1990 ਬੈਚ ਦੇ ਆਈਏਐਸ ਅਧਿਕਾਰੀ ਹਨ ਵਿਜੇ ਕੁਮਾਰ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਵਿਜੇ ਕੁਮਾਰ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਬਣ ਸਕਦੇ ਹਨ। 1990 ਬੈਚ ਦੇ ਆਈਏਐਸ ਅਧਿਕਾਰੀ ਵੀ ਕੇ ਸਿੰਘ ਇਸ ਸਮੇਂ ਰੱਖਿਆ ਮੰਤਰਾਲੇ ’ਚ ਸਕੱਤਰ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਸਾਬਕਾ ਫੌਜੀਆਂ ਦਾ ਵਿਭਾਗ ਦੇਖਿਆ ਜਾਂਦਾ ਹੈ। ਧਿਆਨ ਰਹੇ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀਕੇ ਸਿੰਘ ਨੂੰ ਮੁੜ ਪੰਜਾਬ ਭੇਜਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ। ਜਿਸ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵੀਕੇ ਸਿੰਘ 2017 ਤੋਂ ਕੇਂਦਰੀ ਡੈਪੂਟੇਸ਼ਨ ’ਤੇ ਹਨ ਅਤੇ ਉਹ ਮੌਜੂਦਾ ਸਮੇਂ ’ਚ ਵਿਨੀ ਮਹਾਜਨ ਤੋਂ ਬਾਅਦ ਸਭ ਤੋਂ ਸੀਨੀਅਰ ਆਈਏਐਸ ਅਧਿਕਾਰੀ ਹਨ। ਜਦਕਿ ਮੁੱਖ ਸਕੱਤਰ ਦਾ ਅਹੁਦਾ ਇਸ ਸਮੇਂ 1993 ਬੈਚ ਦੇ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਕੋਲ ਹੈ। ਵੀ ਕੇ ਸਿੰਘ ਨੂੰ ਜਿੱਥੇ ਪੰਜਾਬ ’ਚ ਮਹੱਤਵਪੂਰਨ ਅਹੁਦਾ ਮਿਲਣ ਦੀ ਸੰਭਾਵਨਾ ਹੈ। ਉਥੇ ਹੀ ਮੁੱਖ ਮੰਤਰੀ ਦੇ ਪਿ੍ਰੰਸੀਪਲ ਸੈਕਟਰੀ ਦੀ ਪੋਸਟ ਵੀ ਲੰਘੀ 31 ਜੁਲਾਈ ਤੋਂ ਬਾਅਦ ਖਾਲੀ ਪਈ ਹੈ। ਏ ਵੇਣੂ ਪ੍ਰਸਾਦ ਦੇ ਰਿਟਾਇਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਅਹੁਦੇ ’ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਵੀ ਕੇ ਸਿੰਘ ਨੂੰ ਪਿ੍ਰੰਸੀਪਲ ਸੈਕਟਰੀ ਬਣਾਉਣ ਲਈ ਹੀ ਵਾਪਸ ਬੁਲਾਇਆ ਗਿਆ ਹੈ।