ਨਸ਼ਿਆਂ ਦੇ ਮੁੱਦੇ ’ਤੇ ਦੋਵਾਂ ਆਗੂਆਂ ਨੇ ਮੁੱਖ ਮੰਤਰੀ ਨੂੰ ਘੇਰਿਆ
ਜਲੰਧਰ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਭੜਾਸ ਕੱਢੀ ਹੈ। ਸੁਨੀਲ ਜਾਖੜ ਨੇ ਪੰਜਾਬ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਅੱਜ ਦੀਆਂ ਸਰਕਾਰਾਂ ਚਾਦਰਾਂ ਵਿਛਾ ਕੇ ਬੈਠੀਆਂ ਹਨ ਅਤੇ ਕਹਿੰਦੀਆਂ ਹਨ ਕਿ ਪੈਸਾ ਸੁੱਟੋ ਅਤੇ ਆਪਣਾ ਕੰਮ ਕਰਵਾਓ। ਜਾਖੜ ਨੇ ਕਿਹਾ ਕਿ ਜੋ ਕੰਮ ਪਹਿਲਾਂ ਕਾਂਗਰਸ ਪਾਰਟੀ ਕਰਦੀ ਸੀ, ਉਹੀ ਕੰਮ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਜਾਖੜ ਨੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਨੂੰ ਲੈ ਕੇ ਵੀ ਸੂਬਾ ਸਰਕਾਰ ’ਤੇ ਸਵਾਲ ਚੁੱਕੇ ਹਨ। ਧਿਆਨ ਰਹੇ ਕਿ ਸੁਨੀਲ ਜਾਖੜ ਪਹਿਲਾਂ ਖੁਦ ਵੀ ਕਾਂਗਰਸ ਪਾਰਟੀ ਵਿਚ ਹੀ ਰਹੇ ਹਨ ਅਤੇ ਹੁਣ ਉਹ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਭਿ੍ਰਸ਼ਟਾਚਾਰ ਸਿਖਰਾਂ ’ਤੇ ਹੈ ਅਤੇ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾ ਸੰਭਵ ਨਹੀਂ ਹੈ। ਬਾਜਵਾ ਨੇ ਵੀ ਪੰਜਾਬ ਵਿਚ ਵਧ ਰਹੇ ਨਸ਼ਿਆਂ ਦਾ ਮੁੱਦਾ ਚੁੱਕਿਆ।