ਲੁਧਿਆਣਾ/ਬਿਊਰੋ ਨਿਊਜ਼ : ਬਹੁਚਰਚਿਤ ਸੀਟ ਲੁਧਿਆਣਾ ‘ਚ ਕਾਂਗਰਸ ਦੀ ਧੜੇਬੰਦੀ ਖਤਮ ਕਰਨ ਲਈ ਆਖਰਕਾਰ ਪੰਜਾਬ ਕਾਂਗਰਸ ਨੇ ਆਪਣੇ ਹੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ‘ਚ ਉਤਾਰ ਕੇ ਪੂਰੀ ਤਾਕਤ ਲਾ ਦਿੱਤੀ ਹੈ। ਹਾਲਾਂਕਿ ਲੁਧਿਆਣਾ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਲਈ ਰਸਤਾ ਸੌਖਾ ਨਹੀਂ ਹੈ। ਲੁਧਿਆਣਾ ਆਉਂਦੇ ਹੀ ਰਾਜਾ ਵੜਿੰਗ ਨੂੰ ਸਭ ਤੋਂ ਪਹਿਲਾਂ ਇੱਥੇਂ ਚੱਲ ਰਹੀ ਧੜੇਬੰਦੀ ਨੂੰ ਰੋਕਣਾ ਵੱਡੀ ਚੁਣੌਤੀ ਹੋਵੇਗਾ। ਇਸ ਦੇ ਨਾਲ ਨਾਲ ਪਾਰਟੀ ਨੂੰ ਛੱਡ ਕੇ ਹੋਰਾਂ ਪਾਰਟੀਆਂ ‘ਚ ਜਾ ਰਹੇ ਵਰਕਰਾਂ ਅਤੇ ਆਗੂਆਂ ਨੂੰ ਰੋਕਣ ਲਈ ਵੀ ਰਾਜਾ ਵੜਿੰਗ ਨੂੰ ਕੰਮ ਕਰਨਾ ਪਵੇਗਾ। ਜੇ ਉਹ ਇੱਥੇ ਧੜੇਬੰਦੀ ਨੂੰ ਖਤਮ ਕਰਨ ‘ਚ ਸਫ਼ਲ ਹੋ ਗਏ ਤਾਂ ਉਨ੍ਹਾਂ ਨੂੰ ਇੱਥੋਂ ਚੰਗਾ ਹੁੰਗਾਰਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਬਾਹਰੀ ਉਮੀਦਵਾਰ ਹੋਣ ਕਾਰਨ ਵਿਰੋਧ ਵੀ ਸਹਿਣਾ ਪਵੇਗਾ।
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਉਮੀਦਵਾਰ ਬਣਨ ਮਗਰੋਂ ਇੱਥੇ ਕਾਂਗਰਸ ਦੀ ਧੜੇਬੰਦੀ ਸਾਫ਼ ਦੇਖਣ ਨੂੰ ਮਿਲੀ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾਅਵੇਦਾਰਾਂ ‘ਚੋਂ ਇੱਕ ਸਨ ਪਰ ਧੜੇਬੰਦੀ ਤੇ ਆਸ਼ੂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ। ਸਾਬਕਾ ਮੰਤਰੀ ਪਾਂਡੇ ਅਤੇ ਸੁਰਿੰਦਰ ਡਾਬਰ ਇੱਕ ਧੜੇ ‘ਚ ਹੋ ਗਏ ਅਤੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਨੇ ਆਪਣਾ ਰਾਹ ਵੱਖ ਕਰ ਲਿਆ ਸੀ।
ਜਦੋਂ ਕਿ ਆਸ਼ੂ ਸਾਥੀਆਂ ਨਾਲ ਚੋਣਾਂ ਸਬੰਧੀ ਮੀਟਿੰਗਾਂ ਕਰ ਰਹੇ ਸਨ ਤਾਂ ਹਾਈਕਮਾਂਡ ਕੋਲ ਸਾਫ਼ ਤੌਰ ‘ਤੇ ਸੁਨੇਹਾ ਗਿਆ ਕਿ ਧੜੇਬੰਦੀ ਇਸ ਸਮੇਂ ਕਾਂਗਰਸ ‘ਚ ਸਿਖਰਾਂ ‘ਤੇ ਹੈ। ਕਾਂਗਰਸ ਹਾਈਕਮਾਂਡ ਵੱਲੋਂ ਉਸ ਧੜੇਬੰਦੀ ‘ਤੇ ਲਗਾਮ ਲਾਉਣ ਲਈ ਰਾਜਾ ਵੜਿੰਗ ਨੂੰ ਉਤਾਰਨਾ ਪਿਆ।
ਪੰਜਾਬ ਕਾਂਗਰਸ ਪ੍ਰਧਾਨ ਨੂੰ ਮਿਲ ਸਕਦਾ ਹੈ ਫਾਇਦਾ
ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਸੂਬਾ ਪ੍ਰਧਾਨ ਨੂੰ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਉਣ ਦਾ ਫਾਇਦਾ ਜ਼ਰੂਰ ਮਿਲ ਸਕਦਾ ਹੈ। ਲੁਧਿਆਣਾ ‘ਚ ਚੱਲ ਰਹੀ ਧੜੇਬੰਦੀ ਤੇ ਕਾਂਗਰਸੀ ਵਰਕਰਾਂ ਵੱਲੋਂ ਲਗਾਤਾਰ ਟੁੱਟ ਕੇ ਦੂਸਰੀਆਂ ਪਾਰਟੀਆਂ ‘ਚ ਜਾਣਾ ਕਾਂਗਰਸ ਲਈ ਨੁਕਸਾਨਦਾਇਕ ਹੋ ਰਿਹਾ ਸੀ ਜਿਸ ਲਈ ਕਾਂਗਰਸ ਨੇ ਪੰਜਾਬ ਪ੍ਰਧਾਨ ਨੂੰ ਮੈਦਾਨ ‘ਚ ਉਤਾਰਿਆ।
ਆਸ਼ੂ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵਿਰੋਧ
ਪੰਜਾਬ ਕਾਂਗਰਸ ਵੱਲੋਂ ਜਿਵੇਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਹੋਇਆ ਤਾਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਸਮਰਥਕਾਂ ਨੇ ਸਿੱਧੇ ਤੌਰ ‘ਤੇ ਵਿਰੋਧ ਸ਼ੁਰੂ ਕਰ ਦਿੱਤਾ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮਰਥਕਾਂ ਨੂੰ ਪੂਰੀ ਉਮੀਦ ਸੀ ਕਿ ਪਾਰਟੀ ਭਾਰਤ ਭੂਸ਼ਨ ਆਸ਼ੂ ਨੂੰ ਬਿੱਟੂ ਖਿਲਾਫ਼ ਉਮੀਦਵਾਰ ਬਣਾਏਗੀ ਪਰ ਪਾਰਟੀ ਨੇ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨ ਦਿੱਤਾ ਜਿਸ ਤੋਂ ਬਾਅਦ ਆਸ਼ੂ ਸਮਰਥਕਾਂ ਨੇ ਸਿੱਧੇ ਤੌਰ ‘ਤੇ ਲਿਖ ਦਿੱਤਾ ਕਿ ਬਾਹਰੀ ਉਮੀਦਵਾਰ ਨੂੰ ਉਹ ਸਹਿਯੋਗ ਨਹੀਂ ਕਰਨਗੇ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …