ਪੁਲਿਸ ਰਿਪੋਰਟ ’ਚ ਹੋਇਆ ਖੁਲਾਸਾ
ਫਰੀਦਕੋਟ/ਬਿਊਰੋ : ਪੰਜਾਬ ਦੀ ਜੇਲ੍ਹ ’ਚ ਬੰਦ ਰਹੇ ਉਤਰ ਪ੍ਰਦੇਸ਼ ਦੇ ਨਾਮੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ ਸਨ। ਇਸ ਸਬੰਧੀ ਖੁਲਾਸਾ ਪੰਜਾਬ ਪੁਲਿਸ ਦੀ ਰਿਪੋਰਟ ’ਚ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਮੁਖਤਾਰ ਅੰਸਾਰੀ ਨੇ ਵੀਵੀਆਈਪੀ ਸਹੂਲਤਾਂ ਲੈਣ ਦੇ ਲਈ ਪੁਲਿਸ ਅਧਿਕਾਰੀਆਂ ਨੂੰ ਰਿਸ਼ਵਤ ਵੀ ਦਿੱਤੀ ਸੀ। ਇਹ ਰਿਪੋਰਟ ਅੱਜ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਗਈ ਹੈ ਅਤੇ ਇਸ ਮਾਮਲੇ ਵਿਚ ਹੁਣ ਪੰਜਾਬ ਸਰਕਾਰ ਐਕਸ਼ਨ ਲੈਣ ਦੀ ਤਿਆਰੀ ਵਿਚ ਹੈ। ਧਿਆਨ ਰਹੇ ਕਿ ਮੁਖਤਾਰ ਅੰਸਾਰੀ ਪੰਜਾਬ ਦੀ ਰੂਪਨਗਰ ਜੇਲ੍ਹ ’ਚ ਜਨਵਰੀ 2019 ਤੋਂ ਅਪ੍ਰੈਲ 2021 ਤੱਕ ਬੰਦ ਰਿਹਾ ਸੀ। ਰਿਪੋਰਟ ਅਨੁਸਾਰ ਜੇਲ੍ਹ ’ਚ ਬੰਦ ਰਹਿਣ ਦੌਰਾਨ ਨਾ ਸਿਰਫ਼ ਉਸ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਬਲਕਿ ਜਿਸ ਮਾਮਲੇ ’ਚ ਪੰਜਾਬ ਪੁਲਿਸ ਉਸ ਨੂੰ ਟਰਾਂਜਿਟ ਰਿਮਾਂਡ ’ਤੇ ਪੰਜਾਬ ਲਿਆਈ ਸੀ, ਉਸ ਦਾ ਚਲਾਨ ਵੀ ਪੇਸ਼ ਨਹੀਂ ਕੀਤਾ ਗਿਆ। ਰਿਪੋਰਟ ’ਚ ਕਿਹਾ ਹੈ ਕਿ ਇਸ ਮਾਮਲੇ ’ਚ ਪੰਜਾਬ ਪੁਲਿਸ ਦੇ ਕੁੱਝ ਅਧਿਕਾਰੀ ਵੀ ਜ਼ਿੰਮੇਵਾਰ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਖਤਾਰ ਅੰਸਾਰੀ ਨੂੰ ਜੇਲ੍ਹ ਅੰਦਰ ਮਦਦ ਪਹੁੰਚਾਉਣ ਵਾਲੇ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਜਲਦੀ ਹੀ ਇਸ ਮਾਮਲੇ ’ਚ ਵੱਡੀ ਕਾਰਵਾਈ ਹੋ ਸਕਦੀ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …