ਕਰੋਨਾ ਦੇ ਚੱਲਦਿਆਂ ਬੀਐਸਐਫ ਵਲੋਂ ਕਲੋਜਿੰਗ ਦਾ ਫੈਸਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾ ਦੀ ਤੀਜੀ ਲਹਿਰ ਆਉਣ ਤੋਂ ਬਾਅਦ ਲੌਕਡਾਊਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪੰਜਾਬ ਵਿਚ ਸਕੂਲ-ਕਾਲਜ ਬੰਦ ਹੋ ਚੁੱਕੇ ਹਨ ਅਤੇ ਦੋ ਡੋਜ਼ ਲਗਾਉਣ ਵਾਲਿਆਂ ਨੂੰ ਹੀ ਜਨਤਕ ਥਾਵਾਂ ‘ਤੇ ਜਾਣ ਦੀ ਆਗਿਆ ਹੈ। ਇਸੇ ਦੌਰਾਨ ਬੀਐਸਐਫ ਨੇ ਅਟਾਰੀ-ਵਾਘਾ ਸਰਹੱਦ ‘ਤੇ ਹੁੰਦੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਬੀਐਸਐਫ ਵਲੋਂ 94 ਦਿਨਾਂ ਬਾਅਦ ਰਿਟਰੀਟ ਸੈਰੇਮਨੀ ‘ਚ ਆਮ ਜਨਤਾ ਦੇ ਜਾਣ ‘ਤੇ ਫਿਰ ਰੋਕ ਲਗਾ ਦਿੱਤੀ ਗਈ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਕਰੋਨਾ ਕਰਕੇ ਹੀ ਮਾਰਚ 2020 ਵਿਚ ਰਿਟਰੀਟ ਸੈਰੇਮਨੀ ‘ਚ ਜਾਣ ਲਈ ਦਰਸ਼ਕਾਂ ‘ਤੇ ਰੋਕ ਲਗਾਈ ਗਈ ਸੀ ਅਤੇ ਫਿਰ ਇਸ ਨੂੰ 4 ਅਕਤੂਬਰ 2021 ਨੂੰ ਆਮ ਜਨਤਾ ਲਈ ਸ਼ੁਰੂ ਕੀਤਾ ਗਿਆ ਸੀ।
ਬੀਐਸਐਫ ਵਲੋਂ ਲਏ ਫੈਸਲੇ ਨੂੰ ਦੇਖਿਆ ਜਾਵੇ ਤਾਂ ਕਰੋਨਾ ਦਾ ਕਹਿਰ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਪੰਜਾਬ ਸਣੇ ਪੂਰੇ ਭਾਰਤ ਵਿਚ ਕਰੋਨਾ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਅਜਿਹਾ ਕਰਕੇ ਹੀ ਰਿਟਰੀਟ ਸੈਰੇਮਨੀ ‘ਚ ਜਾਣ ਲਈ ਦਰਸ਼ਕਾਂ ‘ਤੇ ਰੋਕ ਲਗਾਈ ਗਈ ਹੈ।
ਧਿਆਨ ਰਹੇ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਬੀਐਸਐਫ ਨੂੰ ਰਿਟਰੀਟ ਸੈਰੇਮਨੀ ਬਾਰੇ ਫੈਸਲਾ ਲੈਣ ਲਈ ਕਿਹਾ ਸੀ। ਡੀਸੀ ਅੰਮ੍ਰਿਤਸਰ ਵਲੋਂ ਬੀਐਸਐਫ ਨੂੰ ਦੋ ਔਪਸ਼ਨ ਦਿੱਤੇ ਗਏ ਸਨ। ਇਕ ਵਿਚ ਬੀਐਸਐਫ 700 ਵਿਅਕਤੀਆਂ ਦੇ ਨਾਲ ਰਿਟਰੀਟ ਸੈਰੇਮਨੀ ਜਾਰੀ ਰੱਖ ਸਕਦੀ ਸੀ ਅਤੇ ਦੂਜੇ ਔਪਸ਼ਨ ਵਿਚ ਬੀਐਸਐਫ ਗੈਲਰੀ ਦੀ ਸਮਰੱਥਾ ਮੁਤਾਬਕ 50 ਫੀਸਦੀ ਵਿਅਕਤੀਆਂ ਨਾਲ ਵੀ ਰਿਟਰੀਟ ਸੈਰੇਮਨੀ ਜਾਰੀ ਰੱਖਦੀ ਸੀ। ਪਰ ਬੀਐਸਐਫ ਨੇ ਇਸ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਰਿਟਰੀਟ ਸੈਰੇਮਨੀ ‘ਚ ਆਮ ਦਰਸ਼ਕਾਂ ‘ਤੇ ਰੋਕ ਹੀ ਲਗਾ ਦਿੱਤੀ ਹੈ।