ਕਿਹਾ : ਸੂਬੇ ਭਰ ਵਿਚ ਇਕ ਸਾਲ ਦੌਰਾਨ ਕਰਵਾਏ ਜਾਣਗੇ 22 ਵਿਰਾਸਤੀ ਮੇਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਮਹੱਤਵ ਨੂੰ ਉਜਾਗਰ ਕਰਨ ਲਈ ਵਿਰਾਸਤੀ ਮੇਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਾਲ ਭਰ 22 ਮੇਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਘੀ ਮੇਲਾ, ਫ਼ਿਰੋਜ਼ਪੁਰ ਵਿੱਚ ਬਸੰਤ ਮੇਲਾ ਅਤੇ ਜਨਵਰੀ ਵਿਚ ਕਪੂਰਥਲਾ ਹੈਰੀਟੇਜ ਫੈਸਟੀਵਲ ਹੋਵੇਗਾ। ਇਸੇ ਤਰ੍ਹਾਂ ਲੁਧਿਆਣਾ ਵਿੱਚ ਕਿਲ੍ਹਾ ਰਾਏਪੁਰ ਦਿਹਾਤੀ ਓਲੰਪਿਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ‘ਚ ਵਿਰਾਸਤੀ ਮੇਲਾ ਅਤੇ ਵਿਸਾਖੀ ਮੇਲਾ, ਮਾਰਚ ‘ਚ ਪਟਿਆਲਾ ਹੈਰੀਟੇਜ ਫ਼ੈਸਟੀਵਲ ਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ, ਅਗਸਤ ਵਿੱਚ ਸੰਗਰੂਰ ‘ਚ ਤੀਆਂ ਦਾ ਮੇਲਾ, ਸਤੰਬਰ ਵਿੱਚ ਸ਼ਹੀਦ ਭਗਤ ਸਿੰਘ ਨਗਰ ‘ਚ ਇਨਕਲਾਬ ਫ਼ੈਸਟੀਵਲ, ਮਾਨਸਾ ਵਿੱਚ ਮਾਲਵਾ ਦੇ ਸਭਿਆਚਾਰ ਅਤੇ ਪਕਵਾਨਾਂ ਨੂੰ ਉਜਾਗਰ ਕਰਨ ਵਾਲਾ ਦੂਨ ਫੈਸਟੀਵਲ, ਫਾਜ਼ਿਲਕਾ ਵਿੱਚ ਪੰਜਾਬ ਹੈਂਡੀਕਰਾਫਟ ਫੈਸਟੀਵਲ, ਨਵੰਬਰ ਵਿੱਚ ਜਲੰਧਰ ‘ਚ ਘੋੜਸਵਾਰ ਮੇਲਾ, ਚੰਡੀਗੜ੍ਹ ਵਿੱਚ ਮਿਲਟਰੀ ਲਿਟਰੇਚਰ ਫ਼ੈਸਟੀਵਲ, ਪਠਾਨਕੋਟ ਵਿੱਚ ਦਰਿਆਵਾਂ ਦਾ ਮੇਲਾ, ਮਾਲੇਰਕੋਟਲਾ ‘ਚ ਸੂਫ਼ੀ ਫ਼ੈਸਟੀਵਲ ਆਦਿ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ ‘ਨਿਹੰਗ ਓਲੰਪਿਕ’ ਅਤੇ ਤਰਨ ਤਾਰਨ ਵਿਚ ‘ਦਾਰਾ ਸਿੰਘ ਛਿੰਝ ਓਲੰਪਿਕ’ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਪਹਿਲਾ ‘ਸਰਦਾਰ ਹਰੀ ਸਿੰਘ ਨਲਵਾ ਜੋਸ਼’ ਫ਼ੈਸਟੀਵਲ ਸ਼ੁਰੂ ਕੀਤਾ ਜਾਵੇਗਾ ਜੋ ਪੰਜਾਬੀਆਂ ਦੀ ਬਹਾਦਰੀ ਨੂੰ ਉਜਾਗਰ ਕਰੇਗਾ। ਜਨਵਰੀ ਵਿੱਚ ਅੰਮ੍ਰਿਤਸਰ ਵਿੱਚ ‘ਰੰਗਲਾ ਪੰਜਾਬ’ ਤਿਉਹਾਰ ਹੋਵੇਗਾ, ਜਿਸ ਵਿਚ ਪੰਜਾਬੀ ਸਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਇੱਕ ਥਾਂ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …