Breaking News
Home / ਪੰਜਾਬ / ‘ਆਪ’ ਨੇ ਤਿੰਨ ਹੋਰ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ

‘ਆਪ’ ਨੇ ਤਿੰਨ ਹੋਰ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ

ਜ਼ੋਰਾ ਸਿੰਘ ਨੂੰ ਜਲੰਧਰ, ਗੁਰਦਾਸਪੁਰ ਹਲਕੇ ਤੋਂ ਪੀਟਰ ਮਸੀਹ ਜੀਦਾ ਅਤੇ ਫਤਹਿਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ ਉਮੀਦਵਾਰ
ਸੰਗਰੂਰ : ਆਮ ਆਦਮੀ ਪਾਰਟੀ (ਆਪ) ਵਲੋਂ ਤਿੰਨ ਲੋਕ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਫਤਹਿਗੜ੍ਹ ਸਾਹਿਬ (ਰਾਖਵਾਂ) ਤੋਂ ਬਲਜਿੰਦਰ ਸਿੰਘ ਚੌਂਦਾ ਅਤੇ ਗੁਰਦਾਸਪੁਰ ਹਲਕੇ ਤੋਂ ਪੀਟਰ ਮਸੀਹ ਜੀਦਾ ਨੂੰ ਉਮੀਦਵਾਰ ਬਣਾਇਆ ਹੈ।
ਪਾਰਟੀ ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਦੀ ਇੱਥੇ ਪ੍ਰਿੰਸੀਪਲ ਬੁੱਧ ਰਾਮ ਦੀ ਚੇਅਰਮੈਨੀ ਹੇਠ ਕਰੀਬ ਦੋ ਘੰਟੇ ਚੱਲੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕੋਰ ਕਮੇਟੀ ਵਲੋਂ ਪਹਿਲਾਂ ਹੀ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਦੇ ਇਨ੍ਹਾਂ ਤਿੰਨਾਂ ਹਲਕਿਆਂ ਦੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਸੀ ਅਤੇ ਤਿੰਨੋਂ ਨਾਮ ਪ੍ਰਵਾਨਗੀ ਲਈ ਪਾਰਟੀ ਦੀ ਪੀਏਸੀ ਕੋਲ ਭੇਜੇ ਸਨ। ਪ੍ਰਵਾਨਗੀ ਮਿਲਣ ਤੋਂ ਬਾਅਦ ਐਤਵਾਰ ਨੂੰ ਤਿੰਨੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਪੰਜ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚ ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ, ਸੰਗਰੂਰ ਤੋਂ ਭਗਵੰਤ ਮਾਨ (ਖ਼ੁਦ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਹੁਸ਼ਿਆਰਪੁਰ ਤੋਂ ਰਵਜੋਤ ਸਿੰਘ ਸ਼ਾਮਲ ਹਨ। ਮਾਨ ਨੇ ਕਿਹਾ ਕਿ ਬਾਕੀ ਰਹਿੰਦੇ ਪੰਜ ਲੋਕ ਸਭਾ ਹਲਕਿਆਂ ਬਠਿੰਡਾ, ਲੁਧਿਆਣਾ, ਖਡੂਰ ਸਾਹਿਬ, ਫਿਰੋਜ਼ਪੁਰ ਅਤੇ ਪਟਿਆਲਾ ਤੋਂ ਉਮੀਦਵਾਰਾਂ ਦਾ ਐਲਾਨ ਦੋ/ਚਾਰ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰਹਿੰਦੇ ਪੰਜ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦੇ ਨਾਵਾਂ ਬਾਰੇ ਵਿਚਾਰ ਹੋ ਚੁੱਕਾ ਹੈ।ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕਰੀਬ ਦੋ ਘੰਟੇ ਚੱਲੀ, ਜਿਸ ਵਿੱਚ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪ੍ਰੋ. ਸਾਧੂ ਸਿੰਘ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਆਦਿ ਸ਼ਾਮਲ ਸਨ।
‘ਆਪ’ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਦਾ ਵਿਰੋਧ ਹੋਇਆ ਸ਼ੁਰੂ
ਜਲੰਧਰ ਤੋਂ ਟਿਕਟ ਦੇ ਦਾਅਵੇਦਾਰ ਡਾ. ਸ਼ਿਵਦਿਆਲ ਹੋਏ ਨਰਾਜ਼
ਜਲੰਧਰ : ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਸੇਵਾਮੁਕਤ ਜਸਟਿਸ ਜੋਰਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਅਤੇ ਨਾਲ ਹੀ ਇਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਜਲੰਧਰ ਤੋਂ ਟਿਕਟ ਦੇ ਦਾਅਵੇਦਾਰ ਡਾ. ਸ਼ਿਵ ਦਿਆਲ ਵੀ ਇਸ ਨੂੰ ਲੈ ਕੇ ਕਾਫੀ ਖਫਾ ਹਨ। ਸ਼ਿਵ ਦਿਆਲ ਦਾ ਮੰਨਣਾ ਹੈ ਕਿ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਬਣਾ ਕੇ ਪਾਰਟੀ ਵਰਕਰਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਸੀਨੀਅਰ ਆਗੂਆਂ ਨੇ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਜਲੰਧਰ ਲੋਕ ਸਭਾ ਹਲਕੇ ਤੋਂ ਕੀਤੀ ਸੀ, ਜਦੋਂ ਕਿ ਟਿਕਟ ਜਸਟਿਸ ਜ਼ੋਰਾ ਸਿੰਘ ਨੂੰ ਦੇ ਦਿੱਤੀ ਗਈ। ਧਿਆਨ ਰਹੇ ਕਿ ਜ਼ੋਰਾ ਸਿੰਘ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ।
ਦਰਬਾਰਾ ਸਿੰਘ ਗੁਰੂ ਫ਼ਤਹਿਗੜ੍ਹ ਸਾਹਿਬ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਅਗਾਮੀ ਲੋਕ ਸਭਾ ਚੋਣਾਂ ਲਈ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸੇਵਾ-ਮੁਕਤ ਆਈ. ਏ. ਐੱਸ. ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਦੇਣ ਦਾ ਫ਼ੈਸਲਾ ਲਗਪਗ ਹੋ ਚੁੱਕਾ ਹੈ ਅਤੇ ਹੁਣ ਕੇਵਲ ਰਸਮੀ ਐਲਾਨ ਹੀ ਬਾਕੀ ਰਹਿ ਗਿਆ ਹੈ। ਕੋਰ ਕਮੇਟੀ ਵਲੋਂ ਦਰਬਾਰਾ ਸਿੰਘ ਗੁਰੂ ਦੇ ਨਾਮ ਨੂੰ ਸਹਿਮਤੀ ਦੇ ਵੀ ਦਿੱਤੀ ਗਈ ਹੈ ਕਿਉਂਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਇਹ ਵਿਚਾਰ ਰੱਖਦੇ ਹਨ ਕਿ ਫ਼ਤਹਿਗੜ੍ਹ ਸਾਹਿਬ ਤੋਂ ਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤ ਉਮੀਦਵਾਰ ਹਨ। ਭਾਵੇਂ ਇਸ ਤੋਂ ਪਹਿਲਾਂ ਕਰਨ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਬਿਕਰਮ ਸਿੰਘ ਖ਼ਾਲਸਾ ਅਤੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੇ ਨਾਵਾਂ ਤੋਂ ਇਲਾਵਾ ਪਾਤੜਾਂ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਾਮ ਵੀ ਖੂਬ ਚਰਚਾ ਵਿਚ ਰਹੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਦਰਬਾਰਾ ਸਿੰਘ ਗੁਰੂ ਦਾ ਸਥਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ਵਾਸ ਪਾਤਰਾਂ ਵਿਚ ਸਭ ਤੋਂ ਸਿਖਰ ‘ਤੇ ਆਉਂਦਾ ઠਹੈ। ਇਸ ਬਾਰੇ ਜਦੋਂ ਗੁਰੂ ਨਾਲ ਸਹਿਮਤੀ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਪਰਵਾਨ ਕਰਨ ਲਈ ਤਿਆਰ ਬਰ ਤਿਆਰ ਹਨ।
ਸੁਖਬੀਰ ਸਿੰਘ ਬਾਦਲ ਵਲੋਂ ਫ਼ਿਰੋਜ਼ਪੁਰ ਤੋਂ ਚੋਣ ਲੜਨ ਦੀ ਤਿਆਰੀ
ਜਲੰਧਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਚੋਣ ਲੜਨ ਲਈ ਤਿਆਰੀ ਖਿੱਚ ਰਹੇ ਹਨ। ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਹਲਕੇ ਤੋਂ ਹੀ ਮੈਦਾਨ ਵਿਚ ਉਤਰਨ ਨੂੰ ਪ੍ਰਵਾਨਗੀ ਮਿਲ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਵਲੋਂ ਕਈ ਦਿਨ ਦੀ ਮੱਥਾ ਪੋਚੀ ਤੋਂ ਬਾਅਦ ਇਕ ਵਾਰ ਫ਼ਿਰੋਜ਼ਪੁਰ ਤੋਂ ਮੈਦਾਨ ਵਿਚ ਉਤਰਨ ਦਾ ਮਨ ਬਣਾ ਲਿਆ ਹੈ। ਦੱਸਿਆ ਜਾਂਦਾ ਹੈ ਕਿ ਬਾਦਲ ਦੇ ਨੇੜਲੇ ਹਲਕਿਆਂ ਦਾ ਵਿਚਾਰ ਹੈ ਕਿ ਸੀਨੀਅਰ ਲੀਡਰਸ਼ਿਪ ਨੂੰ ਚੋਣ ਮੈਦਾਨ ਵਿਚ ਝੋਕ ਕੇ ਪੰਜਾਬ ਦਾ ਚੋਣ ਦ੍ਰਿਸ਼ ਬਦਲਿਆ ਜਾ ਸਕਦਾ ਹੈ। ਉਹ ਇਸ ਵਿਚਾਰ ਦੇ ਹਨ ਕਿ ਸੁਖਬੀਰ ਸਿੰਘ ਬਾਦਲ ਦੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਬਣਨ ਨਾਲ ਹਲਕੇ ਦਾ ਤਵਾਜ਼ਨ ਇਕਦਮ ਦਲ ਦੇ ਹੱਕ ਵਿਚ ਹੋ ਜਾਵੇਗਾ। ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਜਲਾਲਾਬਾਦ ਵਿਧਾਨ ਸਭਾ ਖੇਤਰ ਤੋਂ ਸੁਖਬੀਰ ਸਿੰਘ ਬਾਦਲ ਪਹਿਲਾਂ ਤਿੰਨ ਵਾਰ ਵੱਡੇ ਫ਼ਰਕ ਨਾਲ ਜਿੱਤਦੇ ਆ ਰਹੇ ਹਨ। ਪਾਰਟੀ ਵਲੋਂ ਬਠਿੰਡਾ ਤੇ ਫ਼ਿਰੋਜ਼ਪੁਰ ਹਲਕਿਆਂ ਦੇ ਕਰਵਾਏ ਵੱਖ-ਵੱਖ ਸਰਵੇਖਣਾਂ ਵਿਚ ਵੀ ਅਕਾਲੀ ਦਲ ਦਾ ਹੱਥ ਉਪਰ ਦੱ ਸਿਆ ਗਿਆ ਹੈ। ਬਠਿੰਡਾ ਹਲਕੇ ਤੋਂ ਜਿੱਤ ਦੀ ਆਸ ਨਾਲ ਬਾਦਲ ਪਰਿਵਾਰ ਨੇ ਹਰਸਿਮਰਤ ਕੌਰ ਨੂੰ ਇਸੇ ਹਲਕੇ ਤੋਂ ਮੁੜ ਉਮੀਦਵਾਰ ਬਣਾਏ ਜਾਣ ਦਾ ਫ਼ੈਸਲਾ ਕੀਤਾ ਹੈ। ਉਹ ਇਸ ਹਲਕੇ ਤੋਂ 2009 ਤੇ 2014 ਵਿਚ ਦੋ ਵਾਰ ਚੋਣਾਂ ਜਿੱਤ ਚੁੱਕੇ ਹਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …