Breaking News
Home / ਪੰਜਾਬ / ਆਪਣੀ ਮਾਂ-ਬੋਲੀ ਦੀ ਥਾਂ ਕੋਈ ਵੀ ਹੋਰ ਭਾਸ਼ਾ ਨਹੀਂ ਲੈ ਸਕਦੀ: ਦੀਪਕ ਸ਼ਰਮਾ ਚਨਾਰਥਲ

ਆਪਣੀ ਮਾਂ-ਬੋਲੀ ਦੀ ਥਾਂ ਕੋਈ ਵੀ ਹੋਰ ਭਾਸ਼ਾ ਨਹੀਂ ਲੈ ਸਕਦੀ: ਦੀਪਕ ਸ਼ਰਮਾ ਚਨਾਰਥਲ

ਪ੍ਰਭਜੋਤ ਕੌਰ ਢਿੱਲੋਂ ਦੀ ਸਮਾਜ ਸੁਧਾਰਕ ਲੇਖਾਂ ਵਾਲੀ ਕਿਤਾਬ ‘ਸੋਚ ਬਦਲੋ ਸਮਾਜ ਬਦਲੋ’ ਹੋਈ ਲੋਕ ਅਰਪਣ
ਸੰਗਰੂਰ : ”ਸੰਸਾਰ ਦੀ ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਅਤੇ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਮੁਤਾਬਿਕ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਵੀ ਚਾਹੀਦੀਆਂ ਹਨ, ਪਰ ਆਪਣੀ ਮਾਂ-ਬੋਲੀ ਦੀ ਥਾਂ ਦੁਨੀਆ ਦੀ ਕੋਈ ਵੀ ਹੋਰ ਭਾਸ਼ਾ ਨਹੀਂ ਲੈ ਸਕਦੀ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ ਕਰਵਾਏ ਗਏ ਨਾਮਵਰ ਲੇਖਿਕਾ ਸ੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸੋਚ ਬਦਲੋ ਸਮਾਜ ਬਦਲੋ’ ਦੇ ਲੋਕ-ਅਰਪਣ ਸਮਾਗਮ ਵਿੱਚ ਬੋਲਦਿਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਕਹੇ।
ਪ੍ਰਭਜੋਤ ਕੌਰ ਢਿੱਲੋਂ ਦੀ ਪੁਸਤਕ ‘ਤੇ ਚਰਚਾ ਕਰਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨਿਰਪੱਖ ਇਕ ਢੌਂਗ ਹੈ, ਅਸਲ ਵਿਚ ਤੁਹਾਡੀ ਪੱਤਰਕਾਰੀ ਵਿਚ, ਤੁਹਾਡੀ ਲੇਖਣੀ ਵਿਚ ਕੋਈ ਪੱਖ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਲੋਕ ਪੱਖੀ, ਸਮਾਜ ਪੱਖੀ, ਸੂਬਾ ਪੱਖੀ ਤੇ ਦੇਸ਼ ਪੱਖੀ ਹੋਣ ਦੀ ਲੋੜ ਹੈ।
ਲੇਖਕ ਨੂੰ ਕਦੇ ਵੀ ਨਿਰਪੱਖ ਨਹੀਂ ਰਹਿਣਾ ਚਾਹੀਦਾ, ਬਲਕਿ ਪ੍ਰਭਜੋਤ ਕੌਰ ਢਿੱਲੋਂ ਵਾਂਗ ਡਟ ਕੇ ਆਪਣੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਭੁਪਿੰਦਰ ਕੌਰ ਨੇ ਕਿਹਾ ਕਿ ਪ੍ਰਭਜੋਤ ਕੌਰ ਢਿੱਲੋਂ ਵਰਗੇ ਸਾਹਿਤਕਾਰਾਂ ਦਾ ਰਚਿਆ ਨਰੋਆ ਸਾਹਿਤ ਹੀ ਨਰੋਏ ਸਮਾਜ ਦੀ ਉਸਾਰੀ ਦੇ ਸਮਰੱਥ ਹੁੰਦਾ ਹੈ। ਸਮਾਗਮ ਦੇ ਆਰੰਭ ਵਿੱਚ ਅਮਨ ਜੱਖਲਾਂ ਵੱਲੋਂ ਪੜ੍ਹੇ ਗਏ ਭਾਵਪੂਰਨ ਪਰਚੇ ਵਿੱਚ ਡਾ. ਮੀਤ ਖੱਟੜਾ ਨੇ ਕਿਹਾ ਕਿ ਪ੍ਰਭਜੋਤ ਕੌਰ ਢਿੱਲੋਂ ਕੋਲ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣ ਦਾ ਹੁਨਰ ਹੈ। ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇੱਕ ਸੰਤੁਲਿਤ ਸਮਾਜ ਦੀ ਸਿਰਜਣਾ ਵਿੱਚ ਸਿੱਖਿਆ ਹੀ ਇੱਕ ਮਾਤਰ ਸਭ ਤੋਂ ਵੱਡਾ ਸਾਧਨ ਹੈ। ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਸਮਾਜ ਨੂੰ ਬਦਲਣ ਵਾਲੀ ਸੋਚ ਨੈਤਿਕ ਸਿੱਖਿਆ ਵਿੱਚੋਂ ਪੈਦਾ ਹੁੰਦੀ ਹੈ, ਜਿਸ ਵਿੱਚ ਮਾਤਾ-ਪਿਤਾ ਨਾਲੋਂ ਵੀ ਵੱਧ ਅਧਿਆਪਕਾਂ ਦਾ ਯੋਗਦਾਨ ਹੁੰਦਾ ਹੈ।
ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਡਾਇਰੈਕਟਰ ਅਤੇ ਸਰਬਾਂਗੀ ਲੇਖਕ ਮੋਹਨ ਸ਼ਰਮਾ ਨੇ ਕਿਹਾ ਕਿ ਜਦੋਂ ਰਾਜਨੀਤਕ ਲੋਕ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਥਿੜਕਦੇ ਦਿਖਾਈ ਦਿੰਦੇ ਹਨ, ਉਦੋਂ ਕੇਵਲ ਸਾਹਿਤਕਾਰ ਹੀ ਉਨ੍ਹਾਂ ਨੂੰ ਝੰਜੋੜਣ ਦਾ ਕੰਮ ਕਰ ਸਕਦੇ ਹਨ।
ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸ੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਨੇ ਕਿਹਾ ਕਿ ਕਲਮਕਾਰਾਂ ਨੂੰ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤੱਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਉਪਰੰਤ ਬੋਤਲਾਂ ਵਿੱਚ ਕਵਿਤਾਵਾਂ ਲਿਖਣ ਵਾਲੇ ਵਿਸ਼ਵ ਪ੍ਰਸਿੱਧ ਕਵੀ ਸੁਖਵਿੰਦਰ ਸਿੰਘ ਲੋਟੇ ਦੀ ਖ਼ੁਬਸੂਰਤ ਗ਼ਜ਼ਲ ਨਾਲ ਸ਼ੁਰੂ ਹੋਏ ਦੀਵਾਲੀ ਅਤੇ ਬੰਦੀ-ਛੋੜ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਸਾਹਿਤ ਸਭਾ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ, ਸਰਬਜੀਤ ਸਿੰਘ ਨਮੋਲ, ਗਗਨਪ੍ਰੀਤ ਕੌਰ ਸੱਪਲ, ਕਰਨਲ ਅਮਰਜੀਤ ਸਿੰਘ ਢਿੱਲੋਂ, ਕੁਲਵੰਤ ਕਸਕ, ਧਰਮਵੀਰ ਸਿੰਘ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਜਗਜੀਤ ਸਿੰਘ ਲੱਡਾ, ਅਮਨ ਜੱਖਲਾਂ, ਪੇਂਟਰ ਸੁਖਦੇਵ ਸਿੰਘ, ਗੁਰਮੀਤ ਸਿੰਘ ਸੋਹੀ, ਡਾ. ਪਰਮਜੀਤ ਸਿੰਘ ਦਰਦੀ, ਕਰਨਦੀਪ ਸਿੰਘ, ਜਸਪਾਲ ਸਿੰਘ ਸੰਧੂ, ਸ਼ਰਨਜੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਜੌਲੀ, ਮੱਖਣ ਸੇਖੂਵਾਸ, ਲਖਵਿੰਦਰ ਖੁਰਾਣਾ, ਸਰਬਜੀਤ ਸੰਗਰੂਰਵੀ, ਭੋਲਾ ਸਿੰਘ ਸੰਗਰਾਮੀ, ਪਰਮਜੀਤ ਕੌਰ ਸੰਗਰਾਮੀ, ਮੀਤ ਸਕਰੌਦੀ, ਚਤਵੰਤ ਸਿੰਘ ਬੇਨੜਾ, ਲਾਭ ਸਿੰਘ ਝੱਮਟ, ਮਹਿੰਦਰਜੀਤ ਸਿੰਘ ਧੂਰੀ, ਜੱਗੀ ਮਾਨ, ਜੰਗੀਰ ਸਿੰਘ ਰਤਨ, ਕੁਲਵੰਤ ਖਨੌਰੀ, ਸੁਖਵਿੰਦਰ ਸਿੰਘ ਫੁੱਲ, ਸੁਰਜੀਤ ਸਿੰਘ ਮੌਜੀ ਅਤੇ ਪਵਨ ਕੁਮਾਰ ਆਦਿ ਕਵੀਆਂ ਨੇ ਹਿੱਸਾ ਲਿਆ। ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …