ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਟਵਿੱਟਰ ਖਾਤੇ ਰੋਕੇ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨਾਲ ਟਵਿੱਟਰ ‘ਤੇ ਜੁੜੇ ਖਾਤੇ ਵੀ ਰੋਕ ਦਿੱਤੇ ਗਏ ਹਨ। ਮੋਰਚੇ ਦੇ ਆਈਟੀ ਸੈੱਲ ਨੂੰ ਦੇਖ ਰਹੇ ਬਲਜੀਤ ਸਿੰਘ ਨੇ ਵਾਇਸ ਸੁਨੇਹੇ ਰਾਹੀਂ ਟਵਿੱਟਰ ਵੱਲੋਂ ਪੁੱਟੇ ਗਏ ਇਸ ਕਦਮ ਬਾਰੇ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋਂ 7 ਵਜੇ ਰੋਜ਼ਾਨਾ ਹੈਸ਼ਟੈਗ ਚਲਾਇਆ ਜਾਂਦਾ ਸੀ ਜਿਸ ਨੂੰ ਭਾਰਤ ਸਮੇਤ ਹੋਰ ਮੁਲਕਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਸੀ। ਬਲਜੀਤ ਸਿੰਘ ਨੇ ਕਿਹਾ ਕਿ ਉਹ ਕੁਝ ਵੀ ਗ਼ਲਤ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਈਟੀ ਟੀਮ ਵੱਲੋਂ ਸਿਰਫ਼ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਾਤਿਆਂ ਦੇ 2 ਲੱਖ ਦੇ ਕਰੀਬ ਫਾਲੋ ਕਰਨ ਵਾਲੇ ਸਨ। ਉਨ੍ਹਾਂ ਵਿਅਕਤੀਆਂ ਦੇ ਖਾਤੇ ਵੀ ਰੋਕੇ ਜਾ ਰਹੇ ਹਨ ਜੋ ਮੋਰਚੇ ਦੇ ਸਮਰਥਕ ਹਨ ਜਾਂ ਮਦਦ ਕਰ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਟਵਿੱਟਰ ਤੋਂ ਇਸ ਬਾਬਤ ਸਵਾਲ ਜ਼ਰੂਰ ਕਰਨ ਕਿ ਖਾਤੇ ਕਿਉਂ ਰੋਕੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਟਵਿੱਟਰ ਅਕਾਊਂਟ ਮੁਅੱਤਲ ਕਰਨ ਦੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਮੋਦੀ ਸਰਕਾਰ ਦੀ ਬੁਖ਼ਲਾਹਟ ਕਰਾਰ ਦਿੱਤਾ ਹੈ। ਸੂਤਰਾਂ ਅਨੁਸਾਰ ਸਰਕਾਰ ਦੇ ਕਹਿਣ ‘ਤੇ ਟਵਿੱਟਰ ਨੇ ਕਈ ਖਾਤੇ ਬੰਦ ਕਰ ਦਿੱਤੇ ਹਨ। ਸਰਕਾਰ ਨੇ ਟਵਿੱਟਰ ਨੂੰ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ‘ਗਲਤ ਤੇ ਭੜਕਾਊ’ ਸਮੱਗਰੀ ਵਾਲੀਆਂ ਪੋਸਟਾਂ ਪਾਉਣ ਵਾਲੇ 250 ਖਾਤਾ ਧਾਰਕਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ। ਇਕ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਅਧਿਕਾਰਤ ਸ਼ਖ਼ਸੀਅਤ ਤੋਂ ਸਹੀ ਤਰੀਕੇ ਨਾਲ ਦਰਖ਼ਾਸਤ ਆਉਂਦੀ ਹੈ ਤਾਂ ਇਕ ਵਿਸ਼ੇਸ਼ ਦੇਸ਼ ‘ਚ ਸਮੇਂ-ਸਮੇਂ ‘ਤੇ ਕੁਝ ਸਮੱਗਰੀ ਨੂੰ ਰੋਕਣਾ ਜ਼ਰੂਰੀ ਹੋ ਸਕਦਾ ਹੈ।
Check Also
ਸੀਐਮ ਭਗਵੰਤ ਮਾਨ ਨੇ ਗਿਆਨੀ ਰਘਬੀਰ ਸਿੰਘ ਨਾਲ ਹੋਏ ਦੁਰਵਿਹਾਰ ਦੀ ਕੀਤੀ ਨਿੰਦਾ
ਕੇਂਦਰ ਸਰਕਾਰ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਅਕਾਲ ਤਖਤ ਸਾਹਿਬ ਦੇ …