
ਏਆਈਜੀ ਵਰੁਣ ਸ਼ਰਮਾ ਨੂੰ ਬਣਾਇਆ ਗਿਆ ਸਿਟ ਦਾ ਨਵਾਂ ਮੁਖੀ
ਪਟਿਆਲਾ/ਬਿਊਰੋ ਨਿਊਜ਼
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ’ਚ ਜਾਂਚ ਢਿੱਲੀ ਰਫਤਾਰ ਨਾਲ ਅੱਗੇ ਵਧਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਅਤੇ ਉਸਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ। ਕਾਂਗਰਸ ਹਕੂਮਤ ਸਮੇਂ ਦਸੰਬਰ 2021 ਦੌਰਾਨ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਲਈ ਇਹ ਪੰਜਵੀਂ ਸਿੱਟ ਬਣਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡੀਆਈਜੀ ਐੱਚ.ਐੱਸ. ਭੁੱਲਰ ਦੀ ਥਾਂ ’ਤੇ ਏਆਈਜੀ (ਪ੍ਰੋਵਿਜ਼ਨਿੰਗ) ਵਰੁਣ ਸ਼ਰਮਾ, ਜੋ ਪਹਿਲਾਂ ਸਿੱਟ ਦੇ ਮੈਂਬਰ ਸਨ, ਨੂੰ ਸਿੱਟ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਜਦਕਿ ਤਰਨਤਾਰਨ ਦੇ ਐੱਸਐੱਸਪੀ ਅਭਿਮੰਨਿਊ ਰਾਣਾ ਅਤੇ ਐੱਸਪੀ (ਐੱਨ.ਆਰ.ਆਈ. ਮਾਮਲੇ, ਪਟਿਆਲਾ) ਗੁਰਬੰਸ ਸਿੰਘ ਬੈਂਸ ਨੂੰ ਉਸਦਾ ਮੈਂਬਰ ਬਣਾਇਆ ਗਿਆ ਹੈ। ਧਿਆਨ ਰਹੇ ਕਿ ਮਜੀਠੀਆ ਖਿਲਾਫ ਲੱਗੇ ਆਰੋਪਾਂ ਦੀ ਜਾਂਚ ਲਈ ਸਭ ਤੋਂ ਪਹਿਲਾਂ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਸਿੱਟ ਕਾਇਮ ਕੀਤੀ ਗਈ ਸੀ।