ਕਿਹਾ : ਭਾਜਪਾ ਨੇ ਚੰਗੇ ਦਿਨਾਂ ਦੇ ਨਾਮ ‘ਤੇ ਲੋਕਾਂ ਨਾਲ ਧੋਖਾ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਂਦਰ ਸਰਕਾਰ ਦੇ 9 ਸਾਲਾਂ ਦੇ ਸ਼ਾਸਨ ਸਬੰਧੀ ਭਾਜਪਾ ਨੂੰ ਘੇਰਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿੱਚ ਕਾਂਗਰਸ ਭਵਨ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਸ਼ਨ ਦੌਰਾਨ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਵਧੀ ਹੈ। ਭਾਜਪਾ ਨੇ ਚੰਗੇ ਦਿਨਾਂ ਦੇ ਨਾਂ ‘ਤੇ ਦੇਸ਼ ਦੇ ਲੋਕਾਂ ਨਾਲ ਵਾਰ-ਵਾਰ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ‘ਚ ਜੇਕਰ ਕਿਸੇ ਦੇ ‘ਚੰਗੇ ਦਿਨ’ ਆਏ ਹਨ ਤਾਂ ਉਹ ਸਿਰਫ਼ ਉਨ੍ਹਾਂ ਦੇ ਜਿਗਰੀ ਦੋਸਤਾਂ ਦੇ ਆਏ ਹਨ। ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਬਦਲੇ ‘ਚ ਉਨ੍ਹਾਂ ਨੂੰ ਲੰਬੀਆਂ ਕਤਾਰਾਂ ‘ਚ ਖੜ੍ਹਾ ਕੀਤਾ ਗਿਆ। ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਡਾ. ਅਜੋਏ ਕੁਮਾਰ ਨੇ ਕਿਹਾ ਕਿ ਅੱਜ ਦੇਸ਼ ਦੇ ਅਰਥਚਾਰੇ ਦੀ ਗੱਲ ਹੋਵੇ ਜਾਂ ਖੇਤੀ ਤੇ ਕਿਸਾਨੀ ਮੁੱਦੇ, ਭ੍ਰਿਸ਼ਟਾਚਾਰ ਹੋਵੇ ਜਾਂ ਫਿਰਕਾਪ੍ਰਸਤੀ, ਚੀਨ ਤੇ ਕੌਮੀ ਸੁਰੱਖਿਆ, ਸਮਾਜਿਕ ਨਿਆਂ ਜਾਂ ਸਮਾਜਿਕ ਸਦਭਾਵਨਾ, ਕਲਿਆਣਕਾਰੀ ਯੋਜਨਾਵਾਂ, ਲੋਕਤੰਤਰ ਤੇ ਕੋਵਿਡ-19 ਦੇ ਮਾੜੇ ਪ੍ਰਬੰਧ, ਨੋਟਬੰਦੀ ਹੋਵੇ ਜਾਂ ਪ੍ਰੈੱਸ ਦੀ ਆਜ਼ਾਦੀ, ਭੁੱਖਮਰੀ ਸੂਚਕ ਜਾਂ ਦੇਸ਼ ਦੇ ਲੋਕਾਂ ਨਾਲ ਸਬੰਧਤ ਹੋਰ ਗੰਭੀਰ ਮੁੱਦਿਆਂ ਤੋਂ ਕੇਂਦਰ ਸਰਕਾਰ ਨੇ ਬਚਣ ਲਈ ਹਮੇਸ਼ਾ ਧਿਆਨ ਭਟਕਾਉਣ ਦੀ ਚਾਲ ਚੱਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੰਕੜਿਆਂ ਨੂੰ ਛੁਪਾਉਣ ਲਈ ਸਰਵੇਖਣ ਨਹੀਂ ਕਰਵਾਏ ਤੇ ਜੋ ਡਾਟਾ ਉਪਲੱਬਧ ਹੈ, ਉਸ ਨੂੰ ਇੱਕ ਤਸਵੀਰ ਪੇਸ਼ ਕਰਨ ਲਈ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ 20 ਤੋਂ 30 ਸਾਲ ਦੀ ਉਮਰ ਦੇ ਕਰੀਬ 40 ਫੀਸਦੀ ਨੌਜਵਾਨ ਬੇਰੁਜ਼ਗਾਰ ਹਨ ਪਰ ਸਰਕਾਰ ਨੂੰ ਨੌਜਵਾਨਾਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਫਿਰਕੂ ਹਿੰਸਾ ਦਾ ਵਧਣਾ ਭਾਰਤ ਦੇ ਲੋਕਤੰਤਰ ਲਈ ਖਤਰਾ ਹੈ ਪਰ ਇਸ ਤਾਨਾਸ਼ਾਹੀ ਸਰਕਾਰ ਦਾ ਪਰਦਾਫਾਸ਼ ਕਰਨ ਵਾਲਿਆਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਰਹੇ ਹਨ। ਸਰਕਾਰ ਦੀਆਂ ਨੀਤੀਆਂ ਤੇ ਬਿਆਨਬਾਜ਼ੀ ਨੇ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਢਾਹ ਲਗਾਉਣ ਦਾ ਕੰਮ ਕੀਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਤੇ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਜੜ੍ਹ ਤੋਂ ਪੁੱਟਣਾ ਬਹੁਤ ਜ਼ਰੂਰੀ ਹੈ।