ਐਨਕ ਟੁੱਟੀ, ਪਾਣੀ ਦਾ ਗਿਲਾਸ ਵੀ ਛਲਕਿਆ
ਅਕਾਲੀ-ਭਾਜਪਾ ਦੀ ਸਮੂਹ ਲੀਡਰਸ਼ਿਪ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਘਟਨਾ ਦੀ ਨਿੰਦਾ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੱਤਾ ਖੇੜਾ ਵਿੱਚ ਬੁੱਧਵਾਰ ਨੂੰ ਇਕ ਸਮਾਗਮ ਵਿਚ ਗੁਰਬਚਨ ਸਿੰਘ ਨਾਂ ਦੇ ਵਿਅਕਤੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁੱਤਾ ਮਾਰਿਆ। ਇਸ ਘਟਨਾ ਤੋਂ ਤੁਰੰਤ ਬਾਅਦ ਗੁਰਬਚਨ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਜੁੱਤਾ ਮਾਰਨ ਵਾਲਾ ਗੁਰਬਚਨ ਸਿੰਘ ਪੰਜਾਬ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਕਾਫੀ ਦੁਖੀ ਸੀ। ਇਨ੍ਹਾਂ ਮਾਮਲਿਆਂ ਦੇ ਲਗਾਤਾਰ ਸਾਹਮਣੇ ਆਉਣ ‘ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਚੱਲਦੇ ਰੋਸ ਵਜੋਂ ਉਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁੱਤਾ ਮਾਰਿਆ। ਪ੍ਰਕਾਸ਼ ਸਿੰਘ ਬਾਦਲ ਦੇ ਜੁੱਤਾ ਲੱਗਣ ਕਾਰਨ ਉਨ੍ਹਾਂ ਦੀ ਐਨਕ ਵੀ ਟੁੱਟ ਗਈ ਅਤੇ ਹੱਥ ਵਿਚ ਫੜਿਆ ਪਾਣੀ ਦਾ ਗਿਲਾਸ ਵੀ ਛਲਕ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਚੋਣਾਂ 4 ਫਰਵਰੀ ਨੂੰ ਹੋ ਰਹੀਆਂ ਹਨ। ਚੋਣ ਜ਼ਾਬਤਾ ਲੱਗਦੇ ਸਾਰ ਹੀ ਪਿੰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ। ਇਸ ਨੂੰ ਵੇਖਦਿਆਂ ਚੋਣ ਕਮਿਸ਼ਨ ਵੀ ਫਿਕਰਮੰਦ ਹੈ। ਚੋਣ ਕਮਿਸ਼ਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਮਾਗਮਾਂ ਵਿੱਚ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਐਤਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਵੀ ਪਥਰਾਅ ਹੋਇਆ ਸੀ।
ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੁੱਤਾ ਮਾਰਨ ਵਾਲੀ ਘਟਨਾ ਗਰਮ ਖਿਆਲੀਆਂ ਦੇ ਸਿਰ ਮੜ੍ਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੁੱਤਾ ਮਾਰਨ ਵਾਲਾ ਅਮਰੀਕ ਸਿੰਘ ਅਜਨਾਲਾ ਦਾ ਬੰਦਾ ਹੈ। ਬਾਦਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਦਲ ਨੇ ਇਹ ਵੀ ਕਿਹਾ ਕਿ ਹਮਲੇ ਵਿੱਚ ਉਨ੍ਹਾਂ ਦੀ ਐਨਕ ਨਹੀਂ ਟੁੱਟੀ। ਇਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੁੱਤਾ ਮਾਰਨ ਦੀ ਘਟਨਾ ਦੀ ਅਕਾਲੀ, ਭਾਜਪਾ ਦੀ ਸਮੂਹ ਲੀਡਰਸ਼ਿਪ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੁਰਜ਼ੋਰ ਨਿੰਦਾ ਕੀਤੀ ਹੈ।
Home / ਪੰਜਾਬ / ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਦੁਖੀ ਹੋ ਕੇ ਗੁਰਬਚਨ ਸਿੰਘ ਨਾਂ ਦੇ ਵਿਅਕਤੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਮਾਰਿਆ ਜੁੱਤਾ
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …