦੀਪ ਸਿੰਘ ਇੰਚਾਰਜ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸ. ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਦੀ ਅਗਵਾਈ ਵਿਚ ਸਬ-ਕਮੇਟੀ ਕਾਇਮ ਕੀਤੀ ਗਈ ਹੈ, ਜੋ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਦਾ ਕਾਰਜ ਕਰੇਗੀ।
ਅੰਤ੍ਰਿੰਗ ਕਮੇਟੀ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਗੁਰਪਾਲ ਸਿੰਘ ਗੋਰਾ, ਭੁਪਿੰਦਰ ਸਿੰਘ ਅਸੰਧ, ਅਮਰਜੀਤ ਸਿੰਘ ਭਲਾਈਪੁਰ, ਮੰਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਕੰਗ, ਸ਼ੇਰ ਸਿੰਘ ਮੰਡਵਾਲਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਦਰਸ਼ਨ ਸਿੰਘ ਪੀ.ਏ. ਆਦਿ ਮੌਜੂਦ ਸਨ।
ਪੂਰਨ ਸੱਚਾਈ ਸੰਗਤਾਂ ਦੇ ਸਾਹਮਣੇ : ਲੌਂਗੋਵਾਲ
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਅੱਜ ਪੂਰਨ ਸੱਚਾਈ ਸੰਗਤਾਂ ਦੇ ਸਾਹਮਣੇ ਹੈ ਲੈਜ਼ਰ ਵਿਚ ਛੇੜ-ਛਾੜ, ਜਾਅਲੀ ਰਸੀਦਾਂ ਕੱਟ, ਸੰਗਤਾਂ ਤੋਂ ਪੈਸੇ ਲੈ ਜੇਬਾਂ ‘ਚ ਪਾਉਣ ਵਾਲੇ ਕੁਕਰਮੀ ਕਰਮਚੀਆਂ ਦਾ ਪੜਦਾ ਹੁਣ ਫਾਸ਼ ਹੋ ਚੁੱਕਾ ਹੈ।
ਰੂਪ ਸਿੰਘ ਦਾ ਅਸਤੀਫ਼ਾ ਹੋਇਆ ਪ੍ਰਵਾਨ
ਡਾ. ਰੂਪ ਸਿੰਘ ਹੁਰਾਂ ਦਾ ਲਟਕਦਾ ਆ ਰਿਹਾ ਅਸਤੀਫ਼ਾ ਵੀ ਪ੍ਰਵਾਨ ਕਰ ਲਿਆ ਗਿਆ ਹੈ। ਮੁੱਖ ਸਕੱਤਰ ਵੱਲੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਪ੍ਰਵਾਨ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਰਵਾਈ ਕੀਤੀ ਜਾਵੇਗੀ।
ਜਥੇਦਾਰਾਂ ਦੀ ਸਖਤੀ ਰੰਗ ਲਿਆਈ
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ ਘਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੀ ਜਾਂਚ ਰਿਪੋਰਟ ‘ਤੇ ਵਿਚਾਰ ਕਰਨ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਸਨ ਕਿ ਇਕ ਹਫਤੇ ਵਿਚ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਜਾਂਚ ਰਿਪੋਰਟ ਵਿਚ ਦੋਸ਼ੀ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਿਸ ‘ਤੇ ਤੁਰੰਤ ਅਮਲ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਵੀਰਵਾਰ ਨੂੰ ਵਿਸ਼ੇਸ਼ ਬੈਠਕ ਬੁਲਾ ਕੇ ਦੋਸ਼ੀਆਂ ਖਿਲਾਫ ਸਖਤ ਫੈਸਲੇ ਲਏ।

ਕੈਨੇਡਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦਾ ਮਾਮਲਾ
ਪ੍ਰਿੰਟਿੰਗ ਮਸ਼ੀਨ ਤੇ ਤਿਆਰ ਸਰੂਪ ਸਰੀ ਦੇ ਗੁਰਦੁਆਰੇ ਪਹੁੰਚੇ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਗਏ ਆਦੇਸ਼ਾਂ ਤੋਂ 24 ਘੰਟਿਆਂ ਦੇ ਅੰਦਰ ਹੀ ਕੈਨੇਡਾ ਵਿਚ ਆਪਣੇ ਪੱਧਰ ‘ਤੇ ਪਾਵਨ ਸਰੂਪ ਛਾਪਣ ਦੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ। ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਛਾਪਾਖਾਨਾ (ਪ੍ਰਿੰਟਿੰਗ ਪ੍ਰੈੱਸ) ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਕੈਨੇਡਾ ਵਾਸੀ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਵਲੋਂ ਬਿਨਾ ਪ੍ਰਵਾਨਗੀ ਤੋਂ ਕੈਨੇਡਾ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਸ਼ੁਰੂ ਕਰ ਦਿੱਤੀ ਗਈ ਸੀ। ਅਕਾਲ ਤਖ਼ਤ ਸਾਹਿਬ ਵਲੋਂ ਦੋਵਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਇਕ ਮਹੀਨੇ ਦੇ ਅੰਦਰ ਆਪਣਾ ਸਪੱਸ਼ਟੀਕਰਨ ਭੇਜਣ ਅਤੇ ਹੁਣ ਤੱਕ ਤਿਆਰ ਕੀਤੇ ਗਏ ਸਰੂਪ ਤੇ ਪ੍ਰੈੱਸ ਮਸ਼ੀਨਰੀ ਨੂੰ ਸਰੀ ਦੇ ਗੁਰਦੁਆਰੇ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਵਿਖੇ ਪਹੁੰਚਾਇਆ ਜਾਵੇ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਦਿੱਤਾ ਗਿਆ ਹੈ ਕਿ ਉਹ ਛਾਪੇ ਗਏ ਸਰੂਪਾਂ ਵਿਚ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੱਕ ਵਾਧ-ਘਾਟ ਦਾ ਮਿਲਾਨ ਕਰਨ ਅਤੇ ਇਸ ਸਬੰਧੀ ਰਿਪੋਰਟ ਛੇ ਮਹੀਨਿਆਂ ਵਿਚ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ। ਇਨ੍ਹਾਂ ਆਦੇਸ਼ਾਂ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਵਲੋਂ ਚਲਾਈ ਜਾ ਰਹੀ ਨਿੱਜੀ ਸੰਸਥਾ ਸਤਨਾਮ ਰਿਲੀਜੀਅਸ ਸੁਸਾਇਟੀ ਨੇ ਪ੍ਰਕਾਸ਼ਿਤ ਕੀਤੇ ਸਰੂਪ ਅਤੇ ਪ੍ਰਿੰਟਿੰਗ ਮਸ਼ੀਨ ਸਰੀ ਦੇ ਗੁਰਦੁਆਰੇ ਵਿਚ ਸਤਿਕਾਰ ਸਹਿਤ ਪਹੁੰਚਾਏ। ਕਰੇਨ ਦੀ ਮਦਦ ਨਾਲ ਪ੍ਰਿੰਟਿੰਗ ਮਸ਼ੀਨ ਵਾਹਨ ‘ਤੇ ਲੱਦ ਕੇ ਗੁਰਦੁਆਰੇ ਪਹੁੰਚਾਈ ਗਈ ਹੈ ਅਤੇ ਪ੍ਰਕਾਸ਼ਿਤ ਸਰੂਪ ਵੀ ਸਤਿਕਾਰ ਸਹਿਤ ਗੁਰਦੁਆਰੇ ਭੇਜ ਦਿੱਤੇ ਗਏ ਹਨ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਜਾਣਕਾਰੀ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਪਾਵਨ ਸਰੂਪ ਛਾਪਣ ਦੇ ਮਾਮਲੇ ‘ਚ ਕੈਨੇਡਾ ਦੀ ਸਿੱਖ ਸੰਗਤ ਦਾ ਗੁੱਸਾ ਵੀ ਝੱਲਣਾ ਪਿਆ।

Check Also

ਵੈਕਸੀਨੇਟਿਡ ਕੈਨੇਡੀਅਨ ਯਾਤਰੀਆਂ ਨੂੰ ਹੁਣ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੂਰੀ ਤਰ੍ਹਾਂ ਵੈਕਸੀਨੇਟਿਡ …