Breaking News
Home / ਪੰਜਾਬ / ਬਠਿੰਡਾ ਥਰਮਲ ਪਲਾਂਟ ਬੰਦ

ਬਠਿੰਡਾ ਥਰਮਲ ਪਲਾਂਟ ਬੰਦ

1 ਜਨਵਰੀ ਤੋਂ ਰੋਪੜ ਥਰਮਲ ਪਲਾਂਟ ਦੇਵੀ ਦੋ ਯੂਨਿਟ ਬੰਦ ਕਰਨ ਦਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਵਜ਼ਾਰਤ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਰੇ ਚਾਰੇ ਯੂਨਿਟਾਂ ઠਅਤੇ ਰੋਪੜ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ ਪਹਿਲੀ ਜਨਵਰੀ 2018 ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਪਲਾਂਟਾਂ ਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਨੂੰ ਨੇੜਲੀਆਂ ਥਾਵਾਂ ‘ਤੇ ਐਡਜਸਟ ਕੀਤਾ ਜਾਵੇਗਾ। ਵਜ਼ਾਰਤ ਨੇ ਵਾਤਾਵਰਨ ਅਤੇ ਮੌਸਮੀ ਤਬਦੀਲੀ ਬਾਰੇ ਡਾਇਰੈਕਟੋਰੇਟ ਬਣਾਉਣ ਅਤੇ ਡੀਟੀਐਚ ਤੇ ਕੇਬਲ ਕੁਨੈਕਸ਼ਨਾਂ ‘ਤੇ ਮਨੋਰੰਜਨ ਟੈਕਸ ਲਾਉਣ ਦਾ ਵੀ ਫੈਸਲਾ ਕੀਤਾ ਹੈ।
ਮੰਤਰੀ ਮੰਡਲ ਨੇ ਭਗਤ ਪੂਰਨ ਸਿੰਘ ਸਿਹਤ ਜੀਵਨ ਬੀਮਾ ਸਕੀਮ ਨੂੰ ਅਗਲੇ ਸਾਲ 31 ਮਾਰਚ ਤੱਕ ਵਧਾ ਦਿੱਤਾ। ਇਸ ਤੋਂ ਇਲਾਵਾ ਆਨਲਾਈਨ ਸੀਐਲਯੂ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਕਿਸਾਨ ਕਰਜ਼ੇ ਮੁਆਫ਼ੀ ਦੀ ਪਹਿਲੀ ਕਿਸ਼ਤ ਇਸ ਮਹੀਨੇ ਜਾਰੀ ਹੋਵੇਗੀ। ‘ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੀਬਿਲਟੀ ਇਨ ਡਿਲਵਰੀ ਆਫ ਪਬਲਿਕ ਆਰਡੀਨੈਂਸ 2017’ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਜੂਨੀਅਰ ਇੰਜਨੀਅਰਾਂ ਦੀਆਂ 200 ਆਸਾਮੀਆਂ ਭਰਨ ਲਈ ਸੇਵਾ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਨਾਲ ਵਿਭਾਗ ਸਿੱਧੀ ਭਰਤੀ ਕਰ ਸਕੇਗਾ।
ਵਜ਼ਾਰਤ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਜ਼ਾਰਤ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਤੇ ਰੋਪੜ ਦੇ ਥਰਮਲ ਪਲਾਂਟ ਆਪਣੀ ਮਿਆਦ ਪੁਗਾ ਚੁੱਕੇ ਹਨ। ਬਠਿੰਡਾ ਤੋਂ ਬਿਜਲੀ ਪੈਦਾ ਕਰਨੀ ਜ਼ਿਆਦਾ ਮਹਿੰਗੀ ਪੈਂਦੀ ਹੈ। ਸ਼ਾਨਨ ਪਲਾਂਟ ਤੋਂ ਢਾਈ ਰੁਪਏ ਯੂਨਿਟ ਜਦੋਂ ਕਿ ਬਠਿੰਡਾ ਪਲਾਂਟ ਤੋਂ ਸਾਢੇ ਗਿਆਰਾਂ ਰੁਪਏ ਯੂਨਿਟ ਬਿਜਲੀ ਪੈਂਦੀ ਹੈ। ਇਸ ਸਬੰਧੀ ਕੈਪਟਨ ਸਰਕਾਰ ਨੇ ਕੈਬਨਿਟ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਸੀ, ਜਿਸ ਵਿੱਚ ਵਿੱਤ ਮੰਤਰੀ ਤੋਂ ਇਲਾਵਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਉੱਚ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਸਨ। ਕਮੇਟੀ ਨੇ ਬਠਿੰਡਾ ਥਰਮਲ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ‘ਤੇ ਵਜ਼ਾਰਤ ਨੇ ਮੋਹਰ ਲਾ ਦਿੱਤੀ ਪਰ ਸਰਕਾਰ ਨੇ ਸਾਰੇ ਮੁਲਾਜ਼ਮਾਂ ਨੂੰ ਐਡਜਸਟ ਕਰਨ ਦਾ ਫੈਸਲਾ ਕੀਤਾ ਹੈ। ਬਠਿੰਡਾ ਦੇ ਬਹੁਤੇ ਮੁਲਾਜ਼ਮ ਲਹਿਰਾ ਮੁਹੱਬਤ ਪਲਾਂਟ ਵਿੱਚ ਭੇਜੇ ਜਾਣਗੇ ਤੇ ਹੋਰਾਂ ਨੂੰ ਟਰਾਂਸਮਿਸ਼ਨ ਤੇ ਵੰਡ ਵਿੱਚ ਲਾਇਆ ਜਾਵੇਗਾ। ਜੇ ਫਿਰ ਵੀ ਮੁਲਾਜ਼ਮ ਬਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਪਲਾਂਟਾਂ ਵਿੱਚ ਲਾਇਆ ਜਾਵੇਗਾ। ਵਜ਼ਾਰਤ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਗਲੇ ਸਾਲ 31 ਮਾਰਚ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਪਹਿਲੀ ਯੋਜਨਾ 31 ਅਕਤੂਬਰ ਨੂੰ ਖ਼ਤਮ ਹੋ ਗਈ ਸੀ। ਇਸ ਦੀ ਥਾਂ ਇਕ ਵਿਆਪਕ ਯੋਜਨਾ ਲਿਆਂਦੀ ਜਾਵੇਗੀ, ਜਿਸ ਤਹਿਤ ਸੂਬੇ ਦੇ ਸਾਰੇ ਲੋਕਾਂ ਦਾ ਬੀਮਾ ਕੀਤਾ ਜਾਵੇਗਾ।
ਕੈਪਟਨ ਸਰਕਾਰ ਨੇ ਸਨਅਤਾਂ ਨੂੰ ਅਗਲੇ ਸਾਲ ਪਹਿਲੀ ਜਨਵਰੀ ਤੋਂ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਮੇਂ ਦਾ ਅੱਧਾ ਬੋਝ 300-300 ਕਰੋੜ ਰੁਪਏ ਸਨਅਤਾਂ ਅਤੇ ਸਰਕਾਰ ਸਹਿਣ ਕਰੇਗੀ। ਇਸ ਫ਼ੈਸਲੇ ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਛੱਡ ਕੇ ਪੰਜਾਬ ਵਿੱਚ ਸਨਅਤਾਂ ਨੂੰ ਸਸਤੀ ਬਿਜਲੀ ਮਿਲਣ ਲੱਗੇਗੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸਰਕਾਰ ਇਸ ਮੰਤਵ ਲਈ 1500 ਕਰੋੜ ਰੁਪਏ ਦਾ ਪ੍ਰਬੰਧ ਕਰੇਗੀ।
ਥਰਮਲ ਪਲਾਂਟ ਮੁਲਾਜ਼ਮਾਂ ਨੇ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ
ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਬਠਿੰਡਾ ਤੇ ਰੋਪੜ ਦੇ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਖਿਲਾਫ ਮੁਲਾਜ਼ਮ ਡਟ ਗਏ ਹਨ। ਬਠਿੰਡਾ ਵਿੱਚ ਵੱਡੀ ਗਿਣਤੀ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਬਠਿੰਡਾ-ਗੰਗਾਨਗਰ ਹਾਈਵੇ ‘ਤੇ ਜਾਮ ਲਾ ਦਿੱਤਾ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ। ਮੁਲਾਜ਼ਮਾਂ ਨੇ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।ਚੇਤੇ ਰਹੇ ਕਿ ਪੰਜਾਬ ਕੈਬਨਿਟ ਨੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਸਾਰੇ ਚਾਰੇ ਯੂਨਿਟਾਂ ਤੇ ਰੋਪੜ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ ਪਹਿਲੀ ਜਨਵਰੀ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪਰ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਯੂਨਿਟਾਂ ਵਿੱਚ ਕੰਮ ਕਰਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਨੂੰ ਨੇੜਲੇ ਥਾਵਾਂ ‘ਤੇ ਤਬਦੀਲ ਕੀਤਾ ਜਾਏਗਾ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਸੰਘਰਸ਼ ਵਿੱਚ ਥਰਮਲ ਮੁਲਾਜ਼ਮਾਂ ਦਾ ਸਾਥ ਦਿੱਤਾ ਹੈ।

Check Also

ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ

  20 ਅਕਤੂਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਵਿਚ ਆਮ …